ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਪੱਛਮੀ ਗੜਬੜੀ ਕਾਰਨ ਪੰਜਾਬ ’ਚ ਬੁੱਧਵਾਰ ਤੇ ਵੀਰਵਾਰ ਦੀ ਰਾਤ ਤੋਂ ਮੌਸਮ ਬਦਲੇਗਾ। 30 ਮਈ ਤੱਕ ਪੰਜਾਬ ’ਚ ਹਨੇਰੀ, ਬਾਰਿਸ਼ ਤੇ ਗੜੇਮਾਰੀ ਬਾਰੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਕਾਰਨ ਕਈ ਜ਼ਿਲ੍ਹਿਆਂ ’ਚ 60-70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾ ਚੱਲੇਗੀ। ਕੁਝ ਇਲਾਕਿਆਂ ’ਚ ਗੜੇਮਾਰੀ ਤੇ ਭਾਰੀ ਬਾਰਿਸ਼ ਦੀ ਵੀ ਸੰਭਾਵਨਾ ਹੈ।

ਜਾਸ, ਲੁਧਿਆਣਾ : ਕਈ ਦਿਨਾਂ ਤੋਂ ਜਾਰੀ ਲੂ ਬੁੱਧਵਾਰ ਨੂੰ ਸੂਬੇ ਦੇ ਲੋਕਾਂ ਨੂੰ ਪਰੇਸ਼ਾਨ ਕਰਦੀ ਰਹੀ। ਪੰਜਾਬ ’ਚ ਫ਼ਰੀਦਕੋਟ ਬੁੱਧਵਾਰ ਨੂੰ ਸਭ ਤੋਂ ਗਰਮ ਰਿਹਾ। ਇੱਥੇ ਵੱਧ ਤੋਂ ਵੱਧ ਤਾਪਮਾਨ 46.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ’ਚ 44.1, ਲੁਧਿਆਣਾ ’ਚ 43.8, ਪਟਿਆਲਾ ’ਚ 44.8, ਬਠਿੰਡਾ ’ਚ 44.4, ਫਾਜ਼ਿਲਕਾ ’ਚ 43.8 ਤੇ ਚੰਡੀਗੜ੍ਹ ’ਚ 43.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਪੱਛਮੀ ਗੜਬੜੀ ਕਾਰਨ ਪੰਜਾਬ ’ਚ ਬੁੱਧਵਾਰ ਤੇ ਵੀਰਵਾਰ ਦੀ ਰਾਤ ਤੋਂ ਮੌਸਮ ਬਦਲੇਗਾ। 30 ਮਈ ਤੱਕ ਪੰਜਾਬ ’ਚ ਹਨੇਰੀ, ਬਾਰਿਸ਼ ਤੇ ਗੜੇਮਾਰੀ ਬਾਰੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਕਾਰਨ ਕਈ ਜ਼ਿਲ੍ਹਿਆਂ ’ਚ 60-70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾ ਚੱਲੇਗੀ। ਕੁਝ ਇਲਾਕਿਆਂ ’ਚ ਗੜੇਮਾਰੀ ਤੇ ਭਾਰੀ ਬਾਰਿਸ਼ ਦੀ ਵੀ ਸੰਭਾਵਨਾ ਹੈ।
ਭਾਰਤੀ ਮੌਸਮ ਵਿਭਾਗ (ਆਈਐੱਮਡੀ) ਮੁਤਾਬਕ ਪੱਛਮੀ ਗੜਗੜੀ ਦੀ ਸਰਗਰਮੀ, ਬੰਗਾਲ ਦੀ ਖਾੜੀ ਤੋਂ ਆ ਰਹੀਆਂ ਨਮੀ ਵਾਲੀਆਂ ਹਵਾਵਾਂ ਤੇ ਪੰਜਾਬ-ਹਰਿਆਣਾ ਦੇ ਉੱਪਰ ਬਣ ਰਿਹਾ ਚੱਕਰਵਾਤੀ ਸਾਈਕਲੋਨ ਉੱਤਰ ਭਾਰਤ ਦੇ ਵੱਡੇ ਹਿੱਸੇ ’ਚ ਬਰਸਾਤ, ਤੇਜ਼ ਹਨੇਰੀ ਤੇ ਤਾਪਮਾਨ ’ਚ ਕਮੀ ਦੀ ਵਜ੍ਹਾ ਬਣੇਗਾ। 28 ਮਈ ਦੀ ਰਾਤ ਤੋਂ ਪੱਛਮੀ ਗੜਬੜ ਦਾ ਅਸਰ ਸ਼ੁਰੂ ਹੋ ਜਾਵੇਗਾ ਤੇ 29 ਮਈ ਤੋਂ ਮੌਸਮ ਤੇਜ਼ੀ ਨਾਲ ਬਦਲਣਾ ਸ਼ੁਰੂ ਹੋ ਜਾਵੇਗਾ। 28-30 ਮਈ ਦਰਮਿਆਨ ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਕਈ ਹਿੱਸਿਆਂ ’ਚ ਕਰੀਬ 60 ਤੋਂ 70 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਕਈ ਇਲਾਕਿਆਂ ’ਚ ਧੂੜ ਭਰੀ ਹਨੇਰੀ, ਗਰਜ-ਚਮਕ ਨਾਲ ਬਰਸਾਤ ਤੇ ਕਈ ਥਾਵਾਂ ’ਤੇ ਗੜੇਮਾਰੀ ਦੀ ਸੰਭਾਵਨਾ ਹੈ। ਇਸ ਨਾਲ ਤਾਪਮਾਨ ’ਚ ਚਾਰ ਡਿਗਰੀ ਤੱਕ ਕਮੀ ਆ ਸਕਦੀ ਹੈ ਤੇ ਲੋਕਾਂ ਨੂੰ ਝਲਸਾਉਣ ਵਾਲੀ ਗਰਮੀ ਤੋਂ ਰਾਹਤ ਮਿਲੇਗੀ। ਪੰਜਾਬ ਤੇ ਹਰਿਆਣਾ ਵਿਚ ਵੀ ਮੌਸਮ ਵਿਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਦੋਵਾਂ ਸੂਬਿਆਂ ਦੇ ਉੱਪਰ ਬਣ ਰਹੀਆਂ ਚੱਕਰਵਾਤੀ ਹਵਾਵਾਂ ਦਾ ਖੇਤਰ ਉੱਤਰ ਭਾਰਤ ਦੇ ਮੌਸਮ ਨੂੰ ਪ੍ਰਭਾਵਤ ਕਰੇਗਾ। ਇਸ ਦੇ ਅਸਰ ਨਾਲ ਤੇਜ਼ ਗਰਜ ਦੇ ਨਾਲ ਬਰਸਾਤ ਤੇ ਧੂੜ ਵਾਲੀ ਹਨੇਰੀ ਚੱਲ ਸਕਦੀ ਹੈ।
ਬਿਹਾਰ ਤੇ ਝਾਰਖੰਡ ਵਿਚ ਬੰਗਾਲ ਦੀ ਖਾੜੀ ਤੋਂ ਆ ਰਹੀਆਂ ਨਮੀ ਭਰੀਆਂ ਹਵਾਵਾਂ ਦਾ ਅਸਰ ਜ਼ਿਆਦਾ ਰਹੇਗਾ। ਇਨ੍ਹਾਂ ਸੂਬਿਆਂ ’ਚ ਤੇਜ਼ ਬਰਸਾਤ ਤੇ ਬਿਜਲੀ ਚਮਕਣ ਦੀ ਸੰਭਾਵਨਾ ਦੱਸੀ ਗਈ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਖੁੱਲ੍ਹੇ ਮੈਦਾਨ ਤੇ ਦਰੱਖਤਾਂ ਦੇ ਥੱਲੇ ਖੜੇ ਹੋਣ ਤੋਂ ਬਚਣ ਦੀ ਸਲਾਹ ਦਿੱਤੀ ਹੈ। ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਕਈ ਜ਼ਿਲ੍ਹਿਆਂ ਵਿਚ ਵੀ ਬਰਸਾਤ ਤੇ ਤੇਜ਼ ਹਵਾਵਾਂ ਦਾ ਦੌਰ ਸ਼ੁਰੂ ਹੋ ਸਕਦਾ ਹੈ। ਰਾਜਸਥਾਨ ਦੇ ਪੱਛਮੀ ਹਿੱਸਿਆਂ ’ਚ ਇਸ ਸਮੇਂ ਗਰਮੀ ਸਿਖਰ ’ਤੇ ਹੈ। ਹਾਲਾਂਕਿ 28 ਮਈ ਤੋਂ ਪੱਛਮੀ ਗੜਬੜ ਦੇ ਅਸਰ ਨਾਲ ਇੱਥੇ ਵੀ ਹਨੇਰੀ-ਬਰਸਾਤ ਸ਼ੁਰੂ ਹੋਵੇਗੀ।