Punjab News : ਤੜਕਸਾਰ ਪੰਜਾਬ ਪੁਲਿਸ ਨੇ ਕਿਸਾਨ ਆਗੂ ਡੱਕੇ ਥਾਣਿਆਂ 'ਚ, ਜਾਣੋ ਕੀ ਹੈ ਮਾਮਲਾ
ਵੱਖ-ਵੱਖ ਮੰਗਾਂ ਨੂੰ ਲੈ ਕਿਸਾਨਾਂ-ਮਜ਼ਦੂਰਾਂ ਵੱਲੋਂ ਰੇਲਾਂ ਦਾ ਚੱਕਾ ਜਾਮ ਕਰਨ ਦੇ ਐਲਾਨ ਨੂੰ ਮੱਦੇਨਜ਼ਰ ਅੱਜ ਤੜਕਸਾਰ ਪੰਜਾਬ ਪੁਲਿਸ ਵਲੋਂ ਮੂਹਰਲੀ ਕਤਾਰ ਦੇ ਕਿਸਾਨ-ਮਜ਼ਦੂਰ ਲੀਡਰਾਂ ਨੂੰ ਚੁੱਕ ਕੇ ਥਾਣਿਆਂ ਵਿਚ ਡੱਕਿਆ ਗਿਆ। ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਅਤੇ ਜਨਰਲ ਸਕੱਤਰ ਜਸਦੇਵ ਸਿੰਘ ਲਲਤੋਂ ਨੂੰ ਅੱਜ ਤੜਕਸਾਰ ਚੁੱਕ ਕੇ ਵੱਖ-ਵੱਖ ਥਾਣਿਆਂ ਵਿਚ ਬੰਦ ਕਰ ਦਿੱਤਾ ਗਿਆ।
Publish Date: Fri, 05 Dec 2025 10:59 AM (IST)
Updated Date: Fri, 05 Dec 2025 11:00 AM (IST)

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ- ਵੱਖ-ਵੱਖ ਮੰਗਾਂ ਨੂੰ ਲੈ ਕਿਸਾਨਾਂ-ਮਜ਼ਦੂਰਾਂ ਵੱਲੋਂ ਰੇਲਾਂ ਦਾ ਚੱਕਾ ਜਾਮ ਕਰਨ ਦੇ ਐਲਾਨ ਨੂੰ ਮੱਦੇਨਜ਼ਰ ਅੱਜ ਤੜਕਸਾਰ ਪੰਜਾਬ ਪੁਲਿਸ ਵਲੋਂ ਮੂਹਰਲੀ ਕਤਾਰ ਦੇ ਕਿਸਾਨ-ਮਜ਼ਦੂਰ ਲੀਡਰਾਂ ਨੂੰ ਚੁੱਕ ਕੇ ਥਾਣਿਆਂ ਵਿਚ ਡੱਕਿਆ ਗਿਆ। ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਅਤੇ ਜਨਰਲ ਸਕੱਤਰ ਜਸਦੇਵ ਸਿੰਘ ਲਲਤੋਂ ਨੂੰ ਅੱਜ ਤੜਕਸਾਰ ਚੁੱਕ ਕੇ ਵੱਖ-ਵੱਖ ਥਾਣਿਆਂ ਵਿਚ ਬੰਦ ਕਰ ਦਿੱਤਾ ਗਿਆ।
ਥਾਣੇ ਵਿਚ ਬੰਦ ਕਿਸਾਨ ਆਗੂ ਜਸਦੇਵ ਸਿੰਘ ਲਲਤੋਂ ਨੇ 'ਪੰਜਾਬੀ ਜਾਗਰਣ' ਨੂੰ ਦੱਸਿਆ ਕਿ ਅੱਜ 5 ਦਸੰਬਰ ਨੂੰ ਕਿਸਾਨੀ ਮੰਗਾਂ ਨੂੰ ਲੈ ਕੇ ਦੋ ਘੰਟਿਆਂ ਲਈ ਰੇਲ ਰੋਕੋ ਅੰਦੋਲਨ ਕੀਤੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਨੂੰ ਮੱਦੇਨਜ਼ਰ ਰੱਖਦਿਆਂ ਪੁਲਿਸ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਫੜ ਕੇ ਅੰਦਰ ਥਾਣਿਆਂ ਵਿਚ ਡੱਕਿਆ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਤੇ ਮਜ਼ਦੂਰਾਂ ਦੀ ਅਵਾਜ਼ ਬੰਦ ਕੀਤੀ ਜਾ ਸਕੇ।
ਉਨ੍ਹਾਂ ਅੱਗੇ ਕਿਹਾ ਕਿਸਾਨ-ਮਜ਼ਦੂਰ ਵੱਲੋਂ ਐਲਾਨ ਕੀਤਾ ਗਿਆ ਕਿ ਉਨ੍ਹਾਂ ਵੱਲੋਂ ਬਿਜਲੀ ਸੋਧ ਬਿੱਲ 2025, ਸਰਕਾਰੀ ਜ਼ਮੀਨਾਂ ਨੂੰ ਵੇਚਣ ਅਤੇ ਸ਼ੰਭੂ ਖਨੌਰੀ ਮੋਰਚੇ ਨਾਲ ਜੁੜੇ ਮਾਮਲੇ ਵਿੱਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ਼ ਰੋਸ ਤਹਿਤ ਪੱਕੇ ਮੋਰਚੇ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਵਿੱਚ ਬਿਜਲੀ ਸੋਧ ਬਿਲ 2025 ਦਾ ਅਹਿਮ ਮੁੱਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਤਹਿਤ 17, 18 ਦਸੰਬਰ ਨੂੰ ਡੀਸੀ ਦਫਤਰਾਂ ਅੱਗੇ ਪੱਕੇ ਧਰਨੇ ਦਿੱਤੇ ਜਾਣਗੇ ਅਤੇ ਜੇਕਰ ਨਾ ਸੁਣਵਾਈ ਹੋਈ ਤਾਂ 19 ਦਸੰਬਰ ਨੂੰ ਰੇਲ ਰੋਕੋ ਅੰਦੋਲਨ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਪੰਜਾਬ ਸਰਕਾਰ ਉੱਤੇ ਵੀ ਰੋਸ ਜਤਾਉਂਦੇ ਹੋਏ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਉਨ੍ਹਾਂ ਕਿਹਾ ਕਿ 500 ਪ੍ਰਤੀ ਕੁਇਟਲ ਗੰਨੇ ਦਾ ਭਾਵ ਤੈਅ ਕਰਨਾ ਚਾਹੀਦਾ ਹੈ।