ਪੀਪੀਸੀਬੀ ਦੀ ਨੱਕ ਹੇਠ ਪ੍ਰਦੂਸ਼ਣ ਫੈਲਾ ਰਹੇ ਛੋਟੇ ਡਾਇੰਗ ਵਾਸ਼ਿੰਗ ਯੂਨਿਟ
ਪੀਪੀਸੀਬੀ ਦੀ ਨੱਕ ਹੇਠ ਪ੍ਰਦੂਸ਼ਣ ਫੈਲਾ ਰਹੇ ਛੋਟੇ ਡਾਇੰਗ ਵਾਸ਼ਿੰਗ ਯੂਨਿਟ
Publish Date: Fri, 05 Dec 2025 09:47 PM (IST)
Updated Date: Fri, 05 Dec 2025 09:51 PM (IST)

ਫੋਟੋ- 34, 35, 36 ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ ਬੁੱਢਾ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਨੂੰ ਲੈ ਕੇ ਜਿੱਥੇ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਅਤੇ ਸਥਾਨਕ ਸਰਕਾਰਾਂ ਵੱਲੋਂ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ, ਉੱਥੇ ਹੀ ਕੁਝ ਛੋਟੇ ਗੈਰ ਕਾਨੂੰਨੀ ਡਾਇੰਗ ਵਾਸ਼ਿੰਗ ਅਤੇ ਪ੍ਰਿੰਟਿੰਗ ਯੂਨਿਟਾਂ ਵੱਲੋਂ ਸ਼ਰੇਆਮ ਵਾਤਾਵਰਣ ਨਿਯਮਾਂ ਦੀਆਂ ਉਲੰਘਣਾ ਕਰ ਆਪਣੇ ਯੂਨਿਟਾਂ ਦਾ ਅਣਸੋਧਿਆ ਕੈਮੀਕਲ ਵਾਲਾ ਪਾਣੀ ਨਗਰ ਨਿਗਮ ਦੀਆਂ ਸੀਵਰ ਲਾਈਨਾਂ ਰਾਹੀਂ ਬੁੱਢਾ ਦਰਿਆ ਅਤੇ ਪਿੰਡ ਦੇ ਟੋਭਿਆਂ ‘ਚ ਛੱਡ ਇਲਾਕਾ ਨਿਵਾਸੀਆਂ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਸੌਗਾਤ ‘ਚ ਵੰਡ ਰਹੇ ਹਨ। ਜ਼ਿਕਰਯੋਗ ਹੈ ਕਿ ਸਵੱਛ ਵਾਤਾਵਰਣ ਪ੍ਰਤੀ ਜਾਗਰੂਕ ਕੁਝ ਇਲਾਕਾ ਨਿਵਾਸੀਆਂ ਵੱਲੋਂ ਅਜਿਹੇ ਕਈ ਮਾਮਲੇ ਪੰਜਾਬੀ ਜਾਗਰਣ ਦੇ ਧਿਆਨ ਵਿੱਚ ਲਿਆਂਦੇ ਗਏ ਹਨ, ਜਿਸ ਦੀ ਕਵਰੇਜ ਦੌਰਾਨ ਪਾਇਆ ਗਿਆ ਕਿ ਬੁੱਢਾ ਦਰਿਆ ਕੰਢੇ ਪ੍ਰੀਤ ਨਗਰ ਸਥਿਤ ਇੱਕ ਨਾਮਾਲੂਮ ਗਾਰਮੈਂਟ ਡਾਇੰਗ ਵੱਲੋਂ ਆਪਣੇ ਯੂਨਿਟ ਦਾ ਅਣਸੋਧਿਆ ਪਾਣੀ ਸੀਵਰੇਜ ਲਾਈਨਾਂ ‘ਚ ਪਾਇਆ ਜਾ ਰਿਹਾ ਹੈ ਅਤੇ ਇਸੇ ਤਰ੍ਹਾਂ ਖਾਸੀ ਕਲਾਂ ਸਥਿਤ ਅਨੁਜ ਅਤੇ ਜੇ ਐਸ ਡਾਇੰਗ ਵੱਲੋਂ ਆਪਣੇ ਯੂਨਿਟਾਂ ਦਾ ਕੈਮੀਕਲ ਵਾਲਾ ਅਤੇ ਰੰਗਦਾਰ ਪਾਣੀ ਬਿਨ੍ਹਾਂ ਟ੍ਰੀਟ ਕੀਤੇ ਆਪਣੇ ਵੱਲੋਂ ਲਗਾਏ ਗਏ ਬੂਟਿਆਂ ਅਤੇ ਪਿੰਡ ਦੇ ਟੋਭੇ ‘ਚ ਛੱਡਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਉਕਤ ਯੂਨਿਟਾਂ ਖ਼ਿਲਾਫ਼ ਪਹਿਲਾਂ ਵੀ ਪੀਪੀਸੀਬੀ ਵਿਭਾਗ ਵੱਲੋਂ ਕਾਰਵਾਈ ਕੀਤੀ ਜਾਂਦੀ ਰਹੀ ਹੈ। ਬਾਵਜੂਦ ਇਸ ਦੇ ਉਕਤ ਯੂਨਿਟ ਪੀਪੀਸੀਬੀ ਵਿਭਾਗ ਨੂੰ ਟਿੱਚ ਜਾਣਦੇ ਵੱਧ ਮੁਨਾਫ਼ਾ ਕਮਾਉਣ ਦੇ ਚੱਕਰ ‘ਚ ਵਾਰ ਵਾਰ ਵਾਤਾਵਰਨ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਪੀਪੀਸੀਬੀ ਵੱਲੋਂ ਉਕਤ ਯੂਨਿਟਾਂ ਖਿਲਾਫ ਕੋਈ ਠੋਸ ਕਾਰਵਾਈ ਨਾ ਕਰਦੇ ਹੋਏ ਸਿਰਫ ਖਾਨਾਪੂਰਤੀ ਕੀਤੀ ਜਾਂਦੀ ਹੈ। ਜਿਸ ਕਾਰਨ ਅਜਿਹੇ ਪ੍ਰਦੂਸ਼ਣ ਫੈਲਾਉਣ ਵਾਲੇ ਯੂਨਿਟ ਮਾਲਕਾਂ ਦੇ ਹੌਂਸਲੇ ਦਿਨੋਂ ਦਿਨੀ ਬੁਲੰਦ ਹੋ ਰਹੇ ਹਨ। ਮਾਮਲੇ ਸਬੰਧੀ ਪੀਪੀਸੀਬੀ ਦੇ ਸਹਾਇਕ ਇੰਜਨੀਅਰ ਜਸਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜਿਹੇ ਛੋਟੇ ਯੂਨਿਟਾਂ ਤੇ ਪੀਪੀਸੀਬੀ ਵਿਭਾਗ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾਂਦੀ ਰਹੀ ਹੈ। ਕਾਰਵਾਈ ਤੋਂ ਬਾਅਦ ਅਜਿਹੇ ਯੂਨਿਟ ਜਗ੍ਹਾ ਤਬਦੀਲ ਕਰ ਕਿੱਤੇ ਹੋਰ ਕਿਰਾਏ ਦੀ ਜਗ੍ਹਾ ਵਿੱਚ ਚਲੇ ਜਾਂਦੇ ਹਨ, ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਹੀ ਲੱਭਣਾ ਸੰਭਵ ਹੈ। ਉਨ੍ਹਾਂ ਕਿਹਾ ਕਿ ਉਕਤ ਮਾਮਲਾ ਉਨ੍ਹਾਂ ਦੇ ਧਿਆਨ ‘ਚ ਆ ਗਿਆ ਹੈ ਜਲਦ ਹੀ ਇਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।