ਦੇਹ ਵਪਾਰ ਦਾ ਪਰਦਾਫਾਸ਼, ਥਾਣਾ ਮੋਤੀ ਨਗਰ ਪੁਲਿਸ ਦੀ ਰੇਡ ਦੌਰਾਨ 7 ਜੋੜੇ ਕਾਬੂ
ਰਿਹਾਇਸ਼ੀ ਇਲਾਕੇ ’ਚ ਦੇਹ ਵਪਾਰ ਦਾ ਪਰਦਾਫਾਸ਼, ਮੋਤੀ ਨਗਰ ਪੁਲਿਸ ਦੀ ਰੇਡ ਦੌਰਾਨ 7 ਜੋੜੇ ਕਾਬੂ
Publish Date: Wed, 28 Jan 2026 10:02 PM (IST)
Updated Date: Thu, 29 Jan 2026 04:16 AM (IST)

* ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਦੀ ਸੂਚਨਾ ’ਤੇ ਹੋਈ ਤੁਰੰਤ ਕਾਰਵਾਈ, ਮੁੱਖ ਸਰਗਨਿਆਂ ਤੱਕ ਪਹੁੰਚਣ ਦੀ ਤਿਆਰੀ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਮਹਾਨਗਰ ਲੁਧਿਆਣਾ ਦੇ ਮੋਤੀ ਨਗਰ ਇਲਾਕੇ ’ਚ ਰਿਹਾਇਸ਼ੀ ਘਰ ਦੀ ਆੜ ਹੇਠ ਚੱਲ ਰਹੇ ਕਥਿਤ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਹੋਇਆ ਹੈ। ਹਲਕੇ ਦੀ ਵਿਧਾਇਕਾ ਰਜਿੰਦਰ ਪਾਲ ਕੌਰ ਛੀਨਾ ਨੂੰ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਰੇਡ ਕਰ ਕੇ ਮੌਕੇ ਤੋਂ ਕਰੀਬ 7 ਜੋੜਿਆਂ ਨੂੰ ਕਾਬੂ ਕੀਤਾ ਹੈ। ਇਸ ਕਾਰਵਾਈ ਦੌਰਾਨ ਵਿਧਾਇਕ ਖੁਦ ਵੀ ਪੁਲਿਸ ਟੀਮ ਨਾਲ ਮੌਕੇ ’ਤੇ ਮੌਜੂਦ ਰਹੀ। ਮੌਕੇ ’ਤੇ ਪਹੁੰਚ ਕੇ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਗ਼ਲਤ ਅਨਸਰਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਰਿਹਾਇਸ਼ੀ ਇਲਾਕਿਆਂ ’ਚ ਅਜਿਹੀਆਂ ਇਤਰਾਜ਼ਯੋਗ ਗਤੀਵਿਧੀਆਂ ਕਦੇ ਵੀ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਫੜੇ ਗਏ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਇਸ ਗ਼ੈਰ-ਕਾਨੂੰਨੀ ਧੰਦੇ ਨਾਲ ਜੁੜੇ ਮੁੱਖ ਸਰਗਨਿਆਂ ਨੂੰ ਵੀ ਜਲਦ ਬੇਨਕਾਬ ਕੀਤਾ ਜਾਵੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਵਸਨੀਕਾਂ ਵੱਲੋਂ ਕਾਫ਼ੀ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇਕ ਆਮ ਦਿਖਣ ਵਾਲੇ ਘਰ ਨੂੰ ਅੰਦਰੋਂ ‘ਹੋਟਲ’ ਵਾਂਗ ਵਰਤਿਆ ਜਾ ਰਿਹਾ ਸੀ, ਜਿੱਥੇ ਹਰ ਵੇਲੇ ਬਾਹਰੀ ਲੋਕਾਂ ਦੀ ਆਵਾਜਾਈ ਰਹਿੰਦੀ ਸੀ। ਲੋਕਾਂ ਨੂੰ ਸ਼ੱਕ ਸੀ ਕਿ ਮਕਾਨ ਅੰਦਰ ਗੈਰ-ਕਾਨੂੰਨੀ ਤੇ ਇਤਰਾਜ਼ਯੋਗ ਗਤੀਵਿਧੀਆਂ ਚੱਲ ਰਹੀਆਂ ਹਨ। ਸ਼ਿਕਾਇਤਾਂ ਦੀ ਪੁਸ਼ਟੀ ਹੋਣ ’ਤੇ ਪੁਲਿਸ ਨੇ ਯੋਜਨਾਬੱਧ ਢੰਗ ਨਾਲ ਰੇਡ ਕੀਤੀ। ਰੇਡ ਦੌਰਾਨ ਮੌਕੇ ਤੋਂ ਕਈ ਲੜਕੇ ਤੇ ਲੜਕੀਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਤੋਂ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਥਾਣਾ ਮੋਤੀ ਨਗਰ ਦੇ ਐੱਸਐੱਚਓ ਨੇ ਦੱਸਿਆ ਕਿ ਵਿਧਾਇਕ ਵੱਲੋਂ ਮਿਲੀ ਸੂਚਨਾ ਤੋਂ ਬਾਅਦ ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਰੇਡ ਕੀਤੀ। ਇਸ ਵੇਲੇ ਘਰ ਦੇ ਮਾਲਕ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਇਹ ਵੀ ਜਾਂਚ ਅਧੀਨ ਹੈ ਕਿ ਬਿਨ੍ਹਾਂ ਕਿਸੇ ਕਮਰਸ਼ੀਅਲ ਲਾਇਸੈਂਸ ਦੇ ਘਰ ਨੂੰ ਹੋਟਲ ਵਾਂਗ ਕਿਵੇਂ ਵਰਤਿਆ ਜਾ ਰਿਹਾ ਸੀ। ਇਲਾਕਾ ਵਾਸੀਆਂ ਨੇ ਪੁਲਿਸ ਦੀ ਕਾਰਵਾਈ ਦਾ ਸਵਾਗਤ ਕੀਤੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫੜੇ ਗਏ ਵਿਅਕਤੀਆਂ ਖ਼ਿਲਾਫ਼ ਸੰਬੰਧਤ ਕਾਨੂੰਨੀ ਧਾਰਾਵਾਂ ਹੇਠ ਕਾਰਵਾਈ ਕੀਤੀ ਜਾ ਰਹੀ ਹੈ।