30 ਹਜ਼ਾਰ ਕੈਨੇਡੀਅਨ ਡਾਲਰ ਲੁੱਟਣ ਵਾਲੇ ਮੁਲਜ਼ਮ ਗ੍ਰਿਫ਼ਤਾਰ
ਵੈਸਟਰਨ ਯੂਨੀਅਨ ਦੇ ਮੁਲਾਜ਼ਮ ਕੋਲੋਂ 30 ਹਜਾਰ ਕੈਨੇਡੀਅਨ ਡਾਲਰ ਲੁੱਟਣ ਵਾਲੇ ਮੁਲਜਮ ਗ੍ਰਿਫਤਾਰ
Publish Date: Tue, 13 Jan 2026 09:08 PM (IST)
Updated Date: Wed, 14 Jan 2026 04:13 AM (IST)

2 ਪਿਸਤੌਲਾਂ, 12 ਕਾਰਤੂਸ, 30 ਹਜ਼ਾਰ ਕੈਨੇਡੀਅਨ ਡਾਲਰ ਤੇ ਵਾਰਦਾਤ ’ਚ ਵਰਤੀ ਗਈ ਇਨੋਵਾ ਗੱਡੀ ਬਰਾਮਦ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਮਨੀ ਐਕਸਚੇਂਜ ਦਾ ਕੰਮ ਕਰਨ ਵਾਲੇ ਇੱਕ ਕਾਰੋਬਾਰੀ ਦੇ ਮੁਲਾਜ਼ਮ ਨੂੰ ਨਿਸ਼ਾਨਾ ਬਣਾਉਂਦਿਆਂ ਹਥਿਆਰਾਂ ਨਾਲ ਲੈਸ ਕੁੱਝ ਵਿਅਕਤੀਆਂ ਨੇ ਉਸ ਕੋਲੋਂ 30 ਹਜ਼ਾਰ ਕੈਨੇਡੀਅਨ ਡਾਲਰ (ਲਗਭਗ 20 ਲੱਖ ਰੁਪਏ) ਲੁੱਟ ਲਏ ਸਨ। ਫਿਰੋਜ਼ਪੁਰ ਰੋਡ’ ਤੇ ਪੈਂਦੇ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਵਾਪਰੀ ਇਸ ਵਾਰਦਾਤ ਦੇ ਇੱਕ ਹਫਤੇ ਬਾਅਦ ਲੁਧਿਆਣਾ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 30 ਹਜ਼ਾਰ ਡਾਲਰ, ਇਨੋਵਾ ਗੱਡੀ, 2 ਪਿਸਤੌਲਾਂ ਤੇ ਕਾਰਤੂਸ ਬਰਾਮਦ ਕਰ ਲਏ ਹਨ। ਜਾਣਕਾਰੀ ਦਿੰਦਿਆਂ ਐਡੀਸ਼ਨਲ ਪੁਲਿਸ ਕਮਿਸ਼ਨਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਰਹਿਣ ਵਾਲੇ ਸਰਬਜੀਤ ਸਿੰਘ ਉਰਫ ਗੋਸਾ, ਅੰਮ੍ਰਿਤਸਰ ਦੇ ਪਿੰਡ ਸਠਿਆਲਾ ਦੇ ਰਹਿਣ ਵਾਲੇ ਹਰਜੀਤ ਸਿੰਘ, ਅੰਮ੍ਰਿਤਸਰ ਦੇ ਪਿੰਡ ਰਮਾਣਾ ਵਾਸੀ ਸਕੱਤਰ ਸਿੰਘ ਤੇ ਪਿੰਡ ਅਹਮਦਾਬਾਦ ਗੁਰਦਾਸਪੁਰ ਵਾਸੀ ਸਟੀਫਨ ਮਸੀਹ ਵਜੋਂ ਹੋਈ ਹੈ। ਲੁੱਟ ਦੀ ਇਹ ਵਾਰਦਾਤ 5 ਜਨਵਰੀ ਨੂੰ ਉਸ ਵੇਲੇ ਵਾਪਰੀ ਸੀ ਜਦੋਂ ਜਗਰਾਓਂ ਦੇ ਚੀਨਾ ਵੈਸਟਰਨ ਯੂਨੀਅਨ ਦਫਤਰ ਦਾ ਮੁਲਾਜ਼ਮ 30 ਹਜ਼ਾਰ ਡਾਲਰ ਲੈ ਕੇ ਲੁਧਿਆਣਾ ਆਇਆ ਸੀ। ਐਡੀਸ਼ਨਲ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮਾਂ ਦਾ ਸਾਥੀ ਪਿੰਡ ਜਬੋਵਾਲ ਅੰਮ੍ਰਿਤਸਰ ਦਾ ਰਹਿਣ ਵਾਲਾ ਜਸਪਾਲ ਸਿੰਘ ਅਜੇ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਹੈ। ਉਸ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਬਾਕਸ== ਇੰਝ ਵਾਪਰੀ ਸੀ ਵਾਰਦਾਤ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਜਗਰਾਓਂ ਦੇ ਰਹਿਣ ਵਾਲੇ ਨਿਤਿਨ ਗੋਇਲ ਨੇ ਦੱਸਿਆ ਕਿ ਉਸ ਨੇ ਲੁਧਿਆਣਾ ’ਚ ਆਪਣੇ ਦੋਸਤ ਦੀਵਾਕਰ ਨੂੰ 30 ਹਜ਼ਾਰ ਡਾਲਰ ਭੇਜਣੇ ਸਨ। ਕੈਨੇਡੀਅਨ ਡਾਲਰ ਭੇਜਣ ਲਈ ਉਸ ਨੇ ਆਪਣੇ ਡਰਾਈਵਰ ਰਵੀ ਨੂੰ ਨਕਦੀ ਬੈਗ ’ਚ ਪਾ ਕੇ ਬੱਸ ’ਚ ਬਿਠਾ ਦਿੱਤਾ। ਪੰਜ ਜਨਵਰੀ ਨੂੰ ਜਿਵੇਂ ਹੀ ਰਵੀ ਫਿਰੋਜ਼ਪੁਰ ਰੋਡ ’ਤੇ ਪੈਂਦੇ ਵੇਰਕਾ ਮਿਲਕ ਪਲਾਟ ਦੇ ਸਾਹਮਣੇ ਬੱਸੋਂ ਉਤਰਿਆ ਤਾਂ ਚਿੱਟੇ ਰੰਗ ਦੀ ਇਨੋਵਾ ਕਾਰ ’ਚ ਸਵਾਰ ਹੋ ਕੇ ਆਏ 5 ਵਿਅਕਤੀਆਂ ਨੇ ਰਵੀ ਕੋਲੋਂ ਡਾਲਰਾਂ ਵਾਲਾ ਬੈਗ ਖੋਹ ਲਿਆ ਤੇ ਆਪਣੀ ਇਨੋਵਾ ਕਾਰ ’ਚ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ। ਇਹ ਮਾਮਲਾ ਜਿਵੇਂ ਹੀ ਪੁਲਿਸ ਦੇ ਧਿਆਨ ’ਚ ਆਇਆ ਤਾਂ ਕ੍ਰਾਈਮ ਬਰਾਂਚ ਦੇ ਇੰਚਾਰਜ ਅਵਤਾਰ ਸਿੰਘ ਨੇ ਮਾਮਲੇ ਦੀ ਕਮਾਨ ਹੱਥ ’ਚ ਲਈ। ਥਾਣਾ ਸਰਾਭਾ ਨਗਰ ਦੇ ਅਧੀਨ ਆਉਂਦੀ ਚੌਕੀ ਰਘੁਨਾਥ ਇਨਕਲੇਵ ਦੇ ਇੰਚਾਰਜ ਅਸ਼ਵਨੀ ਕੁਮਾਰ ਵੀ ਮੌਕੇ ’ਤੇ ਪਹੁੰਚੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ। ਬਾਕਸ-- ਮੁਲਜ਼ਮਾਂ ਕੋਲੋਂ ਕੀਤੀ ਜਾ ਰਹੀ ਹੈ ਵਧੇਰੇ ਪੁੱਛਗਿਛ ਐਡੀਸ਼ਨਲ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਲਗਾਤਾਰ ਪੜਤਾਲ ਜਾਰੀ ਰੱਖੀ ਤੇ ਮੰਗਲਵਾਰ ਨੂੰ ਵਾਰਦਾਤ ਨੂੰ ਅੰਜਾਮ ਦੇਣ ਵਾਲੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੇ ਪੰਜਵੇਂ ਸਾਥੀ ਜਸਪਾਲ ਸਿੰਘ ਦੀ ਤਲਾਸ਼ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਸਰਬਜੀਤ ਸਿੰਘ ਖਿਲਾਫ ਲੁਧਿਆਣਾ ਦੇ ਥਾਣਾ ਡੇਹਲੋ ’ਚ ਅਸਲਾ ਐਕਟ, ਲੁੱਟ-ਖੋਹ ਦੇ ਦੋ, ਜਗਰਾਓਂ ’ਚ ਅਸਲਾ ਐਕਟ ਦਾ ਇੱਕ ਤੇ ਇਹ ਮੋਗਾ ਦੇ ਥਾਣਾ ਬੱਧਨੀ ਕਲਾਂ ’ਚ ਅਸਲਾ ਐਕਟ ਦਾ ਇੱਕ ਮੁਕੱਦਮਾ ਦਰਜ ਹੈ। ਪੁਲਿਸ ਮੁਤਾਬਕ ਇਸ ਮੁਲਜ਼ਮ ਖਿਲਾਫ ਕੁੱਲ 4 ਕੇਸ ਪਹਿਲਾਂ ਤੋਂ ਹੀ ਰਜਿਸਟਰਡ ਹਨ। ਐਡੀਸ਼ਨਲ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰ ਕੇ ਜਾਣਕਾਰੀਆਂ ਹਾਸਲ ਕਰੇਗੀ ਕਿ ਉਨ੍ਹਾਂ ਨੇ ਹੋਰ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ।