ਸੁਖਬੀਰ ਬਾਦਲ ਦੀ ਲਲਕਾਰ, ਲੋਕਤੰਤਰ ਦਾ ਕਤਲ ਕਰਨ ਵਾਲੇ SSP ਪਟਿਆਲਾ ਖ਼ਿਲਾਫ਼ ਪਰਚਾ ਦਰਜ ਕਰਾਉਣ ਲਈ ਵਰਤਾਂਗੇ ਹਰ ਹੀਲਾ
ਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇੱਥੇ ਕੋਆਰਡੀਨੇਟਰ ਯੂਥ ਅਕਾਲੀ ਦਲ ਮਾਲਵਾ ਜ਼ੋਨ ਪ੍ਰਭਜੋਤ ਸਿੰਘ ਧਾਲੀਵਾਲ ਦੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ’ਚ ਵਿਰੋਧੀਆਂ ਦੇ ਪੇਪਰ ਰੱਦ ਕਰਨ ਤੇ ਲੋਕਤੰਤਰ ਦਾ ਕਤਲ ਕਰਨ ਵਾਲੇ ਐੱਸਐੱਸਪੀ ਪਟਿਆਲਾ ਖ਼ਿਲਾਫ਼ ਪਰਚਾ ਦਰਜ ਕਰਵਾਉਣ ਲਈ ਅਕਾਲੀ ਦਲ ਹਰ ਹੀਲਾ ਵਰਤੇਗਾ।
Publish Date: Sat, 06 Dec 2025 10:10 AM (IST)
Updated Date: Sat, 06 Dec 2025 10:12 AM (IST)

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇੱਥੇ ਕੋਆਰਡੀਨੇਟਰ ਯੂਥ ਅਕਾਲੀ ਦਲ ਮਾਲਵਾ ਜ਼ੋਨ ਪ੍ਰਭਜੋਤ ਸਿੰਘ ਧਾਲੀਵਾਲ ਦੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ’ਚ ਵਿਰੋਧੀਆਂ ਦੇ ਪੇਪਰ ਰੱਦ ਕਰਨ ਤੇ ਲੋਕਤੰਤਰ ਦਾ ਕਤਲ ਕਰਨ ਵਾਲੇ ਐੱਸਐੱਸਪੀ ਪਟਿਆਲਾ ਖ਼ਿਲਾਫ਼ ਪਰਚਾ ਦਰਜ ਕਰਵਾਉਣ ਲਈ ਅਕਾਲੀ ਦਲ ਹਰ ਹੀਲਾ ਵਰਤੇਗਾ।
ਪਾਰਟੀ ਇਸ ਦੀ ਨਿਰਪੱਖ ਏਜੰਸੀ ਜਾਂ ਅਦਾਲਤ ਰਾਹੀਂ ਜਾਂਚ ਕਰਵਾ ਕੇ ਐੱਸਐੱਸਪੀ ਪਟਿਆਲਾ ਦੇ ਜੋ ਲੋਕਤੰਤਰ ਦਾ ਕਤਲ ਕੀਤਾ ਹੈ, ਉਸ ਖਿਲਾਫ਼ ਪਰਚਾ ਦਰਜ ਕਰਵਾ ਕੇ ਉਸ ਨੂੰ ਜੇਲ੍ਹ ਭੇਜਣ ਦਾ ਯਤਨ ਕਰੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਡੀਜੀਪੀ ਨੂੰ ਸ਼ਿਕਾਇਤ ਕੀਤੀ ਜਾ ਰਹੀ ਹੈ ਪਰ ‘ਆਪ’ ਵੱਲੋਂ ਐੱਸਐੱਸਪੀ ਨੂੰ ਬਚਾਉਣ ਦਾ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਕੋਈ ਆਈਪੀਐੱਸ ਪੁਲਿਸ ਅਧਿਕਾਰੀ ਆਪਣੀ ਡਿਊਟੀ ਸੰਭਾਲਦਾ ਹੈ ਤਾਂ ਉਹ ਸੰਵਿਧਾਨ ਦੀ ਪਾਲਣਾ ਕਰਨ ਤੇ ਸੰਵਿਧਾਨ ਅਨੁਸਾਰ ਚੱਲਣ ਦਾ ਪ੍ਰਣ ਲੈਂਦਾ ਹੈ ਪਰ ਐੱਸਐੱਸਪੀ ਪਟਿਆਲਾ ਨੇ ਤਾਂ ਸਾਰੇ ਕਾਨੂੰਨ ਨੂੰ ਛਿੱਕੇ ਟੰਗ ਕੇ ਸੰਵਿਧਾਨ ਦਾ ਅਪਮਾਨ ਕੀਤਾ ਹੈ, ਜਿਸ ਲਈ ਉਸ ਨੂੰ ਸਜ਼ਾ ਜ਼ਰੂਰ ਦਿਵਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਪਤਾ ਲੱਗਾ ਚੁੱਕਾ ਹੈ ਕਿ ਜ਼ਿਲ੍ਹਾ ਪ੍ਰੀ਼ਸ਼ਦ ਤੇ ਬਲਾਕ ਸੰਮਤੀ ਚੋਣਾਂ ’ਚ ਉਨ੍ਹਾਂ ਦੀ ਹਾਰ ਹੋ ਰਹੀ ਹੈ, ਇਸ ਲਈ ਹੁਣ ਅਧਿਕਾਰੀਆਂ ਖਾਸ ਕਰਕੇ ਪੁਲਿਸ ਅਧਿਕਾਰੀਆਂ ਰਾਹੀਂ ਵਿਰੋਧੀ ਉਮੀਦਵਾਰਾਂ ਦੇ ਪਰਚੇ ਰੱਦ ਕਰਵਾ ਕੇ ਜਾਂ ਹਰ ਹੀਲੇ ਵਰਤ ਕੇ ਚੋਣਾਂ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਕਾਲੀ ਦਲ ਹਾਕਮ ਧਿਰ ਨੂੰ ਅਜਿਹਾ ਨਹੀਂ ਕਰਨ ਦੇਵੇਗਾ ਅਤੇ ਇਸ ਦਾ ਹਰ ਪੱਧਰ ’ਤੇ ਡੱਟ ਕੇ ਜਵਾਬ ਦਿੱਤਾ ਜਾਵੇਗਾ। ਸੁਖਬੀਰ ਨੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਤੇ ਉਮੀਦਵਾਰਾਂ ਨੂੰ ਤਕੜੇ ਹੋ ਕੇ ਚੋਣ ਲੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਮੁੱਚਾ ਅਕਾਲੀ ਦਲ ਉਮੀਦਵਾਰਾਂ ਦੇ ਨਾਲ ਚੱਟਾਲ ਵਾਂਗ ਖੜ੍ਹਾ ਹੈ। ਜੇਕਰ ਕਿਸੇ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਮੂੰਹਤੋੜ ਜਵਾਬ ਦਿੱਤਾ ਜਾਵੇਗਾ।