ਨਗਰ ਕੌਂਸਲ ਮਾਛੀਵਾੜਾ ਸਾਹਿਬ ਦੀ ਮਾਸਿਕ ਮੀਟਿੰਗ ’ਚ ਕਈ ਮਤਿਆਂ ਨੂੰ ਪ੍ਰਵਾਨਗੀ
ਨਗਰ ਕੌਂਸਲ ਮਾਛੀਵਾੜਾ ਸਾਹਿਬ ਦੀ ਮਾਸਿਕ ਮੀਟਿੰਗ ’ਚ ਕਈ ਮਤਿਆਂ ਨੂੰ ਪ੍ਰਵਾਨਗੀ
Publish Date: Mon, 12 Jan 2026 08:17 PM (IST)
Updated Date: Tue, 13 Jan 2026 04:13 AM (IST)

ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ ਸ੍ਰੀ ਮਾਛੀਵਾੜਾ ਸਾਹਿਬ : ਮਾਛੀਵਾੜਾ ਸਾਹਿਬ ਨਗਰ ਕੌਂਸਲ ਦੀ ਮਾਸਿਕ ਮੀਟਿੰਗ ਪ੍ਰਧਾਨ ਮੋਹਿਤ ਕੁੰਦਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕਈ ਅਹਿਮ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਮੌਕੇ ਕਾਰਜ ਸਾਧਕ ਅਫ਼ਸਰ ਵਿਕਰਮ ਸਿੰਘ, ਜਗਮੀਤ ਸਿੰਘ ਮੱਕੜ, ਅਸ਼ੋਕ ਸੂਦ, ਨਗਿੰਦਰਪਾਲ ਮੱਕੜ, ਸੁਰਿੰਦਰ ਕੁਮਾਰ ਛਿੰਦੀ, ਨੀਰਜ ਕੁਮਾਰ, ਪ੍ਰਕਾਸ਼ ਕੌਰ, ਪਰਮਜੀਤ ਕੌਰ, ਪਰਮਿੰਦਰ ਕੌਰ ਤਨੇਜਾ, ਹਰਵਿੰਦਰ ਕੌਰ, ਕਿਸ਼ੋਰੀ ਲਾਲ (ਸਾਰੇ ਕੌਂਸਲਰ), ਲੇਖਾਕਾਰ ਸੰਜੀਵ ਗਰੋਵਰ, ਅਮਨਦੀਪ ਸਿੰਘ ਤਨੇਜਾ, ਨਿਰੰਜਨ ਸਿੰਘ ਨੂਰ, ਨਿਰਮਲ ਸਿੰਘ ਵੀ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੋਹਿਤ ਕੁੰਦਰਾ ਨੇ ਦੱਸਿਆ ਕਿ ਖਾਲਸਾ ਚੌਂਕ ਨੇੜ੍ਹੇ ਲੋਕਾਂ ਨੂੰ ਬਜ਼ਾਰ ਵਿਚ ਜਾਣ ਸਮੇਂ ਵਾਹਨ ਪਾਰਕਿੰਗ ਕਰਨ ਸਮੇਂ ਬੜੀ ਮੁਸ਼ਕਿਲ ਆ ਰਹੀ ਹੈ ਜਿਸ ਨੂੰ ਦੇਖਦਿਆਂ ਨੇੜ੍ਹੇ ਹੀ ਪਸ਼ੂ ਹਸਪਤਾਲ ਵਿਚ ਪਾਰਕਿੰਗ ਬਣਾਈ ਜਾਵੇਗੀ ਜਿਸ ਲਈ 10 ਲੱਖ ਰੁਪਏ ਦਾ ਟੈਂਡਰ ਪਾਸ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੜਕਾਂ ’ਤੇ ਵਾਹਨ ਖੜ੍ਹੇ ਹੋਣ ਨਾਲ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ ਅਤੇ ਲੋਕਾਂ ਦੀ ਮੰਗ ਨੂੰ ਦੇਖਦਿਆਂ ਇਹ ਪਾਰਕਿੰਗ ਜਲਦ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸ਼ਹਿਰ ਦੀ ਦਿੱਖ ਨੂੰ ਸੁੰਦਰ ਬਣਾਉਣ ਲਈ ਗਨੀ ਖਾਂ ਨਬੀ ਖਾਂ ਗੇਟ ਤੋਂ ਲੈ ਕੇ 2 ਪੜਾਵਾਂ ਵਿਚ ਰੋਪੜ ਰੋਡ ਸ੍ਰੀ ਸ਼ਿਵਾਲਾ ਬ੍ਰਹਮਚਾਰੀ ਮੰਦਰ ਤੱਕ ਹੈਰੀਟੇਜ ਲਾਈਟਾਂ ਲਗਾਉਣ ਦੀ ਤਜਵੀਜ਼ ਵੀ ਤਿਆਰ ਕੀਤੀ ਗਈ ਹੈ, ਜਿਸ ਵਿਚ ਪਹਿਲੇ ਪੜਾਅ ਤਹਿਤ 30 ਲੱਖ ਰੁਪਏ ਦੀ ਲਾਗਤ ਵਾਲਾ ਮਤਾ ਪਾਸ ਕਰ ਦਿੱਤਾ ਗਿਆ। ਚਰਨ ਕੰਵਲ ਚੌਂਕ ਤੋਂ ਇਤਿਹਾਸਕ ਗੁਰਦੁਆਰਾ ਸਾਹਿਬ ਤੱਕ ਸੁੰਦਰ ਲਾਈਟਾਂ ਲਗਾਈਆਂ ਜਾਣਗੀਆਂ ਜਿਸ ਲਈ 8 ਲੱਖ ਰੁਪਏ ਤੋਂ ਵੱਧ ਦੀ ਲਾਗਤ ਦਾ ਮਤਾ ਪਾਸ ਕੀਤਾ ਗਿਆ ਹੈ। ਹੋਰ ਵੱਖ-ਵੱਖ ਮਤਿਆਂ ਵਿਚ ਦਸਮੇਸ਼ ਨਗਰ ਦੇ ਪਾਰਕ ਦੀ ਦਿੱਖ ਨੂੰ ਸੁੰਦਰ ਬਣਾਉਣਾ, ਡਾ. ਭੀਮ ਰਾਓ ਅੰਬੇਦਕਰ ਚੌਂਕ ਦਾ ਨਵੀਨੀਕਰਨ ਅਤੇ ਸ਼ਹਿਰ ਦੇ ਹੋਰ ਵਿਕਾਸ ਕਾਰਜਾਂ ਲਈ ਲੱਖਾਂ ਰੁਪਏ ਦੇ ਟੈਂਡਰ ਪਾਸ ਕੀਤੇ ਗਏ ਹਨ।