ਪੰਜਾਬੀਆਂ ਨੂੰ ਟੌਪ ਤੋਂ ਥੱਲੇ ਕੋਈ ਪੁਜ਼ੀਸ਼ਨ ਪਸੰਦ ਨਹੀਂ : CM ਮਾਨ
ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ’ਤੇ ਉਨ੍ਹਾਂ ਦੇ ਜੱਦੀ ਪਿੰਡ ਨਤਮਸਤਕ ਹੋਣ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਜ਼ਾਦੀ ਰਿਊੜੀਆਂ ਦੇ ਕੇ ਨਹੀਂ, ਪੁਰਖਿਆਂ ਨੂੰ ਇਸ ਦੇ ਲਈ ਸਿਰ ਦੇਣੇ ਪਏ, ਜਿਨ੍ਹਾਂ ਵਿਚੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਇੱਕ ਹਨ। ਉਨ੍ਹਾਂ 19 ਸਾਲ ਦੀ ਛੋਟੀ ਉਮਰ ਵਿਚ ਕੁਰਬਾਨੀ ਦੇ ਦਿੱਤੀ।
Publish Date: Mon, 17 Nov 2025 12:24 PM (IST)
Updated Date: Mon, 17 Nov 2025 12:25 PM (IST)

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ’ਤੇ ਉਨ੍ਹਾਂ ਦੇ ਜੱਦੀ ਪਿੰਡ ਨਤਮਸਤਕ ਹੋਣ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਜ਼ਾਦੀ ਰਿਊੜੀਆਂ ਦੇ ਕੇ ਨਹੀਂ, ਪੁਰਖਿਆਂ ਨੂੰ ਇਸ ਦੇ ਲਈ ਸਿਰ ਦੇਣੇ ਪਏ, ਜਿਨ੍ਹਾਂ ਵਿਚੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਇੱਕ ਹਨ। ਉਨ੍ਹਾਂ 19 ਸਾਲ ਦੀ ਛੋਟੀ ਉਮਰ ਵਿਚ ਕੁਰਬਾਨੀ ਦੇ ਦਿੱਤੀ। ਇਸ ਉਮਰ ਵਿਚ ਬੱਚਾ ਆਪਣੇ ਮਾਪਿਆਂ ਤੋਂ ਮੋਟਰਸਾਈਕਲ ਮੰਗਦਾ ਹੈ ਪਰ ਉਨ੍ਹਾਂ ਨੇ ਗੋਰਿਆਂ ਤੋਂ ਮੁਲਕ ਮੰਗਿਆ। ਉਨ੍ਹਾਂ ਆਜ਼ਾਦੀ ਸਮੇਤ ਦੇਸ਼ ਦੀਆਂ ਸਰਹੱਦਾਂ ਵੱਲ ਮਾੜੀ ਅੱਖ ਰੱਖਣ ਵਾਲੀਆਂ ਤਾਕਤਾਂ ਨੂੰ ਮਿੱਟੀ ਵਿਚ ਮਿਲਾਉਣ ਲਈ ਪੰਜਾਬੀਆਂ ਦੀਆਂ ਸ਼ਹਾਦਤਾਂ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬੀ ਵਾਂ, ਟਾਪ ਤੋਂ ਥੱਲੇ ਸਾਨੂੰ ਕੋਈ ਪੁਜ਼ੀਸ਼ਨ ਪਸੰਦ ਹੀ ਨਹੀਂ। ਉਨ੍ਹਾਂ ਦੇਸ਼ ਵਿਚ ਖੇਡਾਂ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬੀ ਹਰ ਥਾਂ ਆਪਣੀ ਮਿਹਨਤ, ਜਜ਼ਬੇ ਬਦੌਲਤ ਅੱਗੇ ਰਹਿੰਦੇ ਹਨ।
ਦੇਸ਼ ਦੀਆਂ ਪ੍ਰਮੁੱਖ ਚਾਰ ਖੇਡਾਂ ਜਿਨ੍ਹਾਂ ਵਿਚ ਕ੍ਰਿਕਟ ਜਿਸ ਦਾ ਕਪਤਾਨ ਸ਼ੁਭਮ ਗਿੱਲ ਪੰਜਾਬੀ ਹੈ। ਇਸੇ ਤਰ੍ਹਾਂ ਮਹਿਲਾ ਕ੍ਰਿਕਟ ਟੀਮ ਜਿਸ ਦੀ ਕਪਤਾਨ ਹਰਮਨਪ੍ਰੀਤ ਕੌਰ ਮੋਗਾ ਪੰਜਾਬ ਦੀ ਹੈ। ਹਾਕੀ ਇੰਡੀਆ ਟੀਮ ਵਿਚ ਗਿਆਰਾਂ ’ਚੋਂ ਨੌਂ ਪੰਜਾਬੀ ਅਤੇ ਉਸ ਦਾ ਕਪਤਾਨ ਹਰਮਨਪ੍ਰੀਤ ਪੰਜਾਬ ਤੋਂ ਹੈ। ਇਸੇ ਤਰ੍ਹਾਂ ਫੁੱਟਬਾਲ ਇੰਡੀਆ ਟੀਮ ਦਾ ਕਪਤਾਨ ਵੀ ਪੰਜਾਬੀ ਹੈ। ਪੰਜਾਬੀਆਂ ਦੀ ਇਸੇ ਚੜ੍ਹਤ ਨੂੰ ਬਰਕਰਾਰ ਰੱਖਣ ਲਈ ਪੰਜਾਬ ਸਰਕਾਰ ਵੀ ਉਤਸ਼ਾਹਿਤ ਕਰ ਰਹੀ ਹੈ। ਖੇਡਾਂ ਵਤਨ ਪੰਜਾਬ ਦੀਆਂ ਇਸੇ ਉਤਸ਼ਾਹਿਤ ਲਹਿਰ ਦੀ ਲੜੀ ਹੈ। ਇਸ ਦੇ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡਾਂ ਵਾਂਗ ਖੇਡਾਂ ਵਜੋਂ ਜਾਣੇ ਜਾਂਦੇ ਪਿੰਡਾਂ ਵਿਚ ਖੇਡਾਂ ਦੀਆਂ ਨਰਸਰੀਆਂ ਖੋਲ੍ਹੀਆਂ ਜਾਣਗੀਆਂ। ਜਿਸ ਵਿਚ ਖਿਡਾਰੀ ਅੰਤਰਰਾਸ਼ਟਰੀ ਕੋਚਿੰਗ ਹਾਸਿਲ ਕਰਕੇ ਦੇਸ਼ ਨੂੰ ਦੁਨੀਆਂ ਦੇ ਨਕਸ਼ੇ ’ਤੇ ਚਮਕਾਉਣਗੇ।
ਸ਼ਹੀਦ ਸਰਾਭਾ ਦੇ ਪਿੰਡ ਨੂੰ 46 ਕਰੋੜ ਦੇ ਗੱਫੇ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦ ਸਰਾਭਾ ਦੇ ਪਿੰਡ ਦੇ ਵਿਕਾਸ ਲਈ 46 ਕਰੋੜ ਦੇ ਪ੍ਰੋਜੈਕਟਾਂ ਨੂੰ ਮੰਨਜੂਰੀ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮਹਾਨ ਸ਼ਹੀਦਾਂ ਜਿਨ੍ਹਾਂ ਨੇ ਦੇਸ਼ ਲੈ ਕੇ ਦਿੱਤਾ, ਉਨ੍ਹਾਂ ਪਿੰਡਾਂ ਦੇ ਲੋਕਾਂ ਲਈ ਹਮੇਸ਼ਾ ਖਜਾਨਾ ਖੁੱਲ੍ਹਾ ਰਹੇਗਾ। ਉਨ੍ਹਾਂ ਪਿੰਡ ਵਿਚ ਸਵੱਛ ਪਾਣੀ ਲਈ ਦੋ ਕਰੋੜ 82 ਲੱਖ, ਇੰਨਡੋਰ ਸ਼ੂਟਿੰਗ ਰੇਂਜ ਲਈ 2 ਕਰੋੜ, ਹਲਵਾਰਾ ਕੌਮਾਂਤਰੀ ਹਵਾਈ ਅੱਡੇ ਨੂੰ ਜੋੜਦੀ ਲਲਤੋਂ ਤੋਂ ਪੱਖੋਵਾਲ ਸੜਕ ਚਾਰਮਾਰਗੀ ਕਰਨ ਸਮੇਤ 45 ਕਰੋੜ 84 ਲੱਖ ਦੇ ਪ੍ਰੋਜੈਕਟਾਂ ਨੂੰ ਹਰੀ ਝੰਡੀ ਦਿੰਦਿਆਂ ਮੌਕੇ ’ਤੇ ਹੀ ਮੌਜੂਦ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੂੰ ਇਨ੍ਹਾਂ ਸਾਰੇ ਪ੍ਰੋਜੈਕਟਾਂ ਦੇ ਜਲਦ ਐਸਟੀਮੇਟ ਬਣਾ ਕੇ ਭੇਜਣ ਦੇ ਨਿਰਦੇਸ਼ ਦਿੱਤੇ।
ਹਲਵਾਰਾ ਹਵਾਈ ਅੱਡੇ ਨੂੰ ਸ਼ਹੀਦ ਸਰਾਭਾ ਹਵਾਈ ਅੱਡਾ ਐਲਾਨਿਆ
ਚਾਹੇ ਕੇਂਦਰ ਵੱਲੋਂ ਅਜੇ ਹਲਵਾਰਾ ਹਵਾਈ ਅੱਡੇ ਨੂੰ ਕੌਮਾਂਤਰੀ ਹਲਵਾਰਾ ਹਵਾਈ ਅੱਡਾ ਹੀ ਐਲਾਨਿਆ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਭਾਸ਼ਣ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਹਵਾਈ ਅੱਡਾ ਪੁਕਾਰਦਿਆਂ ਇਸ ਨੂੰ ਜਾਂਦੀ ਸੜਕ ਚਾਰਮਾਰਗੀ ਕਰਨ ਦਾ ਐਲਾਨ ਕੀਤਾ। ਇਥੇ ਇਹ ਵੀ ਵਰਣਨਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਹਲਵਾਰਾ ਹਵਾਈ ਅੱਡੇ ਦਾ ਨਾਮ ਸ਼ਹੀਦ ਸਰਾਭਾ ਦੇ ਨਾਮ ਰੱਖਣ ਦੀ ਮੰਨਜੂਰੀ ਦਿੰਦਿਆਂ ਕੇਂਦਰ ਸਰਕਾਰ ਨੂੰ ਹਰੀ ਝੰਡੀ ਲਈ ਭੇਜਿਆ ਹੈ ਪਰ ਅਜੇ ਤਕ ਕੇਂਦਰ ਨੇ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ।