ਰਾਤ ਸਮੇਂ ਸੜਕ ’ਤੇ ਦਰੱਖ਼ਤ ਡਿੱਗਣ ਕਾਰਨ ਕਈ ਵਾਹਨ ਨੁਕਸਾਨੇ
ਰਾਤ ਸਮੇਂ ਸੜਕ ’ਤੇ ਦਰਖ਼ਤ ਡਿੱਗਣ ਕਾਰਨ ਕਈ ਵਾਹਨ ਨੁਕਸਾਨੇ
Publish Date: Mon, 01 Dec 2025 08:51 PM (IST)
Updated Date: Mon, 01 Dec 2025 08:53 PM (IST)

- ਵਿਭਾਗ ਕੋਲ ਦਰੱਖ਼ਤ ਵੱਢਣ ਲਈ ਆਰਾ ਹੀ ਨਹੀਂ, ਰਾਹਗੀਰਾਂ ਨੇ ਆਵਾਜਾਈ ਬਹਾਲ ਕਰਵਾਈ ਅਮਰਜੀਤ ਸਿੰਘ ਧੰਜਲ, ਪੰਜਾਬੀ ਜਾਗਰਣ ਰਾਏਕੋਟ : ਲੁਧਿਆਣਾ-ਬਠਿੰਡਾ ਰਾਜ ਮਾਰਗ ’ਤੇ ਪਿੰਡ ਨੂਰਪੁਰਾ ਨੇੜੇ ਪਿਛਲੇ ਕਈ ਦਿਨਾਂ ਤੋਂ ਟੁੱਟਿਆ ਹੋਇਆ ਵੱਡਾ ਦਰੱਖ਼ਤ ਰਾਤ ਸਮੇਂ ਸੜਕ ਦੇ ਵਿਚਕਾਰ ਡਿੱਗਣ ਕਾਰਨ ਕਈ ਗੱਡੀਆਂ ਹਾਦਸੇ ਦਾ ਸ਼ਿਕਾਰ ਹੋ ਗਈਆਂ। ਮੁੱਖ ਮਾਰਗ ਉਪਰ ਰਾਤ ਸਮੇਂ ਦਰੱਖ਼ਤ ਡਿੱਗਣ ਕਾਰਨ ਕਈ ਸਕੂਟਰ-ਮੋਟਰਸਾਈਕਲ ਅਤੇ ਗੱਡੀਆਂ ਨੁਕਸਾਨੀਆਂ ਗਈਆਂ, ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਨੇੜਲੇ ਖੇਤਾਂ ਵਿੱਚ ਰਹਿਣ ਵਾਲੇ ਲੋਕਾਂ ਅਤੇ ਰਾਹਗੀਰਾਂ ਨੇ ਦੱਸਿਆ ਕਿ ਇਹ ਦਰੱਖ਼ਤ ਪਿਛਲੇ ਕਈ ਦਿਨਾਂ ਤੋਂ ਟੁੱਟ ਕੇ ਲਟਕ ਰਿਹਾ ਸੀ ਅਤੇ ਹਾਦਸੇ ਦਾ ਡਰ ਬਣਿਆ ਹੋਇਆ ਸੀ। ਪਰ ਜੰਗਲਾਤ ਵਿਭਾਗ ਕੋਲ ਦਰਖ਼ਤ ਵੱਢਣ ਲਈ ਕੋਈ ਔਜ਼ਾਰ ਨਾ ਹੋਣ ਕਾਰਨ ਅੱਧ ਵਿਚਕਾਰ ਹੀ ਲਟਕਦਾ ਰਿਹਾ। ਆਖ਼ਰ ਬੀਤੀ ਰਾਤ ਆਪ ਹੀ ਡਿੱਗ ਗਿਆ ਅਤੇ ਉਸ ਦਾ ਡਿੱਗੂ-ਡਿੱਗੂ ਕਰਦਾ ਬਾਕੀ ਹਿੱਸਾ ਕਿਸੇ ਸਮੇਂ ਵੀ ਸੜਕ ਵਿਚਕਾਰ ਡਿੱਗ ਸਕਦਾ ਹੈ। ਰਾਜ ਜੰਗਲਾਤ ਵਿਭਾਗ ਦੇ ਬੀਟ ਇੰਚਾਰਜ ਅਵਤਾਰ ਸਿੰਘ ਅਨੁਸਾਰ ਡਿੱਗੇ ਦਰਖ਼ਤ ਨੂੰ ਹਟਾਉਣ ਲਈ ਜਗਰਾਓ ਤੋਂ ਆਰਾ ਮੰਗਵਾਇਆ ਗਿਆ ਹੈ। ਸੜਕ ਉੱਪਰ ਦਰੱਖ਼ਤ ਡਿੱਗਣ ਕਾਰਨ ਦੁਪਹਿਰ ਤਕ ਸੜਕ ਉਪਰ ਆਵਾਜਾਈ ਰੁਕੀ, ਜਿਸ ਕਾਰਨ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਲਾਕੇ ਦੇ ਲੋਕਾਂ ਨੇ ਰਾਹਗੀਰਾਂ ਦੀ ਮਦਦ ਨਾਲ ਹੀ ਡਿੱਗੇ ਹੋਏ ਟਾਹਣੇ ਪਾਸੇ ਹਟਾ ਕੇ ਆਵਾਜਾਈ ਬਹਾਲ ਕਰਵਾਈ।