ਲੁਧਿਆਣਾ 'ਚ ਤੇਜ਼ ਰਫਤਾਰ ਦਾ ਕਹਿਰ, ਲਾਪਰਵਾਹੀ ਦੇ ਚਲਦਿਆਂ ਇੱਕ ਔਰਤ ਦੀ ਮੌਤ, ਦੂਜੀ ਜ਼ਖ਼ਮੀ
ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਮੁਲਜ਼ਮ ਦੀ ਪਛਾਣ ਨਹੀਂ ਹੋ ਸਕੀ। ਅਧਿਕਾਰੀਆਂ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਮੁਲਜਮ ਦੀ ਤਲਾਸ਼ ਕੀਤੀ ਜਾ ਰਹੀ ਹੈ।
Publish Date: Tue, 28 Apr 2026 01:28 PM (IST)
Updated Date: Tue, 28 Apr 2026 01:49 PM (IST)
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਵਿੱਚ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਵਾਹਨ ਚਲਾਉਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅਜਿਹੇ ਹੀ ਤਾਜ਼ਾ ਦੋ ਹਾਦਸੇ ਲੁਧਿਆਣਾ ਦੇ ਦੁਗਰੀ ਇਲਾਕੇ ਵਿੱਚ ਵਾਪਰੇ। ਇੱਕ ਹਾਦਸੇ ਵਿੱਚ ਔਰਤ ਗੰਭੀਰ ਜ਼ਖ਼ਮੀ ਹੋ ਗਈ, ਜਦਕਿ ਦੂਜੇ ਹਾਦਸੇ ਵਿੱਚ ਇੱਕ ਬਜ਼ੁਰਗ ਮਹਿਲਾ ਦੀ ਜਾਨ ਚਲੀ ਗਈ। ਐਸਪੀਐਸ ਨਗਰ ਦੇ ਵਾਸੀ ਮੋਹਿਤ ਮੰਗਲਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਬੀਤੇ ਦਿਨੀ ਰਾਤ ਕਰੀਬ 9 ਵਜੇ ਉਹ ਆਪਣੀ ਪਤਨੀ ਮੁਸਕਾਨ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜਾ ਰਿਹਾ ਸੀ। ਜਦੋਂ ਉਹ 200 ਫੁੱਟੀ ਰੋਡ ‘ਤੇ ਸੋਢੀ ਕੰਪਲੈਕਸ ਕੱਟ ਕੋਲ ਪਹੁੰਚੇ, ਤਾਂ ਸਾਹਮਣੇ ਤੋਂ ਆ ਰਹੀ ਇੱਕ ਅਣਪਛਾਤੀ ਚਿੱਟੇ ਰੰਗ ਦੀ ਕਾਰ ਨੇ ਲਾਪਰਵਾਹੀ ਨਾਲ ਟੱਕਰ ਮਾਰ ਦਿੱਤੀ।
ਟੱਕਰ ਨਾਲ ਦੋਵੇਂ ਸੜਕ ‘ਤੇ ਡਿੱਗ ਪਏ। ਇਸ ਦੌਰਾਨ ਪਿੱਛੇ ਆ ਰਹੇ ਟਰੱਕ ਨੇ ਮੁਸਕਾਨ ਨੂੰ ਕੁਚਲ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਈ। ਉਸਨੂੰ ਇਲਾਜ ਲਈ ਡੀਐਮਸੀ ਹਸਪਤਾਲ, ਲੁਧਿਆਣਾ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਮੁਲਜ਼ਮ ਦੀ ਪਛਾਣ ਨਹੀਂ ਹੋ ਸਕੀ। ਅਧਿਕਾਰੀਆਂ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਮੁਲਜਮ ਦੀ ਤਲਾਸ਼ ਕੀਤੀ ਜਾ ਰਹੀ ਹੈ।
ਐਕਟਿਵਾ ਸਵਾਰ ਦੀ ਟੱਕਰ ਨਾਲ ਬਜ਼ੁਰਗ ਮਹਿਲਾ ਦੀ ਮੌਤ
ਇੱਕ ਹੋਰ ਮਾਮਲੇ ਵਿੱਚ ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ ਦੇ ਵਾਸੀ ਪ੍ਰਦੀਪ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਮਾਤਾ ਵਿਦਿਆ ਦੇਵੀ ਨਾਲ ਈ-ਬਲਾਕ ਮਾਰਕੀਟ ਵਿੱਚ ਰਿਲਾਇੰਸ ਸਟੋਰ ਤੋਂ ਦੁੱਧ ਲੈਣ ਲਈ ਪੈਦਲ ਜਾ ਰਹੇ ਸਨ।
ਜਦੋਂ ਉਹ ਮਾਰਕੀਟ ਦੇ ਕੱਟ ਕੋਲ ਪਹੁੰਚੇ ਤਾਂ ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ ਦੇ ਵਾਸੀ ਗੁਰਪ੍ਰੀਤ ਸਿੰਘ ਨੇ ਆਪਣੀ ਐਕਟਿਵਾ ਨੂੰ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਚਲਾਉਂਦੇ ਹੋਏ ਵਿਦਿਆ ਦੇਵੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਈ। ਗੰਭੀਰ ਰੂਪ ਵਿੱਚ ਫੱਟੜ ਹੋਈ ਬਜ਼ੁਰਗ ਮਹਿਲਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜਖਮਾਂ ਦੀ ਤਾਬ ਨਾ ਝੱਲਦਿਆਂ ਬਜ਼ੁਰਗ ਔਰਤ ਨੇ ਦੀਪ ਹਸਪਤਾਲ, ਮਾਡਲ ਟਾਊਨ ਵਿੱਚ ਦਮ ਤੋੜ ਦਿੱਤਾ ।
ਦੋਹਾਂ ਘਟਨਾਵਾਂ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਲੁਧਿਆਣਾ ਵਿੱਚ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਜਾਨਲੇਵਾ ਸਾਬਤ ਹੋ ਰਹੀ ਹੈ। ਥਾਣਾ ਦੁਗਰੀ ਦੀ ਪੁਲਿਸ ਵੱਲੋਂ ਦੋਹਾਂ ਮਾਮਲਿਆਂ ਵਿੱਚ ਵੱਖ-ਵੱਖ ਮੁਕਦਮੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।