ਵਿਦਿਆਰਥੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
ਿਵਿਦਆਰਥੀ ਦਰਬਾਰ ਸਾਹਿਬ ਿਵਖੇ ਹੋਏ ਨਤਮਸਤਕ
Publish Date: Mon, 24 Nov 2025 08:23 PM (IST)
Updated Date: Tue, 25 Nov 2025 04:14 AM (IST)

ਅਮਰਜੀਤ ਸਿੰਘ ਅਕਾਲਗੜ੍ਹ, ਪੰਜਾਬੀ ਜਾਗਰਣ, ਗੁਰੂਸਰ ਸੁਧਾਰ : ਜੀਐੱਚਜੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੁਰੂਸਰ ਸੁਧਾਰ ਵੱਲੋਂ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਤੋਂ ਇਲਾਵਾ ਵਿਰਸੇ, ਸੱਭਿਆਚਾਰ ਤੇ ਇਤਿਹਾਸ ਨਾਲ ਜੋੜਨ ਦੇ ਮਕਸਦ ਨਾਲ ਪਿਛਲੇ ਦਿਨਾਂ ਵਿੱਚ ਦੋ ਵਿਦਿਅਕ ਟੂਰਾਂ ਕਰਵਾਏ ਗਏ। ਪ੍ਰਿੰਸੀਪਲ ਨੀਰੂ ਬਾਲਾ ਸ੍ਰੀਵਾਸਤਵ ਦੀ ਅਗਵਾਈ ਹੇਠ ਚੱਲ ਰਹੇ ਇਸ ਸੈਸ਼ਨ ਦੇ ਪਹਿਲੇ ਦੋ ਟੂਰਾਂ ਨੇ ਵਿਦਿਆਰਥੀਆਂ ’ਚ ਭਾਰੀ ਉਤਸ਼ਾਹ ਪੈਦਾ ਕੀਤਾ।ਇਸ ਮੌਕੇ ਪ੍ਰਿੰਸੀਪਲ ਨੀਰੂ ਬਾਲਾ ਨੇ ਦੱਸਿਆ ਕਿ ਇਹ ਟੂਰ ਦੌਰਾਨ ਵਿਦਿਆਰਥਣਾਂ ਨੂੰ ਗੁਰਦੁਆਰਾ ਸ੍ਰੀ ਨਾਢਾ ਸਾਹਿਬ (ਪੰਚਕੂਲਾ) ਦੇ ਦਰਸ਼ਨ ਕਰਵਾਏ ਗਏ। ਇਸ ਤੋਂ ਬਾਅਦ ਵਿਦਿਆਰਥਣਾਂ ਨੇ ਚੰਡੀਗੜ੍ਹ ਦੇ ਮਸ਼ਹੂਰ ਰੌਕ ਗਾਰਡਨ ਦਾ ਦੌਰਾ ਕੀਤਾ, ਜਿੱਥੇ ਰਹਿੰਦ-ਖੂੰਹਦ ਸਮਾਨ ਤੋਂ ਬਣੀਆਂ ਕਲਾਕ੍ਰਿਤੀਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਵਾਪਸੀ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਨੂੰ ਸਮਰਪਿਤ ਚੱਪੜ ਚਿੜੀ (ਐੱਸਏਐੱਸ ਨਗਰ) ਵਿਖੇ ਵੀ ਵਿਦਿਆਰਥਣਾਂ ਨੂੰ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਦੂਜਾ ਵਿਦਿਅਕ ਟੂਰ ਸੋਮਵਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਪ੍ਰਕਾਸ਼ ਪੁਰਬ ਮੌਕੇ ਵਿਦਿਆਰਥੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਲਿਜਾਇਆ ਗਿਆ ਜਿੱਥੇ ਸਾਰੇ ਵਿਦਿਆਰਥੀਆਂ ਨੇ ਸ਼ਰਧਾ ਪੂਰਵਕ ਮੱਥਾ ਟੇਕਿਆ। ਇਸ ਤੋਂ ਬਾਅਦ ਜਲ੍ਹਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸੱਭਿਆਚਾਰਕ ਵਿਰਾਸਤ ਨਾਲ ਜੋੜਨ ਲਈ ਵਿਦਿਆਰਥੀ ‘ਸਾਡਾ ਪਿੰਡ’ (ਹੈਰੀਟੇਜ ਵਿਲੇਜ) ਵੀ ਲਿਜਾਏ ਗਏ ਜਿੱਥੇ ਪੰਜਾਬੀ ਵਿਰਸੇ ਨਾਲ ਸਬੰਧਤ ਵਸਤਾਂ ਵੇਖੀਆਂ, ਭੰਗੜਾ ਪਾਇਆ ਤੇ ਪੰਜਾਬੀ ਖਾਣਿਆਂ ਦਾ ਲੁੱਤਫ਼ ਲਿਆ। ਦੋਵੇਂ ਟੂਰਾਂ ਦੌਰਾਨ ਅਧਿਆਪਕਾਂ ਨੇ ਵਿਦਿਆਰਥੀਆਂ ਦਾ ਪੂਰਾ ਮਾਰਗਦਰਸ਼ਨ ਕੀਤਾ। ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਪਵਨਜੀਤ ਸਿੰਘ ਗਿੱਲ ਅਤੇ ਸਮੂਹ ਮੈਂਬਰਾਂ ਨੇ ਇਸ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ ਅਤੇ ਅੱਗੇ ਵੀ ਅਜਿਹੇ ਟੂਰ ਕਰਵਾਉਣ ਦਾ ਭਰੋਸਾ ਦਿਵਾਇਆ।ਪ੍ਰਿੰਸੀਪਲ ਨੀਰੂ ਬਾਲਾ ਸ੍ਰੀਵਾਸਤਵ ਨੇ ਦੱਸਿਆ ਕਿ ਅਜਿਹੇ ਟੂਰ ਵਿਦਿਆਰਥੀਆਂ ਦੀ ਸਮੁੱਚੀ ਵਿਕਾਸ ਲਈ ਬਹੁਤ ਜ਼ਰੂਰੀ ਹਨ ਅਤੇ ਸਕੂਲ ਅੱਗੇ ਵੀ ਇਸ ਸਿਲਸਿਲੇ ਨੂੰ ਜਾਰੀ ਰੱਖੇਗਾ।