ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦਾ ਜਨਰਲ ਇਜਲਾਸ 11 ਨੂੰ
ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦਾ ਜਨਰਲ ਇਜਲਾਸ 11 ਨੂੰ
Publish Date: Fri, 02 Jan 2026 07:29 PM (IST)
Updated Date: Sat, 03 Jan 2026 04:12 AM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦਾ ਜਨਰਲ ਇਜਲਾਸ 11 ਜਨਵਰੀ ਨੂੰ ਸਵੇਰੇ 11 ਵਜੇ ਪੰਜਾਬੀ ਭਵਨ ਵਿਖੇ ਹੋਵੇਗਾ। ਇਹ ਜਾਣਕਾਰੀ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਸਾਂਝੀ ਕੀਤੀ। ਉਨ੍ਹਾਂ ਅਕਾਦਮੀ ਦੇ ਜਨਰਲ ਕੌਂਸਲ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਜਨਰਲ ਇਜਲਾਸ ’ਚ ਸ਼ਾਮਲ ਹੋਣ ਦੀ ਕ੍ਰਿਪਾਲਤਾ ਕਰਨ। ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦੱਸਿਆ ਕਿ ਜਨਰਲ ਇਜਲਾਸ ’ਚ ਅਕਾਦਮੀ ਦੀਆਂ ਗਤੀਵਿਧੀਆਂ ਦੀ ਰਿਪੋਰਟ, ਸਾਲ-2026-2027 ਦਾ ਅਨੁਮਾਨਤ ਬਜਟ ਤੇ ਨਵੇਂ ਜੀਵਨ ਮੈਂਬਰਾਂ ਦੀ ਪ੍ਰਵਾਨਗੀ ਲਈ ਸੂਚੀ ਜਨਰਲ ਇਜਲਾਸ ਵਿੱਚ ਪੇਸ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਾਲ 2026-2028 ਲਈ ਚੋਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਹਰ ਦੋ ਸਾਲ ਬਾਅਦ ਅਕਾਦਮੀ ਦੀ ਚੋਣ ਹੁੰਦੀ ਹੈ, ਜਿਸ ’ਚ ਜਨਰਲ ਕਾਉਸਲ ਦੇ ਮੈਂਬਰਾਂ ਵੱਲੋਂ ਬਕਾਇਦਾ ਵੋਟਾਂ ਪਾ ਕੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਪੰਜ ਮੀਤ ਪ੍ਰਧਾਨ ਤੇ ਪੰਦਰਾਂ ਪ੍ਰਬੰਧਕੀ ਬੋਰਡ ਦੇ ਮੈਂਬਰ ਚੁਣੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜਨਰਲ ਇਜਲਾਸ ਸਬੰਧੀ ਜਨਰਲ ਕਾਉਸਲ ਦੇ ਸਾਰੇ ਮੈਂਬਰਾਂ ਨੂੰ ਵੈੱਬਸਾਈਟ’ਤੇ ਪਾਉਣ ਤੋਂ ਇਲਾਵਾ ਡਾਕ ਰਾਹੀਂ, ਈ-ਮੇਲ ਰਾਹੀਂ, ਵ੍ਹਟਸਐਪ ਰਾਹੀਂ ਵੀ ਪੱਤਰ ਭੇਜੇ ਜਾ ਚੁੱਕੇ ਹਨ।