ਜੇਲ ’ਚੋਂ ਮੋਬਾਈਲ ਫੋਨ ਬਰਾਮਦ, ਹੋਮਗਾਰਡ ਨਾਮਜ਼ਦ
ਲੁਧਿਆਣਾ ਕੇਂਦਰੀ ਜੇਲ ਵਿੱਚ ਸੁਰੱਖਿਆ ਪ੍ਰਣਾਲੀ ’ਤੇ ਸਵਾਲ, ਜੇਲ ਚੋਂ ਮੋਬਾਇਲ ਫੋਨ ਬਰਾਮਦ ਹੋਮਗਾਰਡ ਦੇ ਮੁਲਾਜ਼ਮ ਦੇ ਖਿਲਾਫ ਕੇਸ ਦਰਜ
Publish Date: Wed, 28 Jan 2026 10:26 PM (IST)
Updated Date: Thu, 29 Jan 2026 04:16 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਲੁਧਿਆਣਾ ਕੇਂਦਰੀ ਜੇਲ ’ਚ ਤਾਇਨਾਤ ਇਕ ਹੋਮਗਾਰਡ ਮੁਲਾਜ਼ਮ ਵੱਲੋਂ ਜੇਲ੍ਹ ਨਿਯਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜੇਲ੍ਹ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਤਿੰਨ ਮੋਬਾਈਲ ਫੋਨ ਬਰਾਮਦ ਕਰ ਕੇ ਹੋਮਗਾਰਡ ਖ਼ਿਲਾਫ਼ ਕੇਸ ਦਰਜ ਕਰਵਾ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਲੁਧਿਆਣਾ ਸੁਰਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 7:40 ਵਜੇ ਵਾਰਡ ਨੰਬਰ 02 ਦੀ ਬੈਰਕ ’ਚ ਬਾਹਰੀ ਕੰਧ ਵੱਲੋਂ ਸੁੱਟਿਆ ਗਿਆ ਇਕ ਪੈਕੇਟ ਬਰਾਮਦ ਹੋਇਆ। ਪੈਕੇਟ ਦੀ ਜਾਂਚ ਦੌਰਾਨ ਉਸ ’ਚੋਂ ਤਿੰਨ ਮੋਬਾਈਲ ਫੋਨ ਨਿਕਲੇ। ਮਾਮਲੇ ਦੀ ਗਹਿਰਾਈ ਨਾਲ ਪੜਤਾਲ ਕਰਨ ’ਤੇ ਇਹ ਗੱਲ ਸਾਹਮਣੇ ਆਈ ਕਿ ਹੋਮਗਾਰਡ ਵਿਸ਼ਾਲ ਕੁਮਾਰ ਪੁੱਤਰ ਪ੍ਰੇਮ ਲਾਲ, ਜੋ ਕਿ ਕੇਂਦਰੀ ਜੇਲ੍ਹ ਲੁਧਿਆਣਾ ’ਚ ਤਾਇਨਾਤ ਹੈ, ਵੱਲੋਂ ਜੇਲ੍ਹ ਅੰਦਰ ਮੋਬਾਈਲ ਫੋਨ ਸੁੱਟ ਕੇ ਸਰਕਾਰੀ ਹੁਕਮਾਂ ਤੇ ਜੇਲ੍ਹ ਨਿਯਮਾਂ ਦੀ ਉਲੰਘਣਾ ਕੀਤੀ ਗਈ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਇਸ ਮਾਮਲੇ ’ਚ ਪ੍ਰਿਜ਼ਨ ਐਕਟ ਦੀ ਧਾਰਾ 52-ਏ(1) ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ। ਇਸ ਘਟਨਾ ਤੋਂ ਬਾਅਦ ਕੇਂਦਰੀ ਜੇਲ੍ਹ ਦੀ ਸੁਰੱਖਿਆ ਪ੍ਰਣਾਲੀ ’ਤੇ ਵੀ ਸਵਾਲ ਖੜ੍ਹੇ ਹੋ ਗਏ ਹਨ। ਜੇਲ੍ਹ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਜਾਣਗੇ।