ਠੋਸ ਰਹਿੰਦ-ਖੂੰਹਦ ਦੇ ਨਿਪਟਾਰੇ ਸਬੰਧੀ ਸਿਖਲਾਈ ਪ੍ਰੋਗਰਾਮ
ਪੀਪੀਸੀਬੀ ਅਤੇ ਨਗਰ ਨਿਗਮ ਨੇ ਠੋਸ ਰਹਿੰਦ-ਖੂੰਹਦ ਦੇ ਨਿਪਟਾਰੇ ਸੰਬਧੀ ਕਰਵਾਇਆ ਸਿਖਲਾਈ ਪ੍ਰੋਗਰਾਮ
Publish Date: Tue, 02 Dec 2025 08:26 PM (IST)
Updated Date: Wed, 03 Dec 2025 04:12 AM (IST)

ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ ਸਨਅਤੀ ਸ਼ਹਿਰ ਨੂੰ ਕੂੜਾ ਮੁਕਤ ਕਰਨ ’ਚ ਲੱਗੇ ਨਗਰ ਨਿਗਮ ਨਾਲ ਹੁਣ ਪੀਪੀਸੀਬੀ ਵੀ ਮੈਦਾਨ ’ਚ ਆ ਗਿਆ ਹੈ। ਦੋਨੋਂ ਵਿਭਾਗਾਂ ਵੱਲੋਂ ਇਕੱਠੋ ਹੋ ਕੇ ਲੋਕਾਂ ਨੂੰ ਕੂੜੇ ਦੇ ਨਿਪਟਾਰੇ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਇਸੇ ਤਹਿਤ ਮੰਗਲਵਾਰ ਨੂੰ ਪੀਪੀਸੀਬੀ ਤੇ ਨਗਰ ਨਿਗਮ ਵੱਲੋਂ ਸਾਂਝੇ ਤੌਰ ’ਤੇ ਮਾਤਾ ਰਾਣੀ ਚੌਕ ਸਥਿਤ ਨਗਰ ਨਿਗਮ ਜ਼ੋਨ-ਏ ਦਫ਼ਤਰ ਦੇ ਮੀਟਿੰਗ ਹਾਲ ’ਚ ਠੋਸ ਰਹਿੰਦ-ਖੂੰਹਦ ਨੂੰ ਖੁੱਲ੍ਹੇ ’ਚ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਨਿਗਮ ਦੀ ਸਿਹਤ ਸ਼ਾਖਾ ਲਈ ਇੱਕ ਜਾਗਰੂਕਤਾ-ਕਮ-ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਜਾਗਰੂਕਤਾ-ਕਮ-ਸਿਖਲਾਈ ਪ੍ਰੋਗਰਾਮ ’ਚ 120 ਨਗਰ ਨਿਗਮ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਹਿੱਸਾ ਲੈ ਸਿਖਲਾਈ ਪ੍ਰਾਪਤ ਕੀਤੀ। ਇਸ ਜਾਗਰੂਕਤਾ-ਕਮ-ਸਿਖਲਾਈ ਪ੍ਰੋਗਰਾਮ ’ਚ ਨਗਰ ਕੌਂਸਲਾਂ ਦੇ ਈਓ, ਸੀਐੱਸਆਈ, ਐੱਸਆਈ ਤੇ ਸੈਨੇਟਰੀ ਸੁਪਰਵਾਈਜ਼ਰ ਸ਼ਾਮਲ ਸਨ। ਜਾਗਰੂਕਤਾ-ਕਮ-ਸਿਖਲਾਈ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪੀਪੀਸੀਬੀ ਦੇ ਵਾਤਾਵਰਣ ਇੰਜੀ. ਰਣਤੇਜ ਸ਼ਰਮਾ ਅਤੇ ਸੀਐੱਸਟੀਈਪੀ ਦੀ ਮੈਂਬਰ ਸਵਾਤੀ ਨੇ ਨਗਰ ਨਿਗਮ ਤੇ ਨਗਰ ਕੌਂਸਲ ਦੇ ਸਟਾਫ ਨੂੰ ਠੋਸ ਰਹਿੰਦ-ਖੂੰਹਦ ਨੂੰ ਸਾੜਨ ਨਾਲ ਹੋਣ ਵਾਲੇ ਸਿਹਤ ਖਤਰਿਆਂ ’ਤੇ ਚਾਨਣਾ ਪਾਇਆ। ਬੁਲਾਰਿਆਂ ਨੇ ਸਮੱਸਿਆ ਨੂੰ ਘਟਾਉਣ ’ਚ ਸਫਾਈ ਸੇਵਕਾਂ ਦੀ ਮੁੱਖ ਭੂਮਿਕਾ ’ਤੇ ਵੀ ਜ਼ੋਰ ਦਿੱਤਾ। ਨਗਰ ਨਿਗਮ ਦੇ ਐੱਸਆਈਐਸ ਅਧਿਕਾਰੀਆਂ ਨੂੰ ਨਿਯਮਾਂ ਅਨੁਸਾਰ ਉਲੰਘਣਾ ਕਰਨ ਵਾਲਿਆਂ ’ਤੇ ਲਾਏ ਜਾ ਸਕਣ ਵਾਲੇ ਵਿੱਤੀ ਜੁਰਮਾਨਿਆਂ ਬਾਰੇ ਵੀ ਜਾਣੂ ਕਰਵਾਇਆ ਗਿਆ। ਸੈਸ਼ਨ ਦੇ ਅੰਤ ’ਚ ਨਗਰ ਨਿਗਮ ਠੋਸ ਰਹਿੰਦ-ਖੂੰਹਦ ਨੂੰ ਖੁੱਲ੍ਹੇ ’ਚ ਸਾੜਨ ਦੀਆਂ ਘਟਨਾਵਾਂ ’ਚ ਕਮੀ ਦੀ ਸੰਭਾਵਨਾਵਾਂ ਦੀ ਪੜਚੋਲ ਕਰਨ ਸੰਬਧੀ ਇੱਕ ਖੁੱਲ੍ਹੀ ਚਰਚਾ ਨਾਲ ਹੋਇਆ। ਸਮਾਗਮ ਦੇ ਅੰਤ ’ਚ ਉਕਤ ਸਾਰੇ ਭਾਗੀਦਾਰਾਂ ਵੱਲੋਂ ਨਗਰ ਨਿਗਮ ਠੋਸ ਰਹਿੰਦ-ਖੂੰਹਦ ਨੂੰ ਸਾਫ਼-ਸੁਥਰਾ ਵਾਤਾਵਰਣ ਤੇ ਕੂੜੇ ਦੇ ਵਿਗਿਆਨਕ ਢੰਗ ਨਾਲ ਨਿਪਟਾਰੇ ਸੰਬਧੀ ਤੇ ਲੋਕਾਂ ‘ਚ ਹੋਰ ਜਾਗਰੂਕਤਾ ਪੈਦਾ ਕਰਨ ਲਈ ਸਹੁੰ ਚੁੱਕੀ ਗਈ।