ਕੁਝ ਵਿਦਿਆਰਥੀਆਂ ਨੇ ਨਾਮ ਨਾ ਦੱਸਣ ਦੀ ਸ਼ਰਤ ਤੇ ਦੱਸਿਆ ਕਿ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਨੂੰ ਸਕੂਲ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ ਗੇਟ ਟੱਪ ਕੇ ਸਕੂਲ ਅੰਦਰ ਦਾਖਲ ਹੋਣਾ ਪਿਆ।

ਰਵੀ, ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਦੇ ਦੁੱਗਰੀ ਇਲਾਕੇ ਵਿੱਚ ਪੈਂਦੇ ਐਮਜੀਐਮ ਪਬਲਿਕ ਸਕੂਲ ਦੇ ਬਾਹਰ ਸੋਮਵਾਰ ਨੂੰ ਅਧਿਆਪਕਾਂ ਵੱਲੋਂ ਜੋਰਦਾਰ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਸਕੂਲ ਪ੍ਰਬੰਧਕਾਂ ਵੱਲੋਂ 12 ਅਧਿਆਪਕਾਂ ਨੂੰ ਮੁਅਤਲ ਕੀਤਾ ਗਿਆ ਹੈ ਜਿਸ ਕਰਕੇ ਅਧਿਆਪਕਾਂ ਵੱਲੋਂ ਸਕੂਲ ਪ੍ਰਬੰਧਕਾਂ ਤੇ ਦੋਸ਼ ਲਗਾਇਆ ਗਿਆ ਹੈ ਕਿ ਉਨਾਂ ਨੂੰ ਬਿਨਾਂ ਕਿਸੇ ਨੋਟਿਸ ਦਿੱਤੇ ਸਕੂਲ ਪ੍ਰਬੰਧਕਾਂ ਦੁਆਰਾ ਮੁਅੱਤਲ ਕਰ ਦਿੱਤਾ ਗਿਆ। ਸਕੂਲ ਵਿੱਚ ਅਧਿਆਪਕਾਂ ਦੇ ਨਾਲ ਨਾਲ ਵਿਦਿਆਰਥੀਆਂ ਨੇ ਵੀ ਰੋਸ਼ ਪ੍ਰਦਰਸ਼ਨ ਕੀਤਾ। ਸਕੂਲ ਪ੍ਰਬੰਧਕਾਂ ਨੇ ਮੁਅੱਤਲ ਅਧਿਆਪਕਾਂ ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਅਧਿਆਪਕਾਂ ਦੁਆਰਾ ਕੁਝ ਬੱਚਿਆਂ ਨੂੰ ਵੀ ਵਰਗਲਾ ਕੇ ਆਪਣੇ ਪੱਖ ਵਿੱਚ ਕਰ ਲਿਆ ਹੈ। ਇੱਕ ਅਧਿਆਪਕਾ ਨੇ ਦੱਸਿਆ ਕਿ ਉਨਾਂ ਨੂੰ ਬਿਨਾਂ ਕੋਈ ਨੋਟਿਸ ਦਿੱਤੇ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਹਰ ਵਾਰ ਇਸੇ ਤਰ੍ਹਾਂ ਕਿਸੇ ਵੀ ਅਧਿਆਪਕ ਨੂੰ ਬਿਨਾਂ ਕੋਈ ਨੋਟਿਸ ਦਿੱਤੇ ਨੌਕਰੀ ਤੋਂ ਹਟਾ ਦਿੱਤਾ ਜਾਂਦਾ ਹੈ ਜੋ ਕਿ ਬੱਚਿਆਂ ਦੇ ਭਵਿੱਖ ਨਾਲ ਵੀ ਖਿਲਵਾੜ ਹੈ ਅਤੇ ਇੱਕ ਅਧਿਆਪਕ ਦੀ ਮਾਨਸਿਕਤਾ ਨਾਲ ਵੀ ਖਿਲਵਾੜ ਹੈ। ਅਧਿਆਪਕਾਂ ਨੇ ਕਿਹਾ ਕਿ ਪ੍ਰੀਖਿਆਵਾਂ ਨੇੜੇ ਹਨ ਅਤੇ ਇਸ ਗੱਲ ਦਾ ਸਕੂਲ ਪ੍ਰਬੰਧਕਾਂ ਤੇ ਕੋਈ ਵੀ ਅਸਰ ਨਹੀਂ ਹੈ। ਉਨ੍ਹਾਂ ਕਿਹਾ ਕਿ ਬੱਚੇ ਅਤੇ ਬੱਚਿਆਂ ਦੇ ਮਾਪੇ ਵੀ ਉਨਾਂ ਦੇ ਪੱਖ ਵਿੱਚ ਹਨ। ਅਧਿਆਪਕਾਂ ਨੂੰ ਸਕੂਲ ਵਿੱਚੋਂ ਨਾ ਕੱਢਿਆ ਜਾਵੇ ਇਸ ਕਰਕੇ ਬੱਚਿਆਂ ਨੇ ਵੀ ਅਧਿਆਪਕਾਂ ਨਾਲ ਰੋਸ਼ ਪ੍ਰਦਰਸ਼ਨ ਕੀਤਾ। ਅਧਿਆਪਕਾਂ ਵੱਲੋਂ ਵੀ ਜਿਲਾ ਸਿੱਖਿਆ ਵਿਭਾਗ ਨੂੰ ਇਸ ਮਾਮਲੇ ਵੱਲ ਧਿਆਨ ਦੇਣ ਲਈ ਕਿਹਾ ਗਿਆ ਹੈ।
ਵਿਦਿਆਰਥੀ ਵੀ ਅਧਿਆਪਕਾਂ ਦੇ ਪੱਖ ’ਚ
ਕੁਝ ਵਿਦਿਆਰਥੀਆਂ ਨੇ ਨਾਮ ਨਾ ਦੱਸਣ ਦੀ ਸ਼ਰਤ ਤੇ ਦੱਸਿਆ ਕਿ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਨੂੰ ਸਕੂਲ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ ਗੇਟ ਟੱਪ ਕੇ ਸਕੂਲ ਅੰਦਰ ਦਾਖਲ ਹੋਣਾ ਪਿਆ। ਵਿਦਿਆਰਥੀਆਂ ਨੇ ਵੀ ਅਧਿਆਪਕਾਂ ਦਾ ਪੱਖ ਲੈਂਦਿਆਂ ਕਿਹਾ ਕਿ ਜੇਕਰ ਮੁਅਤਲ ਕੀਤੇ ਗਏ ਅਧਿਆਪਕਾਂ ਨੂੰ ਪ੍ਰਬੰਧਕਾਂ ਵੱਲੋਂ ਨੌਕਰੀ ਤੇ ਵਾਪਸ ਨਹੀਂ ਲਿਆ ਗਿਆ ਤਾਂ ਪ੍ਰਦਰਸ਼ਨ ਮੁੜ ਦੁਬਾਰਾ ਵੀ ਕੀਤਾ ਜਾਵੇਗਾ।
ਐਮਜੀਐਮ ਸਕੂਲ ਦੇ ਡਾਇਰੈਕਟਰ ਗਜਿੰਦਰ ਸਿੰਘ ਦਾ ਕੀ ਕਹਿਣਾ
ਐਮਜੀਐਮ ਸਕੂਲ ਦੇ ਡਾਇਰੈਕਟਰ ਗਜਿੰਦਰ ਸਿੰਘ ਨੇ ਕਿਹਾ ਕਿ ਇਨਾਂਂ ਅਧਿਆਪਕਾਂ ਨੂੰ ਟਰਾਇਲ ਬੇਸ ਤੇ ਰੱਖਿਆ ਗਿਆ ਸੀ ਅਤੇ ਅਧਿਆਪਕਾਂ ਦਾ ਕੰਮ ਕਰਨ ਦਾ ਤਰੀਕਾ ਸਹੀ ਨਾ ਹੋਣ ਕਰਕੇ ਉਨਾਂ ਨੂੰ ਹੀ ਨੌਕਰੀ ਤੋਂ ਹਟਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਨੌਕਰੀ ਜੁਆਇਨ ਕਰਾਉਣ ਤੋਂ ਪਹਿਲਾਂ ਉਨਾਂ ਵੱਲੋਂ ਐਗਰੀਮੈਂਟ ਤੇ ਹਸਤਾਖਰ ਕਰਵਾਏ ਗਏ ਸਨ ਕਿ ਜੇਕਰ ਉਨਾਂ ਦਾ ਪੜਾਉਣ ਦਾ ਤਰੀਕਾ ਸਹੀ ਨਹੀਂ ਰਿਹਾ ਤਾਂ ਕਿਸੇ ਵੀ ਸਮੇਂ ਉਨ੍ਹਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਕੂਲ ਦਾ ਗੇਟ ਸਿਰਫ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਬੰਦ ਕੀਤਾ ਗਿਆ ਸੀ, ਨਾ ਕਿ ਵਿਦਿਆਰਥੀਆਂ ਨੂੰ ਰੋਕਣ ਲਈ। ਡਾਇਰੈਕਟਰ ਥਿੰਦ ਨੇ ਕਿਹਾ ਅਧਿਆਪਕਾਂ ਨਾਲ ਕੁੱਝ ਬਾਹਰੀ ਲੋਕਾਂ ਨੇ ਵੀ ਸਕੂਲ ’ਚ ਭੰਨ ਤੋੜ ਕੀਤੀ।
--