ਦਿੱਲੀ ਪੁਲਿਸ ਦਾ ਪੇਪਰ ਰੱਦ ਹੋਣ ’ਤੇ ਖਫ਼ਾ ਹੋਏ ਪ੍ਰੀਖਿਆਰਥੀਆਂ ਵੱਲੋਂ ਧਰਨਾ
ਦਿੱਲੀ ਪੁਲਿਸ ਦਾ ਪੇਪਰ ਰੱਦ ਹੋਣ ’ਤੇ ਖਫ਼ਾ ਹੋਏ ਪ੍ਰੀਖਿਆਰਥੀਆਂ ਵੱਲੋਂ ਧਰਨਾ
Publish Date: Sat, 20 Dec 2025 09:13 PM (IST)
Updated Date: Sun, 21 Dec 2025 04:13 AM (IST)

ਪੰਜਾਬ, ਰਾਜਸਥਾਨ, ਹਰਿਆਣਾ ਸਮੇਤ ਹੋਰਾਂ ਸੂਬਿਆਂ ਤੋਂ ਪੁੱਜੇ ਸਨ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਨੇੜਲੇ ਚੌਂਕੀਮਾਨ ਦੀ ਸੀਟੀ ਯੂਨੀਵਰਸਿਟੀ ਵਿਖੇ ਕੜਾਕੇ ਦੀ ਠੰਢ ਤੇ ਜ਼ਬਰਦਸਤ ਧੁੰਦ ’ਚ ਦਿੱਲੀ ਪੁਲਿਸ ਦਾ ਪੇਪਰ ਦੇਣ ਆਏ ਪ੍ਰੀਖਿਆਰਥੀ ਉਸ ਸਮੇਂ ਭੜਕ ਕੇ ਧਰਨੇ ’ਤੇ ਬੈਠ ਗਏ, ਜਦੋਂ ਉਨ੍ਹਾਂ ਨੂੰ ਪੇਪਰ ਰੱਦ ਹੋਣ ਦਾ ਫ਼ਰਮਾਨ ਸੁਣਾਇਆ। ਪੇਪਰ ਰੱਦ ਹੋਣ ’ਤੇ ਖਫ਼ਾ ਪ੍ਰੀਖਿਆਰਥੀਆਂ ਨੇ ਤਿੱਖਾ ਵਿਰੋਧ ਜਿਤਾਉਂਦਿਆਂ ਕਿਹਾ ਕਿ ਇਹ ਮਜ਼ਾਕ ਹੈ, ਜੋ ਉਨ੍ਹਾਂ ਨੂੰ ਸੈਂਕੜੇ ਕਿਲੋਮੀਟਰ ਦੂਰੋਂ ਬੁਲਾ ਕੇ ਬੇਰੰਗ ਪਰਤਣ ਲਈ ਇੱਕ ਨੋਟਿਸ ਚਿਪਕਾ ਦਿੱਤਾ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਨੂੰ ਪੇਪਰ ਰੱਦ ਹੋਣ ਤੇ ਇਸ ਸਬੰਧੀ ਅਗਲੇ ਦਿਸ਼ਾ-ਨਿਰਦੇਸ਼ਾਂ ਬਾਰੇ ਕੋਈ ਦੱਸਣ ਨੂੰ ਵੀ ਨਹੀਂ ਬਹੁੜਿਆ। ਪ੍ਰੀਖਿਆ ਰੱਦ ਹੋਣ ਤੋਂ ਲੈ ਕੇ ਅਗਲੇ ਨਿਰਦੇਸ਼ਾਂ ਸਬੰਧੀ ਉਨ੍ਹਾਂ ਦੇ ਦਿਮਾਗ ’ਚ ਅਨੇਕਾਂ ਸਵਾਲ ਹਨ। ਹੁਣ ਉਹ ਪੁੱਛਣ ਤਾਂ ਕਿਸ ਨੂੰ? ਸ਼ਨੀਵਾਰ ਅੱਤ ਦੀ ਠੰਢ ਤੇ ਜ਼ਬਰਦਸਤ ਧੁੰਦ ’ਚ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਤੇ ਰਾਜਸਥਾਨ ਤੋਂ ਕਰੀਬ 130 ਪ੍ਰੀਖਿਆਰਥੀ ਦਿੱਲੀ ਪੁਲਿਸ ਦੀ ਭਰਤੀ ਲਈ ਪੇਪਰ ਦੇਣ ਸੀਟੀ ਯੂਨੀਵਰਸਿਟੀ ਚੌਂਕੀਮਾਨ ’ਚ ਬਣੇ ਪ੍ਰੀਖਿਆ ਕੇਂਦਰ ’ਚ ਪਹੁੰਚੇ। ਪੇਪਰ ਸ਼ੁਰੂ ਹੋਣ ਤੋਂ ਮਹਿਜ਼ ਦੋ ਘੰਟੇ ਪਹਿਲਾਂ ਸਵੇਰੇ 9 ਵਜੇ ਸੀਟੀ ਯੂਨੀਵਰਸਿਟੀ ਦੇ ਨੋਟਿਸ ਬੋਰਡ ’ਤੇ ਪੇਪਰ ਰੱਦ ਹੋਣ ਦਾ ਚਿਪਕਾਇਆ ਨੋਟਿਸ ਪੜ੍ਹ ਕੇ ਇਹ ਪ੍ਰੀਖਿਆਰਥੀ ਭੜਕ ਉਠੇ। ਉਨ੍ਹਾਂ ਵਿਰੋਧ ਜਿਤਾਉਂਦਿਆਂ ਧਰਨਾ ਦੇ ਦਿੱਤਾ। ਵਿਦਿਆਰਥੀਆਂ ਦਾ ਤਿੱਖਾ ਰੁਖ਼ ਦੇਖਦਿਆਂ ਸੀਟੀ ਯੂਨੀਵਰਸਿਟੀ ਤੋਂ ਮਿਲੀ ਸੂਚਨਾ ’ਤੇ ਪੁਲਿਸ ਚੌਂਕੀਮਾਨ ਦੇ ਮੁਖੀ ਸੁਰਜੀਤ ਸਿੰਘ ਪੁਲਿਸ ਫੋਰਸ ਸਮੇਤ ਪੁੱਜੇ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ’ਤੇ ਸ਼ਾਂਤ ਕਰਵਾਇਆ। ਸੀਟੀ ਯੂਨੀਵਰਸਿਟੀ ਦੇ ਸਟੂਡੈਂਟਸ ਵੈੱਲਫੇਅਰ ਇੰਚਾਰਜ ਦਵਿੰਦਰ ਸਿੰਘ ਨੇ ਦੱਸਿਆ ਕਿ ਸੀਟੀ ਯੂਨੀਵਰਸਿਟੀ ’ਚ ਤਾਂ ਪ੍ਰੀਖਿਆ ਕੇਂਦਰ ਸੀ। ਸੀਟੀ ਯੂਨੀਵਰਸਿਟੀ ਦਾ ਇਸ ਨਾਲ ਕੋਈ ਸਬੰਧ ਨਹੀਂ, ਉਨ੍ਹਾਂ ਨੂੰ ਤਾਂ ਪ੍ਰੀਖਿਆ ਰੱਦ ਹੋਣ ਦਾ ਨੋਟਿਸ ਹੀ ਭੇਜਿਆ ਗਿਆ ਸੀ। ਬਾਕਸ-- ਲਾਅ ਦਾ ਪੇਪਰ ਛੱਡ ਕੇ ਆਈ ਤਮੰਨਾ ਨੂੰ ਸਾਲ ਕਰਨਾ ਪਵੇਗਾ ਇੰਤਜਾਰ ਹਰਿਆਣਾ ਦੇ ਹਿਸਾਰ ਤੋਂ ਲਾਅ ਦੇ ਫਾਈਨਲ ਸਾਲ ਦੀ ਵਿਦਿਆਰਥਣ ਤਮੰਨਾ ਪਵਾਰ ਦਾ ਕਹਿਣਾ ਹੈ ਕਿ ਉਹ ਅੱਜ ਆਪਣਾ ਲਾਅ ਦਾ ਪੇਪਰ ਛੱਡ ਕੇ ਪੁਲਿਸ ਭਰਤੀ ਦਾ ਪੇਪਰ ਦੇਣ ਆਈ ਸੀ, ਹੁਣ ਉਸ ਨੂੰ ਇਨਰੌਲ ਹੋਣ ਲਈ ਸਾਲ ਇੰਤਜ਼ਾਰ ਕਰਨਾ ਪਵੇਗਾ। ਖੰਨਾ ਤੋਂ ਪੁੱਜੀ ਅਲਕਾ ਦਾ ਕਹਿਣਾ ਹੈ ਕਿ ਅੱਜ ਪ੍ਰੀਖਿਆ ਰੱਦ ਦਾ ਕੋਈ ਸਪੱਸ਼ਟ ਕਾਰਨ ਨਹੀਂ ਦੱਸਿਆ ਜਾ ਰਿਹਾ, ਜੋ ਉਨ੍ਹਾਂ ਲਈ ਚਿੰਤਾ ਦਾ ਵਿਸ਼ਾ ਹੈ। ਇਸ ਤਰ੍ਹਾਂ ਐਨ ਮੌਕੇ ’ਤੇ ਪ੍ਰੀਖਿਆ ਰੱਦ ਕਰਨਾ ਦੇ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।