ਵੈਟਰਨਰੀ ਯੂਨੀਵਰਸਿਟੀ ਦੇ ਯੁਵਕ ਮੇਲੇ ਦਾ ਦੂਜਾ ਪੜਾਅ ਅੱਜ ਤੋਂ
ਵੈਟਰਨਰੀ ਯੂਨੀਵਰਸਿਟੀ ਦੇ ਯੁਵਕ ਮੇਲੇ ਦਾ ਦੂਜਾ ਪੜਾਅ ਅੱਜ ਤੋਂ
Publish Date: Tue, 02 Dec 2025 11:52 PM (IST)
Updated Date: Wed, 03 Dec 2025 04:17 AM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵੱਲੋਂ ਦੋ ਪੜਾਵਾਂ ਤਹਿਤ 26 ਨਵੰਬਰ ਤੋਂ ਜਾਰੀ ਯੁਵਕ ਮੇਲੇ ਦਾ ਪਹਿਲਾ ਪੜਾਅ 29 ਨਵੰਬਰ ਨੂੰ ਸਮਾਪਤ ਹੋ ਗਿਆ ਸੀ ਜਦ ਕਿ ਦੂਜੇ ਪੜਾਅ ਦੀ ਸ਼ੁਰੂਆਤ ਅੱਜ ( 3 ਦਸੰਬਰ ) ਤੋਂ ਹੋਵੇਗੀ ਜਿਸਦੀ ਸਮਾਪਤੀ 5 ਦਸੰਬਰ ਨੂੰ ਹੋਵੇਗੀ। ਡਾ. ਰਾਬਿੰਦਰ ਸਿੰਘ ਔਲਖ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਇਸ ਮੇਲੇ ਲਈ ਭਾਰੀ ਉਤਸ਼ਾਹ ਅਤੇ ਚਾਅ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਾਡੇ ਵਿਦਿਆਰਥੀ ਅੰਤਰ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਬੜੀਆਂ ਜ਼ਿਕਰਯੋਗ ਕਾਰਗੁਜ਼ਾਰੀਆਂ ਦਰਜ ਕਰਦੇ ਹਨ ਅਤੇ ਖੇਤੀਬਾੜੀ ਤੇ ਵੈਟਰਨਰੀ ਯੂਨੀਵਰਸਿਟੀਆਂ ਦੇ ਸਰਬ ਹਿੰਦ ਯੁਵਕ ਮੇਲਿਆਂ ਵਿੱਚ ਇਨ੍ਹਾਂ ਵਿਦਿਆਰਥੀਆਂ ਨੇ ਕਈ ਅਹਿਮ ਪ੍ਰਤੀਯੋਗਤਾਵਾਂ ਵਿੱਚ ਇਨਾਮ ਹਾਸਿਲ ਕੀਤੇ ਹਨ। ਡਾ. ਜਤਿੰਦਰਪਾਲ ਸਿੰਘ ਗਿੱਲ, ਵਾਈਸ ਚਾਂਸਲਰ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਕਰਵਾਇਆ ਜਾ ਰਿਹਾ ਯੁਵਕ ਮੇਲਾ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਹੋਰ ਨਿਖਾਰਨ ਤੇ ਨਵਾਂਪਨ ਲਿਆਉਣ ਦਾ ਇੱਕ ਵਧੀਆ ਮੰਚ ਬਣਦਾ ਹੈ। ਡਾ. ਸਰਵਪ੍ਰੀਤ ਸਿੰਘ ਘੁੰਮਣ ਨੇ ਦੱਸਿਆ ਕਿ ਦੂਜੇ ਪੜਾਅ ਵਿੱਚ ਅੱਜ (3 ਦਸੰਬਰ) ਰਸਮੀ ਉਦਘਾਟਨ ਸਮਾਰੋਹ, ਲੋਕ ਗੀਤ, ਰਚਨਤਾਮਕ ਨਾਚ, ਸੁਗਮ ਸੰਗੀਤ ਅਤੇ ਸਮੂਹ ਗਾਨ (ਭਾਰਤੀ), 4 ਦਸੰਬਰ ਨੂੰ ਮਾਈਮ, ਸਕਿਟ, ਮਮਿਕਰੀ ਅਤੇ ਇਕਾਂਗੀ ਨਾਟਕ, ਪੰਜਾਬੀ ਪਹਿਰਾਵੇ ਵਿੱਚ ਸਟੇਜ ਤੇ ਪ੍ਰਦਰਸ਼ਨ ਅਤੇ 5 ਦਸੰਬਰ ਨੂੰ (ਆਖਰੀ ਦਿਨ) ਪੰਜਾਬੀ ਲੋਕ ਨਾਚ (ਲੜਕੀਆਂ/ਲੜਕੇ) ਅਤੇ ਇਨਾਮ ਵੰਡ ਸਮਾਰੋਹ ਹੋਵੇਗਾ। ਸੱਭਿਆਚਾਰ, ਵਿਰਸੇ ਤੇ ਭਾਸ਼ਾ ਦੀ ਪ੍ਰਫੁੱਲਤਾ ਵਾਸਤੇ ਇਸ ਵਾਰ ਯੂਥ ਫੈਸਟੀਵਲ ਵਿੱਚ ਕੁੱਝ ਨਵੀਆਂ ਗਤੀਵਿਧੀਆਂ ਉਲੀਕੀਆਂ ਗਈਆਂ ਹਨ। ਇਨ੍ਹਾਂ ਮੁਕਾਬਲਿਆਂ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਅਮੀਰ ਵਿਰਸੇ, ਸੱਭਿਆਚਾਰ ਅਤੇ ਭਾਸ਼ਾ ਦੇ ਨਾਲ ਜੋੜਨਾ ਹੈ। ਡਾ. ਔਲਖ ਨੇ ਆਸ ਪ੍ਰਗਟਾਈ ਕਿ ਵਿਦਿਆਰਥੀ ਅਤੇ ਦਰਸ਼ਕ ਇਸ ਯੁਵਕ ਮੇਲੇ ਦਾ ਭਰਪੂਰ ਲੁਤਫ਼ ਉਠਾਉਣਗੇ ਅਤੇ ਸੋਹਣੀਆਂ, ਰੰਗੀਨ, ਖੁਸ਼ੀ ਤੇ ਖੇੜੇ ਵਾਲੀਆਂ ਯਾਦਾਂ ਲੈ ਕੇ ਜਾਣਗੇ। --