Ludhiana 'ਚ ਅਵਾਰਾ ਕੁੱਤਿਆਂ ਦੀ ਦਹਿਸ਼ਤ, ਸੂਈ ਕੁੱਤੀ ਨੇ 15 ਲੋਕਾਂ ਨੂੰ ਨੋਚਿਆ; 11 ਸਾਲਾ ਬੱਚਾ ਸੀਐੱਮਸੀ ਰੈਫ਼ਰ
ਜਾਣਕਾਰੀ ਮੁਤਾਬਕ, ਚਾਰ ਦਿਨ ਪਹਿਲਾਂ ਕੁੱਤੀ ਨੇ ਚਾਰ ਬੱਚਿਆਂ ਨੂੰ ਜਨਮ ਦਿੱਤਾ ਸੀ ਜਿਨ੍ਹਾਂ ਨੂੰ ਸ਼ਨਿਚਰਵਾਰ ਰਾਤ ਕੋਈ ਚੋਰੀ ਕਰ ਕੇ ਲੈ ਗਿਆ। ਇਸ ਤੋਂ ਬਾਅਦ ਕੁੱਤੀ ਨੇ ਲੋਕਾਂ ਨੂੰ ਵੱਢਣਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਪਹਿਲਾਂ ਜਾਲ ਨਾਲ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹਿਣ ’ਤੇ ਨਿਗਮ ਦੀ ਟੀਮ ਨੂੰ ਬੁਲਾਇਆ।
Publish Date: Sun, 14 Dec 2025 09:15 PM (IST)
Updated Date: Sun, 14 Dec 2025 09:19 PM (IST)
ਜਾਸ, ਲੁਧਿਆਣਾ : ਸ਼ਹਿਰ ਦੇ ਮਾਡਲ ਗ੍ਰਾਮ ਇਲਾਕੇ ਵਿਚ ਐਤਵਾਰ ਸਵੇਰੇ ਇਕ ਕੁੱਤੀ ਨੇ ਇਕ ਤੋਂ ਬਾਅਦ ਇਕ 15 ਲੋਕਾਂ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ 11 ਸਾਲਾ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਪਹਿਲਾਂ ਸਿਵਲ ਹਸਪਤਾਲ ਅਤੇ ਬਾਅਦ ਵਿਚ ਹਾਲਤ ਨਾਜ਼ੁਕ ਹੋਣ ’ਤੇ ਸੀਐੱਮਸੀ ਰੈਫਰ ਕਰ ਦਿੱਤਾ ਗਿਆ। ਬੱਚੇ ਦੇ ਚਿਹਰੇ ’ਤੇ ਪਲਾਸਟਿਕ ਸਰਜਰੀ ਕੀਤੀ ਜਾਵੇਗੀ।
ਜਾਣਕਾਰੀ ਮੁਤਾਬਕ, ਚਾਰ ਦਿਨ ਪਹਿਲਾਂ ਕੁੱਤੀ ਨੇ ਚਾਰ ਬੱਚਿਆਂ ਨੂੰ ਜਨਮ ਦਿੱਤਾ ਸੀ ਜਿਨ੍ਹਾਂ ਨੂੰ ਸ਼ਨਿਚਰਵਾਰ ਰਾਤ ਕੋਈ ਚੋਰੀ ਕਰ ਕੇ ਲੈ ਗਿਆ। ਇਸ ਤੋਂ ਬਾਅਦ ਕੁੱਤੀ ਨੇ ਲੋਕਾਂ ਨੂੰ ਵੱਢਣਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਪਹਿਲਾਂ ਜਾਲ ਨਾਲ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹਿਣ ’ਤੇ ਨਿਗਮ ਦੀ ਟੀਮ ਨੂੰ ਬੁਲਾਇਆ। ਨਿਗਮ ਦੀ ਟੀਮ ਕੁੱਤੀ ਨੂੰ ਕਾਬੂ ਕਰ ਕੇ ਆਪਣੇ ਨਾਲ ਲੈ ਗਈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਘਰੋਂ ਬਾਹਰ ਜਾਣ ਵੇਲੇ ਆਪਣੇ ਨਾਲ ਲਾਠੀਆਂ ਲੈ ਕੇ ਨਿਕਲਣਾ ਪੈਂਦਾ ਹੈ ਤਾਂ ਕਿ ਆਵਾਰਾ ਕੁੱਤਿਆਂ ਤੋਂ ਬਚਿਆ ਜਾ ਸਕੇ।
ਬੱਚਾ ਦਹੀਂ ਲੈਣ ਜਾ ਰਿਹਾ ਸੀ, ਦੋ ਮਿੰਟਾਂ ਤੱਕ ਕੁੱਤੀ ਨੇ ਨੋਚਿਆ
ਗਾਂਧੀ ਕਾਲੋਨੀ ਦੇ ਰਹਿਣ ਵਾਲੇ ਦੇਸਰਾਜ ਨੇ ਦੱਸਿਆ ਕਿ ਉਨ੍ਹਾਂ ਦਾ 11 ਸਾਲਾ ਪੁੱਤਰ ਸਾਨਿਧਿਆ ਸਵੇਰੇ ਦਹੀਂ ਲੈਣ ਗਲੀ ਵਿਚੋਂ ਜਾ ਰਿਹਾ ਸੀ। ਉੱਥੇ ਬੈਠੀ ਕੁੱਤੀ ਨੇ ਉਸ ’ਤੇ ਹਮਲਾ ਕਰ ਦਿੱਤਾ। ਹਮਲੇ ਤੋਂ ਬਚਣ ਲਈ ਭੱਜਦੇ ਸਮੇਂ ਬੱਚਾ ਡਿੱਗ ਗਿਆ। ਕੁੱਤੀ ਨੇ ਦੰਦਾਂ ਤੇ ਪੰਜਿਆਂ ਨਾਲ ਉਸ ’ਤੇ ਹਮਲਾ ਕੀਤਾ। ਲਗਪਗ ਦੋ ਮਿੰਟਾਂ ਤੱਕ ਕੁੱਤੀ ਉਸ ਨੂੰ ਨੋਚਦੀ ਰਹੀ। ਲੋਕਾਂ ਨੇ ਬੱਚੇ ਨੂੰ ਉਸ ਦੇ ਚੁੰਗਲ ’ਚੋਂ ਛੁਡਵਾਇਆ। ਬੱਚੇ ਤੋਂ ਇਲਾਵਾ ਹੋਰ ਕਈ ਲੋਕਾਂ ’ਤੇ ਵੀ ਕੁੱਤੀ ਨੇ ਹਮਲਾ ਕੀਤਾ। ਇਸੇ ਇਲਾਕੇ ਦੀ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਜਦੋਂ ਉਹ ਕੰਮ ’ਤੇ ਜਾ ਰਹੀ ਸੀ ਤਾਂ ਉਸ ਨੂੰ ਵੀ ਉਸੇ ਕੁੱਤੀ ਨੇ ਪੈਰ ’ਤੇ ਵੱਢਿਆ। ਦੁਪਹਿਰੇ ਕੁੱਤੀ ਨੇ ਰਾਜਨਿਤਾ ਰਾਣੀ (40), ਰਾਮ ਸੇਵਕ (40), ਅਜੇ ਕੁਮਾਰ (52), ਰਿੰਕੂ ਦੇਵੀ (25), ਯੁਵਰਾਜ (10), ਰੂਬੀ ਦੇਵੀ (40), ਰੇਖਾ, ਨੰਨੇ ਅੰਸਾਰੀ ਅਤੇ ਮੋਨੂ ’ਤੇ ਵੀ ਹਮਲਾ ਕੀਤਾ। ਇਸ ਤੋਂ ਬਾਅਦ ਪੂਰੇ ਮੁਹੱਲੇ ਵਿਚ ਦਹਿਸ਼ਤ ਫੈਲ ਗਈ।