ਜਾਣਕਾਰੀ ਅਨੁਸਾਰ ਇਹ ਧਮਕੀ ਭਰਾ ਈ-ਮੇਲ ਸਵੇਰੇ ਨਗਰ ਨਿਗਮ ਦੇ ਅਧਿਕਾਰਕ ਈ-ਮੇਲ ਆਈਡੀਜ਼ ‘ਤੇ ਭੇਜਿਆ ਗਿਆ। ਈ-ਮੇਲ ਵਿੱਚ ਅਣਪਛਾਤੇ ਵਿਅਕਤੀ ਵੱਲੋਂ ਦਾਅਵਾ ਕੀਤਾ ਗਿਆ ਕਿ ਮੇਅਰ ਦਫ਼ਤਰ ਅਤੇ ਦਿਲਜੀਤ ਦੋਸਾਂਝ ਦੇ ਘਰ ਦੇ ਨੇੜੇ ਧਮਾਕੇ ਕੀਤੇ ਜਾਣਗੇ। ਇਸ ਦੇ ਨਾਲ ਕੁਝ ਖਾਸ ਸਮੇਂ ਦਾ ਵੀ ਜ਼ਿਕਰ ਕੀਤਾ ਗਿਆ, ਜਿਸ ਕਾਰਨ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ।

ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ: ਲੁਧਿਆਣਾ ਸ਼ਹਿਰ ਵਿੱਚ ਸੋਮਵਾਰ ਸਵੇਰੇ ਉਸ ਵੇਲੇ ਚਿੰਤਾ ਦਾ ਮਾਹੌਲ ਬਣ ਗਿਆ ਜਦੋਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਕ ਸ਼ੱਕੀ ਈ-ਮੇਲ ਮਿਲੀ। ਇਸ ਈ-ਮੇਲ ਵਿੱਚ ਸ਼ਹਿਰ ਦੇ ਮੇਅਰ ਦਫ਼ਤਰ ਅਤੇ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਦੇ ਲੁਧਿਆਣਾ ਸਥਿਤ ਘਰ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ। ਸੂਚਨਾ ਮਿਲਦੇ ਹੀ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿੱਚ ਆ ਗਈਆਂ।
ਜਾਣਕਾਰੀ ਅਨੁਸਾਰ ਇਹ ਧਮਕੀ ਭਰਾ ਈ-ਮੇਲ ਸਵੇਰੇ ਨਗਰ ਨਿਗਮ ਦੇ ਅਧਿਕਾਰਕ ਈ-ਮੇਲ ਆਈਡੀਜ਼ ‘ਤੇ ਭੇਜਿਆ ਗਿਆ। ਈ-ਮੇਲ ਵਿੱਚ ਅਣਪਛਾਤੇ ਵਿਅਕਤੀ ਵੱਲੋਂ ਦਾਅਵਾ ਕੀਤਾ ਗਿਆ ਕਿ ਮੇਅਰ ਦਫ਼ਤਰ ਅਤੇ ਦਿਲਜੀਤ ਦੋਸਾਂਝ ਦੇ ਘਰ ਦੇ ਨੇੜੇ ਧਮਾਕੇ ਕੀਤੇ ਜਾਣਗੇ। ਇਸ ਦੇ ਨਾਲ ਕੁਝ ਖਾਸ ਸਮੇਂ ਦਾ ਵੀ ਜ਼ਿਕਰ ਕੀਤਾ ਗਿਆ, ਜਿਸ ਕਾਰਨ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ।
ਸੂਤਰਾਂ ਮੁਤਾਬਕ ਈ-ਮੇਲ ਵਿੱਚ ਧਮਕੀ ਭਰੀ ਭਾਸ਼ਾ ਵਰਤੀ ਗਈ ਸੀ ਅਤੇ ਕੁਝ ਵਿਅਕਤੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਵੀ ਚਿਤਾਵਨੀ ਦਿੱਤੀ ਗਈ। ਇਸ ਈਮੇਲ ਵਿੱਚ 8 ਵਜਕੇ 28 ਮਿੰਟ 'ਤੇ ਮੇਅਰ ਦੇ ਦਫਤਰ ਵਿੱਚ ਹਮਲਾ ਕਰਨ ਦੀ ਧਮਕੀ ਦਿੱਤੀ ਗਈ ਜਦਕਿ 1 .11 ਮਿੰਟ 'ਤੇ ਮੇਅਰ 'ਤੇ ਹਮਲੇ ਬਾਰੇ ਲਿਖਿਆ ਗਿਆ। 9 ਵਜ ਕੇ 11 ਮਿੰਟ 'ਤੇ ਦਿਲਜੀਤ ਦੁਸਾਂਝ ਦੇ ਘਰ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ। ਧਮਕੀ ਭਰੇ ਈ-ਮੇਲ ਵਿੱਚ 1984 ਦੇ ਸਿੱਖ ਦੰਗਿਆਂ ਦਾ ਹਵਾਲਾ ਦਿੰਦਿਆਂ “ਖੂਨ ਦਾ ਬਦਲਾ ਖੂਨ” ਵਰਗੀਆਂ ਗੱਲਾਂ ਲਿਖੀਆਂ ਗਈਆਂ ਹਨ। ਈ-ਮੇਲ ਭੇਜਣ ਵਾਲਿਆਂ ਨੇ 6 ਜੂਨ ਤੱਕ ਬੰਬ ਧਮਾਕਿਆਂ ਦੀ ਚਿਤਾਵਨੀ ਦਿੱਤੀ ਹੈ। ਇਹ ਈ-ਮੇਲ ਆਪਣੇ ਆਪ ਨੂੰ “ਖਾਲਿਸਤਾਨ ਨੈਸ਼ਨਲ ਆਰਮੀ” ਨਾਲ ਜੁੜਿਆ ਦੱਸਦੇ ਹੋਏ ਦੋ ਨਾਂ ਵੀ ਦਰਜ ਕਰਦਾ ਹੈ। ਮਾਮਲੇ ਤੋਂ ਬਾਅਦ ਪੁਲਿਸ ਅਤੇ ਸਾਈਬਰ ਸੈੱਲ ਪੂਰੀ ਤਰ੍ਹਾਂ ਅਲਰਟ ਹੋ ਗਏ ਹਨ ਅਤੇ ਈ-ਮੇਲ ਦੇ ਆਈਪੀ ਐਡਰੈੱਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਾਬਲੇਗੋਰ ਹੈ ਕਿ ਹਰ ਸਾਲ ਮਈ ਅਤੇ ਜੂਨ ਦੇ ਮਹੀਨੇ ਵਿੱਚ ਅਜਿਹੀਆਂ ਧਮਕੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਪਿਛਲੇ ਕੁਝ ਦਿਨਾਂ ਵਿੱਚ ਵੀ ਲੁਧਿਆਣਾ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਪਰ ਜ਼ਿਆਦਾਤਰ ਮਾਮਲੇ ਫਰਜ਼ੀ ਹੁੰਦੇ ਹਨ ਅਤੇ ਇਹਨਾਂ ਧਮਕੀਆਂ ਨੂੰ ਸ਼ਰਾਰਤੀ ਤੱਤਾ ਵੱਲੋਂ ਭੇਜਿਆ ਜਾਂਦਾ ਹੈ, ਪਰ ਫਿਰ ਵੀ ਸੁਰੱਖਿਆ ਦੇ ਮੱਦੇਨਜ਼ਰ ਇਸ ਮਾਮਲੇ ਨੂੰ ਲੈ ਕੇ ਲੁਧਿਆਣਾ ਪੁਲਿਸ ਪੂਰੀ ਤਰ੍ਹਾਂ ਅਲਰਟ ਹੈ।