ਚੋਰਾਂ ਦੇ ਨਿਸ਼ਾਨੇ 'ਤੇ ਪ੍ਰਿੰਸੀਪਲ ਦਾ ਘਰ ! ਲੁਧਿਆਣਾ ਦੇ ਪਿੰਡ ਰੁੜਕਾ 'ਚ ਲੱਖਾਂ ਦੀ ਚੋਰੀ, ਇਲਾਕੇ 'ਚ ਦਹਿਸ਼ਤ
ਲੁਧਿਆਣਾ ਦੇ ਪਿੰਡ ਰੁੜਕਾ ਵਿੱਚ ਪੈਂਦੇ ਥੋਮਸ ਕਾਨਵੈਂਟ ਸਕੂਲ ਦੇ ਪ੍ਰਿੰਸੀਪਲ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਨੇ ਕਈ ਤੋਲੇ ਸੋਨੇ ਦੇ ਗਹਿਣੇ, ਨਕਦੀ ਅਤੇ ਮੋਬਾਈਲ ਫੋਨ ਤੇ ਹੱਥ ਸਾਫ ਕਰ ਦਿੱਤਾ
Publish Date: Sat, 31 Jan 2026 02:41 PM (IST)
Updated Date: Sat, 31 Jan 2026 02:50 PM (IST)
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ, ਲੁਧਿਆਣਾ : ਲੁਧਿਆਣਾ ਦੇ ਪਿੰਡ ਰੁੜਕਾ ਵਿੱਚ ਪੈਂਦੇ ਥੋਮਸ ਕਾਨਵੈਂਟ ਸਕੂਲ ਦੇ ਪ੍ਰਿੰਸੀਪਲ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਨੇ ਕਈ ਤੋਲੇ ਸੋਨੇ ਦੇ ਗਹਿਣੇ, ਨਕਦੀ ਅਤੇ ਮੋਬਾਈਲ ਫੋਨ ਤੇ ਹੱਥ ਸਾਫ ਕਰ ਦਿੱਤਾ। ਇਸ ਮਾਮਲੇ ਵਿੱਚ ਥਾਣਾ ਡੇਹਲੋ ਦੀ ਪੁਲਿਸ ਨੇ ਪਿੰਡ ਡੇਹਲੋ ਦੇ ਵਾਸੀ ਸੋਗਿਨ ਜੇ ਚਿਰਾਇਲ ਦੀ ਸ਼ਿਕਾਇਤ ਤੇ ਅਣਪਛਾਤੇ ਚੋਰਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਚੋਰਾਂ ਦੀ ਤਲਾਸ਼ ਕਰਨ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਵਿੱਚ ਜੁੜ ਗਈ ਹੈ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਸੋਗਿਨ ਜੇ ਚਿਰਾਇਲ ਨੇ ਦੱਸਿਆ ਕਿ ਉਹ ਇਲਾਕੇ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ।
ਬੀਤੇ ਦਿਨ ਉਹ ਹਰ ਰੋਜ਼ ਵਾਂਗ ਸਕੂਲ ਚਲਾ ਗਿਆ। ਚਿਰਾਇਲ ਸ਼ਾਮ ਵੇਲੇ ਜਦ ਘਰ ਵਾਪਸ ਆਇਆ ਤਾਂ ਉਸ ਦੇ ਹੋਸ਼ ਉੱਡ ਗਏ। ਅਲਮਾਰੀ ਵਿੱਚ ਪਏ ਸੋਨੇ ਦੇ ਗਹਿਣੇ ਨਕਦੀ ਅਤੇ ਮੋਬਾਇਲ ਫੋਨ ਚੋਰੀ ਹੋ ਚੁੱਕਾ ਸੀ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਅਲਮਾਰੀ ਵਿੱਚ 32 ਗ੍ਰਾਮ ਦੀ ਚੇਨ, ਇੱਕ ਅੱਠ ਗ੍ਰਾਮ ਦੀ ਰਿੰਗ, 15ਹਜਾਰ ਦੀ ਰਕਮ ਅਤੇ ਇੱਕ ਮੋਬਾਈਲ ਫੋਨ ਸੀ। ਉਧਰੋਂ ਇਸ ਮਾਮਲੇ ਵਿੱਚ ਏਐਸਆਈ ਪਰਮਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪ੍ਰਿੰਸੀਪਲ ਦੀ ਸ਼ਿਕਾਇਤ ਤੇ ਅਣਪਛਾਤੇ ਚੋਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਤਫਤੀਸ਼ ਕਰਕੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।