ਕਿਤੇ ਪੁੱਤ ਨੇ ਲਿਆ ਫਾਹਾ, ਕਿਤੇ ਮਾਂ ਨੇ ਖ਼ੁਦ ਨੂੰ ਲਾਈ ਅੱਗ; ਜਗਰਾਓਂ 'ਚ ਮਾਨਸਿਕ ਬਿਮਾਰੀ ਨੇ ਲਈਆਂ 3 ਜ਼ਿੰਦਗੀਆਂ
ਜਗਰਾਓਂ ਦੇ ਕਰਨੈਲ ਗੇਟ ’ਚ ਆਪਣੇ ਭੈਣ-ਭਰਾਵਾਂ ਨਾਲ ਰਹਿੰਦਾ 18 ਸਾਲਾਂ ਨੌਜਵਾਨ ਗੁਰਵਿੰਦਰ ਸਿੰਘ ਪਿਤਾ ਦੇ ਜੇਲ੍ਹ ਚਲੇ ਜਾਣ ਕਾਰਨ ਅਕਸਰ ਪਰੇਸ਼ਾਨ ਰਹਿੰਦਾ ਸੀ। ਬੀਤੀ ਰਾਤ ਕਰੀਬ 2 ਵਜੇ ਤੱਕ ਆਪਣੇ ਭਰਾਵਾਂ ਅਤੇ ਭੈਣਾਂ ਨਾਲ ਗੱਲਾਂ ਕਰਦਾ ਰਿਹਾ ਤੇ ਬਾਅਦ ਵਿਚ ਨਾਲ ਦੇ ਕਮਰੇ ਵਿਚ ਜਾ ਕੇ ਸੌਂ ਗਿਆ।
Publish Date: Thu, 30 Apr 2026 09:40 AM (IST)
Updated Date: Thu, 30 Apr 2026 09:42 AM (IST)

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਇਲਾਕੇ ਵਿਚ ਮਾਨਸਿਕ ਪਰੇਸ਼ਾਨੀਆਂ ਨੇ 3 ਜ਼ਿੰਦਗੀਆਂ ਲੈ ਲਈਆਂ। ਇਨ੍ਹਾਂ ਵਿਚੋਂ ਦੋ ਨੌਜਵਾਨ ਮੌਤਾਂ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਜਦਕਿ ਤੀਸਰੀ ਘਟਨਾ ਵਿਚ ਬਜੁਰਗ ਮਾਤਾ ਨੇ ਖੁਦ ਨੂੰ ਅੱਗ ਹਵਾਲੇ ਕਰ ਦਿੱਤਾ। ਜਗਰਾਓਂ ਦੇ ਕਰਨੈਲ ਗੇਟ ’ਚ ਆਪਣੇ ਭੈਣ-ਭਰਾਵਾਂ ਨਾਲ ਰਹਿੰਦਾ 18 ਸਾਲਾਂ ਨੌਜਵਾਨ ਗੁਰਵਿੰਦਰ ਸਿੰਘ ਪਿਤਾ ਦੇ ਜੇਲ੍ਹ ਚਲੇ ਜਾਣ ਕਾਰਨ ਅਕਸਰ ਪਰੇਸ਼ਾਨ ਰਹਿੰਦਾ ਸੀ। ਬੀਤੀ ਰਾਤ ਕਰੀਬ 2 ਵਜੇ ਤੱਕ ਆਪਣੇ ਭਰਾਵਾਂ ਅਤੇ ਭੈਣਾਂ ਨਾਲ ਗੱਲਾਂ ਕਰਦਾ ਰਿਹਾ ਤੇ ਬਾਅਦ ਵਿਚ ਨਾਲ ਦੇ ਕਮਰੇ ਵਿਚ ਜਾ ਕੇ ਸੌਂ ਗਿਆ। ਸਵੇਰੇ ਉਸਦੀ ਉਸ ਕਮਰੇ ਵਿਚ ਪੱਖੇ ਨਾਲ ਲਟਕਦੀ ਲਾਸ਼ ਦੇਖ ਕੇ ਪਰਿਵਾਰ ਵਿਚ ਚੀਕ ਚਿਹਾੜਾ ਪੈ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ, ਚੌਂਕੀ ਬੱਸ ਸਟੈਂਡ ਦੇ ਇੰਚਾਰਜ ਆਤਮਾ ਸਿੰਘ ਸਮੇਤ ਪੁਲਿਸ ਪਾਰਟੀ ਪੁੱਜੀ। ਜਾਂਚ ਉਪਰੰਤ ਨੌਜਵਾਨ ਦੀ ਮ੍ਰਿਤਕ ਦੇਹ ਪੋਸਟਮਾਰਟਮ ਲਈ ਕਬਜ਼ੇ ਵਿਚ ਲੈ ਲਈ ਗਈ। ਦੂਜੀ ਘਟਨਾ ਇਲਾਕੇ ਦੇ ਪਿੰਡ ਸਿੱਧਵਾਂ ਖੁਰਦ ਵਾਪਰੀ। ਜਿੱਥੇ 17 ਸਾਲਾਂ ਨਾਬਾਲਿਗ ਵਿਦਿਆਰਥਣ ਨੇ ਘਰ ਵਿਚ ਹੀ ਫਾਹਾ ਲੈ ਲਿਆ। ਇਸ ਘਟਨਾ ਦਾ ਕਾਰਨ ਵੀ ਨਾਬਾਲਿਗਾ ਦੇ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿਣਾ ਦੱਸਿਆ ਜਾ ਰਿਹਾ ਹੈ। ਤੀਜੀ ਘਟਨਾ ਜਗਰਾਓਂ ਦੇ ਪਟੇਲ ਨਗਰ ਵਿਚ ਵਾਪਰੀ। ਇਥੋਂ ਦੇ ਇੱਕ ਘਰ ਵਿਚ ਤਿੰਨ ਪੁੱਤਾਂ ਨਾਲ ਰਹਿੰਦੀ ਉਨ੍ਹਾਂ 79 ਸਾਲਾਂ ਮਾਤਾ ਮਹਿੰਦਰ ਕੌਰ ਜੋ ਕਿ ਪਿਛਲੇ 3 ਸਾਲਾਂ ਤੋਂ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦੀ ਸੀ, ਉਸਦਾ ਇਲਾਜ ਵੀ ਚੱਲ ਰਿਹਾ ਸੀ। ਬੀਤੇ ਦਿਨ ਤੜਕਸਾਰ ਮਾਤਾ ਮਹਿੰਦਰ ਕੌਰ ਨੇ ਖੁਦ ਨੂੰ ਅੱਗ ਲਗਾ ਲਈ। ਜਖ਼ਮੀ ਹਾਲਤ ਵਿਚ ਲੁਧਿਆਣਾ ਹਸਪਤਾਲ ਦਾਖ਼ਲ ਕਰਵਾਈ ਮਾਤਾ ਮਹਿੰਦਰ ਕੌਰ ਨੇ ਅੱਜ ਦਮ ਤੋੜ ਦਿੱਤਾ।