ਸੰਤ ਬਾਬਾ ਦਰਸ਼ਨ ਸਿੰਘ ਵਿਦੇਸ਼ੋਂ ਢੱਕੀ ਸਾਹਿਬ ਪਹੁੰਚੇ

ਬਲਵਿੰਦਰ ਸਿੰਘ ਮਹਿਮੀ, ਪੰਜਾਬੀ ਜਾਗਰਣ
ਰਾੜਾ ਸਾਹਿਬ : ਜੰਗਲਾਂ ਵਿੱਚ ਮੰਗਲ ਲਾਉਣ ਵਾਲੇ, ਕਹਿਣੀ ਤੇ ਕਰਨੀ ਦੇ ਪੂਰੇ ਸੰਤ ਬਾਬਾ ਦਰਸ਼ਨ ਸਿੰਘ ਜੀ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਾਲੇ ਜੋ ਕਿ ਪਿਛਲੇ ਸਾਢੇ ਚਾਰ ਮਹੀਨਿਆਂ ਤੋਂ ਤਪੋਬਣ ਧਰਮ ਪ੍ਰਚਾਰ ਲਹਿਰ ਦੇ ਤਹਿਤ ਅਮਰੀਕਾ ਤੇ ਆਸਟ੍ਰੇਲੀਆ ਵਿਖੇ ਧਰਮ ਪ੍ਰਚਾਰ ਲਈ ਗਏ ਹੋਏ ਸਨ ਅੱਜ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਵਿਖੇ ਪਹੁੰਚਣ ਤੋਂ ਪਹਿਲਾਂ ਜਿੰਨਾ ਦਾ ਦਿੱਲੀ, ਫਰੀਦਾਬਾਦ, ਅੰਬਾਲਾ, ਸਰਹਿੰਦ, ਮੰਡੀ ਗੋਬਿੰਦਗੜ੍ਹ, ਖੰਨਾ, ਬੀਜਾ, ਮਾਜਰੀ, ਪਾਇਲ,ਕੋਟਲੀ ਵਿਖੇ ਇਲਾਕੇ ਦੀਆਂ ਸੰਗਤਾਂ ਵੱਲੋ ਫੁੱਲਾਂ ਦੇ ਹਾਰ ਪਾ ਕੇ ਤੇ ਸਿਰੋਪਾਓ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ । ਸੰਗਤਾਂ ਵੱਲੋਂ ਮਹਾਂਪੁਰਖਾਂ ਨੂੰ ਜੀ ਆਇਆਂ ਕਹਿਣ ਲਈ ਰਸਤਿਆਂ ਵਿੱਚ ਥਾਂ ਥਾਂ ਫਲੈਕਸ ਬੋਰਡ ਲਾਏ ਹੋਏ ਸਨ । ਮਹਾਂਪੁਰਖ ਨਗਰ ਕੋਟਲੀ ਤੋਂ ਸੰਗਤਾਂ ਦੀਆਂ ਗੱਡੀਆਂ ਦੇ ਵੱਡੇ ਕਾਫਲੇ ਸਮੇਤ ਜਿਉਂ ਹੀ ਤਪੋਬਣ ਢੱਕੀ ਸਾਹਿਬ ਦੇ ਮੇਨ ਰਸਤੇ ਤੇ ਪੁੱਜੇ ਹਜਾਰਾਂ ਦੀ ਗਿਣਤੀ ਵਿੱਚ ਪਹੁੰਚੀਆਂ ਹੋਈਆਂ ਸੰਗਤਾਂ ਦੇ ਜੈਕਾਰਿਆਂ ਦੀ ਗੂੰਜ ਅਤੇ ਨਰਸਿੰਙਆਂ ਦੀਆਂ ਮਿੱਠੀਆਂ ਧੁਨਾਂ ਨੇ ਅਕਾਸ਼ ਗੂੰਜਣ ਲਾ ਦਿੱਤਾ ਸੰਗਤਾਂ ਨੇ ਬੜੇ ਉਤਸ਼ਾਹ ਤੇ ਚਾਉ ਹੁਲਾਸ ਦੇ ਨਾਲ ਮਹਾਂਪੁਰਖਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਸਭ ਤੋਂ ਪਹਿਲਾਂ ਛੋਟੇ ਛੋਟੇ ਬੱਚਿਆਂ ਨੂੰ ਮਹਾਂਪੁਰਖਾਂ ਨੇ ਆਸ਼ੀਰਵਾਦ ਦਿੱਤਾ ਤੇ ਬੱਚਿਆਂ ਨੇ ਮਹਾਂਪੁਰਸ਼ਾਂ ਨੂੰ ਗੁਲਦਸਤੇ ਭੇਟ ਕੀਤੇ ਉਪਰੰਤ ਨਗਰ ਮਕਸੂਦੜਾ ਤੇ ਨਗਰ ਘੜੂੰਏ ਦੀਆਂ ਸੰਗਤਾਂ ਵੱਲੋਂ ਮਹਾਪੁਰਖਾਂ ਨੂੰ ਫੁੱਲਾਂ ਬੁੱਕੇ ਦੇ ਕੇ ਫੁੱਲਾਂ ਦੇ ਹਾਰ ਪਾ ਕੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਫਿਰ ਸਰਬੱਤ ਸੰਗਤਾਂ ਵੱਲੋਂ ਗੁਲਾਬ ਦੇ ਫੁੱਲਾਂ ਦੀ ਵਰਖਾ ਕਰ ਕੇ ਨਿੱਘਾ ਸਵਾਗਤ ਕੀਤਾ ਗਿਆ। ਸਨਮਾਨ ਉਪਰੰਤ ਮਹਾਪੁਰਸ਼ ਚਾਰ ਘੋੜਿਆਂ ਵਾਲੀ ਬੱਘੀ ਵਿੱਚ ਸਵਾਰ ਹੋ ਕੇ ਕੱਚੇ ਰਸਤਿਆਂ ਰਾਹੀਂ ਤਪੋਬਣ ਅੰਦਰ ਪਹੁੰਚੇ ਸਭ ਤੋਂ ਪਹਿਲਾਂ ਮਹਾਪੁਰਸ਼ਾਂ ਨੇ ਦਰਬਾਰ ਸਾਹਿਬ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕੀਤੀ ਗੁਰੂ ਸਾਹਿਬ ਜੀ ਨੂੰ ਫੁੱਲਾਂ ਦਾ ਹਾਰ ਪਹਿਨਾਇਆ ਤੇ ਗੁਲਦਸਤਾ ਭੇਟ ਕੀਤਾ ਤੇ ਗੁਰੂ ਸਾਹਿਬ ਜੀ ਦਾ ਕੋਟਿ ਕੋਟਿ ਸ਼ੁਕਰਾਨਾ ਕੀਤਾ ਜਿੰਨਾ ਦੀ ਅਪਾਰ ਕਿਰਪਾ ਦਾ ਸਦਕਾ ਧਰਮ ਪ੍ਰਚਾਰ ਵਿਦੇਸ਼ ਯਾਤਰਾ ਸਫਲ ਰਹੀ ਉਪਰੰਤ ਸਜੇ ਪੰਡਾਲ ਵਿੱਚ ਮਹਾਪੁਰਸ਼ਾਂ ਨੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਵਿੱਚ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ ਤੇ ਆਪਣੇ ਅਮੋਲਕ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤਪੋਬਣ ਦੇ ਕੁਦਰਤੀ ਵਾਤਾਵਰਣ ਵਿੱਚ ਹਾਥੀ, ਘੋੜੇ ਘੋੜੀਆਂ, ਪੁਰਾਤਨ ਰੱਥ ਤੇ ਗੱਡੇ ਖਿੱਚ ਦਾ ਕੇਂਦਰ ਬਣੇ ਰਹੇ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁੱਜੀ ਸੰਗਤ ਤੋਂ ਇਲਾਵਾ ਭਾਈ ਕੁਲਵੰਤ ਸਿੰਘ ਭਾਈ ਗੁਰਯੋਧ ਸਿੰਘ, ਮਨਜੀਤ ਸਿੰਘ ਡੇਹਲੋਂ ,ਜੱਗੀ ਸਿੰਘ ਕਿਲਾ ਰਾਏਪੁਰ, ਰਾਜੂ ਸਿੰਘ ਜੜਤੌਲੀ, ਜਸਵਿੰਦਰ ਸਿੰਘ ਸੈੰਪਲੀ, ਅਮਨਦੀਪ ਸਿੰਘ ਬੇਗੋਵਾਲ ਰਵਿੰਦਰ ਸਿੰਘ ਕੋਟ ਪਨੈਚ ਆਦਿਕ ਹਾਜਰ ਸਨ। ਗੁਰੂ ਕੇ ਲੰਗਰ ਵਿੱਚ ਜਲੇਬੀਆਂ ਦਾ ਭੰਡਾਰਾ ਅਤੁੱਟ ਵਰਤਿਆ।