ਲੀਜ਼ ’ਤੇ ਲਈ ਜ਼ਮੀਨ ’ਚੋਂ ਵੇਚ ’ਤੀ ਡੇਢ ਕਰੋੜ ਦੀ ਮਿੱਟੀ
ਲੀਜ਼ ’ਤੇ ਲਈ ਜ਼ਮੀਨ ਦੀ ਮਿੱਟੀ ਵੇਚ ਕੇ ਡੇਢ ਕਰੋੜ ਦੀ ਚੋਰੀ, ਛੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ
Publish Date: Wed, 07 Jan 2026 09:26 PM (IST)
Updated Date: Wed, 07 Jan 2026 09:27 PM (IST)

ਛੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ ਲੁਧਿਆਣਾ ਮਹਾਨਗਰ ਲੁਧਿਆਣਾ ਦੀ ਪੁਲਿਸ ਨੇ ਲੀਜ਼ ’ਤੇ ਲਈ ਗਈ ਜ਼ਮੀਨ ਤੋਂ ਮਿੱਟੀ ਵੇਚਣ ਅਤੇ ਗੈਰਕਾਨੂੰਨੀ ਤੌਰ ’ਤੇ ਕਬਜ਼ਾ ਕਰਨ ਦੇ ਮਾਮਲੇ ਵਿੱਚ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦੋਸ਼ੀਆਂ ’ਤੇ ਜ਼ਮੀਨ ਤੋਂ ਮਿੱਟੀ ਕੱਢ ਕੇ ਵੇਚਣ ਦੇ ਨਾਲ ਨਾਲ ਮਾਲਕ ਦੀ ਜ਼ਮੀਨ ’ਤੇ ਆਪਣੀ ਮਲਕੀਅਤ ਦੇ ਬੋਰਡ ਲਗਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹਨ। ਮੁਲਜ਼ਮਾਂ ਦੀ ਪਛਾਣ ਜਸਕਰਨਜੀਤ ਸਿੰਘ ਗਿੱਲ ਵਾਸੀ ਸਰਾਭਾ ਨਗਰ, ਅਮਰਪ੍ਰੀਤ ਸਿੰਘ ਵਾਸੀ ਪਿੰਡ ਕੁਲੀਆਵਾਲ, ਸੁਨੀਲ ਕੁਮਾਰ ਵਾਸੀ ਫਤਿਹਗੜ੍ਹ, ਜਸਪ੍ਰੀਤ ਸਿੰਘ ਵਾਸੀ ਪਿੰਡ ਭਾਮੀਆਂ ਕਲਾਂ, ਸੁਖਵਿੰਦਰ ਸਿੰਘ ਵਾਸੀ ਪਿੰਡ ਭਾਮੀਆਂ ਕਲਾਂ ਅਤੇ ਸੁਰੱਖਿਆ ਕਰਮੀ ਬਲਵਿੰਦਰ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਪਿੰਡ ਖੰਗ ਪਟ੍ਰਾਂ, ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਮਾਮਲੇ ਦੇ ਸ਼ਿਕਾਇਤਕਰਤਾ ਪਰਮਿੰਦਰ ਸਿੰਘ ਬਾਜਵਾ ਵਾਸੀ ਸੈਕਟਰ-32, ਚੰਡੀਗੜ੍ਹ ਰੋਡ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਦੋਸ਼ੀਆਂ ਨੇ ਆਪਸੀ ਸਲਾਹ ਨਾਲ ਉਸ ਦੀ 76 ਕਨਾਲ 2 ਮਰਲੇ ਜ਼ਮੀਨ ਪਿੰਡ ਕੁਲੀਆਵਾਲ ਅਤੇ 61 ਕਨਾਲ 1 ਮਰਲਾ ਜ਼ਮੀਨ ਪਿੰਡ ਜਮਾਲਪੁਰ ਵਿੱਚ 5 ਸਾਲਾਂ ਲਈ ਲੀਜ਼ ’ਤੇ ਲਈ ਸੀ। ਦੋਸ਼ ਹੈ ਕਿ ਦੋਸ਼ੀਆਂ ਨੇ ਜਮਾਲਪੁਰ ਵਾਲੀ ਜ਼ਮੀਨ ਤੋਂ ਮਿੱਟੀ ਵੇਚ ਦਿੱਤੀ ਅਤੇ ਬਾਕੀ ਜ਼ਮੀਨ ’ਤੇ ਆਪਣੇ ਨਾਮ ਦੇ ਬੋਰਡ ਲਗਾ ਕੇ ਕਬਜ਼ਾ ਕਰ ਲਿਆ। ਸ਼ਿਕਾਇਤਕਰਤਾ ਨੂੰ ਮਾਮਲੇ ਦੀ ਜਾਣਕਾਰੀ ਮਿਲਣ ’ਤੇ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ। ਜਾਂਚ ਤੋਂ ਬਾਅਦ ਪੁਲਿਸ ਡਿਵੀਜ਼ਨ ਨੰਬਰ-7 ਨੇ ਦੋਸ਼ੀਆਂ ਖ਼ਿਲਾਫ਼ ਚੋਰੀ, ਅਪਰਾਧਿਕ ਦਾਖ਼ਲ ਅੰਦਾਜ਼ੀ, ਘਰ ਵਿੱਚ ਜ਼ਬਰਦਸਤੀ ਦਾਖ਼ਲ ਹੋਣਾ ਅਤੇ ਸਬੂਤ ਮਿਟਾਉਣ ਜਾਂ ਦੋਸ਼ੀਆਂ ਨੂੰ ਬਚਾਉਣ ਲਈ ਗਲਤ ਜਾਣਕਾਰੀ ਦੇਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ। ਪਰਮਿੰਦਰ ਸਿੰਘ ਬਾਜਵਾ ਨੇ ਦੋਸ਼ ਲਗਾਇਆ ਕਿ ਉਸ ਦੀ ਜ਼ਮੀਨ ਤੋਂ ਕਰੀਬ 1.50 ਕਰੋੜ ਰੁਪਏ ਦੀ ਮਿੱਟੀ ਵੇਚੀ ਗਈ ਹੈ ਅਤੇ ਇਸ ਸਬੰਧੀ ਫੋਟੋਆਂ ਤੇ ਵੀਡੀਓ ਸਬੂਤ ਵੀ ਪੁਲਿਸ ਨੂੰ ਸੌਂਪੇ ਗਏ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਜੋ ਉਸ ਨੂੰ ਇਨਸਾਫ਼ ਮਿਲ ਸਕੇ।