ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਹਰਚਰਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੈਨੇਜਰ ਦੀ ਸ਼ਿਕਾਇਤ ਤੇ ਹਮਲਾਵਰਾਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਦੀ ਪੁਲਿਸ ਇਸ ਮਾਮਲੇ ਵਿੱਚ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਵਿੱਚ ਜੁਟੀ ਹੋਈ ਹੈ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਦੇ ਸਾਊਥ ਐਂਡ ਗਾਰਡਨ ਮੈਰਿਜ ਪੈਲਸ ਵਿੱਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਪੈਲੇਸ ਦੇ ਮੈਨੇਜਰ ਅਤੇ ਮੁਲਾਜ਼ਮਾਂ ਨੇ ਪੈਲੇਸ ਵਿੱਚ ਹੋ ਰਹੇ ਪ੍ਰੋਗਰਾਮ ਦੀ ਬਕਾਇਆ ਪੇਮੈਂਟ ਮੰਗੀ। ਦੇਖਦੇ ਹੀ ਦੇਖਦੇ ਮਸਲਾ ਇਸ ਕਦਰ ਉਲਝ ਗਿਆ ਕਿ ਕੁਝ ਵਿਅਕਤੀਆਂ ਨੇ ਪੈਲੇਸ ਦੇ ਮੁਲਾਜ਼ਮਾਂ ਦੀ ਕੁੱਟਮਾਰ ਕਰਨ ਤੋਂ ਬਾਅਦ ਮੈਨੇਜਰ ਉੱਪਰ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ। ਦੋਸ਼ ਇਹ ਵੀ ਹਨ ਕਿ ਬੁਰੀ ਤਰ੍ਹਾਂ ਆਪ ਭੜਕੇ ਮੁਲਜ਼ਮਾਂ ਨੇ ਮੈਰਿਜ ਪੈਲਸ ਦੀ ਫਾਰਚੂਨਰ ਕਾਰ ਬੁਰੀ ਤਰ੍ਹਾਂ ਭੰਨ ਦਿੱਤੀ ਅਤੇ ਪੈਲਸ ਦੇ ਮਾਲਕ ਦੀ ਸੋਨੇ ਦੀ ਚੇਨ ਵੀ ਉਤਾਰ ਲਈ।
ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਪਿੰਡ ਕਾਲਖ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਦੀ ਸ਼ਿਕਾਇਤ ਤੇ ਮਾਣਕਵਾਲ ਰੋਡ ਸਿਟੀ ਇਨਕਲੇਵ ਦੇ ਵਾਸੀ ਹਰਪਾਲ ਸਿੰਘ, ਉੱਤਮ ਵਿਹਾਰ ਪਿੰਡ ਮਾਣਕਵਾਲ ਦੇ ਰਹਿਣ ਵਾਲੇ ਦਲੀਪ ਕੁਮਾਰ, ਗੋਪੀ ਅਤੇ ਨਿਊ ਅਸ਼ੋਕ ਨਗਰ ਸਲੇਮ ਟਾਵਰੀ ਦੇ ਵਾਸੀ ਸਨੀ ਪਾਂਡੇ ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸਾਊਥ ਐਂਡ ਗਾਰਡਨ ਮੈਰਿਜ ਪੈਲਸ ਵਿੱਚ ਬਤੌਰ ਜੀਐਮ ਕੰਮ ਕਰਦੇ ਹਨ।
ਬੀਤੀ ਦੇਰ ਰਾਤ ਮੈਰਿਜ ਪੈਲਸ ਵਿੱਚ ਹਰਪਾਲ ਸਿੰਘ ਦੀ ਬੇਟੀ ਦੇ ਵਿਆਹ ਦੀ ਰਿਸੈਪਸ਼ਨ ਚੱਲ ਰਹੀ ਸੀ। ਜੀਐਮ ਦੇ ਮੁਤਾਬਕ ਰਿਸੈਪਸ਼ਨ ਦੀ ਕੁਝ ਪੇਮੈਂਟ ਪੈਂਡਿੰਗ ਸੀ ਅਤੇ ਮੈਰਿਜ ਪੈਲਸ ਦੇ ਮੁਲਾਜ਼ਮਾਂ ਨੇ ਹਰਪਾਲ ਸਿੰਘ ਕੋਲੋਂ ਪੇਮੈਂਟ ਦੀ ਮੰਗ ਕੀਤੀ। ਇਸੇ ਦੌਰਾਨ ਮਾਮੂਲੀ ਬਹਿਸ ਤੋਂ ਬਾਅਦ ਹਰਪਾਲ ਸਿੰਘ ਅਤੇ ਉਸਦੇ ਸਾਥੀਆਂ ਨੇ ਮੁਲਾਜ਼ਮ ਗੁਲਾਮ ਅਲੀ ਅਤੇ ਵਸ਼ਿਸ਼ਟ ਕੁਮਾਰ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ। ਦੇਖਦੇ ਹੀ ਦੇਖਦੇ ਮਾਮਲਾ ਵਧ ਗਿਆ।
ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ ਮੁਲਜਮਾਂ ਨੇ ਆਪਣੀ ਫ਼ੋਰਡ ਉਸ ਉੱਪਰ ਚੜਾਉਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਹਮਲਾਵਰਾਂ ਨੇ ਪੈਲਸ ਦੇ ਮਾਲਕ ਸਾਹਿਲ ਅਗਰਵਾਲ ਦੀ ਫੋਰਚੂਨਰ ਕਰ ਬੁਰੀ ਤਰ੍ਹਾਂ ਭੰਨ ਦਿੱਤੀ ਅਤੇ ਉਨ੍ਹਾਂ ਦੀ ਸੋਨੇ ਦੀ ਚੇਨ ਵੀ ਉਤਾਰ ਲਈ। ਉਧਰੋਂ ਹੀ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਹਰਚਰਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੈਨੇਜਰ ਦੀ ਸ਼ਿਕਾਇਤ ਤੇ ਹਮਲਾਵਰਾਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਦੀ ਪੁਲਿਸ ਇਸ ਮਾਮਲੇ ਵਿੱਚ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਵਿੱਚ ਜੁਟੀ ਹੋਈ ਹੈ।