ਹਾਲਾਂਕਿ ਜ਼ਿਲ੍ਹਾ ਪੁਲਿਸ ਨੇ ਉਸ ਨੂੰ ਪਿੰਡ ਟੂਸਾ ਦੀ ਸਰਪੰਚ ਨੂੰ ਚੋਣਾਂ ਮੌਕੇ ਵਿਦੇਸ਼ੀ ਨੰਬਰ ਤੋਂ ਬੰਬੀਹਾ ਗੈਂਗ ਦਾ ਮੈਂਬਰ ਬਣ ਕੇ ਧਮਕੀ ਦੇਣ ’ਤੇ ਦਰਜ ਹੋਏ ਮੁਕੱਦਮੇ ਵਿਚ ਨਾਮਜ਼ਦ ਕਰ ਕੇ ਪ੍ਰੋਡਕਸ਼ਨ ਵਰੰਟ ’ਤੇ ਪਟਿਆਲਾ ਤੋਂ ਲਿਆਂਦਾ ਹੈ ਪਰ ਸੂਤਰਾਂ ਅਨੁਸਾਰ ਭਵਦੀਪ ਤੋਂ ਕਿਸੇ ਵੱਡੇ ਮਾਮਲੇ ਵਿਚ ਪੁੱਛਗਿੱਛ ਕੀਤੀ ਜਾਣੀ ਹੈ।

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਸ਼ਿੰਗਾਰ ਸਿਨੇਮਾ ਬੰਬ ਕਾਂਡ ’ਚ ਬਰੀ ਹੋਏ ਭਵਦੀਪ ਸਿੰਘ ਨੂੰ ਜਗਰਾਓਂ ਪੁਲਿਸ ਨੇ ਪਟਿਆਲਾ ਦੀ ਕੇਂਦਰੀ ਜੇਲ੍ਹ ’ਚੋਂ ਪ੍ਰੋਡਕਸ਼ਨ ਵਰੰਟ ’ਤੇ ਲਿਆਂਦਾ। ਸਖਤ ਸੁਰੱਖਿਆ ਪ੍ਰਬੰਧਾਂ ਹੇਠ ਭਵਦੀਪ ਨੂੰ ਜਗਰਾਓਂ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਨੇ ਉਸ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ। ਵਰਣਨਯੋਗ ਹੈ ਕਿ ਭਵਦੀਪ ਸਿੰਘ ਚਾਹੇ ਸ਼ਿੰਗਾਰ ਸਿਨੇਮਾ ਬੰਬ ਕਾਂਡ ਵਿਚੋਂ ਬਰੀ ਹੋ ਗਿਆ ਪਰ ਉਸ ਦੇ ਖ਼ਿਲਾਫ਼ ਅਨਲਾਅਫੁਲ ਐਕਟੀਵਿਟੀਜ਼ ਪ੍ਰੀਵੈਨਸ਼ਨ ਐਕਟ (ਯਾਪਾ) ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਕਈ ਮੁਕੱਦਮੇ ਦਰਜ ਹਨ। ਹਾਲਾਂਕਿ ਜ਼ਿਲ੍ਹਾ ਪੁਲਿਸ ਨੇ ਉਸ ਨੂੰ ਪਿੰਡ ਟੂਸਾ ਦੀ ਸਰਪੰਚ ਨੂੰ ਚੋਣਾਂ ਮੌਕੇ ਵਿਦੇਸ਼ੀ ਨੰਬਰ ਤੋਂ ਬੰਬੀਹਾ ਗੈਂਗ ਦਾ ਮੈਂਬਰ ਬਣ ਕੇ ਧਮਕੀ ਦੇਣ ’ਤੇ ਦਰਜ ਹੋਏ ਮੁਕੱਦਮੇ ਵਿਚ ਨਾਮਜ਼ਦ ਕਰ ਕੇ ਪ੍ਰੋਡਕਸ਼ਨ ਵਰੰਟ ’ਤੇ ਪਟਿਆਲਾ ਤੋਂ ਲਿਆਂਦਾ ਹੈ ਪਰ ਸੂਤਰਾਂ ਅਨੁਸਾਰ ਭਵਦੀਪ ਤੋਂ ਕਿਸੇ ਵੱਡੇ ਮਾਮਲੇ ਵਿਚ ਪੁੱਛਗਿੱਛ ਕੀਤੀ ਜਾਣੀ ਹੈ।
ਜਾਣਕਾਰੀ ਅਨੁਸਾਰ 3 ਅਕਤੂਬਰ, 2024 ਨੂੰ ਪਿੰਡ ਟੂਸਾ ਤੋਂ ਸਰਪੰਚ ਦੀ ਚੋਣ ਲਈ ਆਜ਼ਾਦ ਖੜ੍ਹੇ ਸੁਖਦੀਪ ਕੌਰ ਨੂੰ ਉਨ੍ਹਾਂ ਦੇ ਮੋਬਾਈਲ ’ਤੇ ਵਿਦੇਸ਼ੀ ਵ੍ਹਟਸਐਪ ਨੰਬਰ ਤੋਂ ਫੋਨ ਆਇਆ ਕਿ ਉਹ ਬੰਬੀਹਾ ਗਰੁੱਪ ਦਾ ਮੈਂਬਰ ਬੋਲਦਾ ਹੈ, ਧਮਕੀ ਦਿੱਤੀ ਕਿ ਉਹ ਸਰਪੰਚੀ ਦੀ ਚੋਣ ਨਾ ਲੜੇ, ਨਹੀਂ ਤਾਂ ਉਸ ਦਾ ਹਸ਼ਰ ਮਾੜਾ ਹੋਵੇਗਾ। ਇਸ ਮਾਮਲੇ ਵਿਚ ਥਾਣਾ ਸੁਧਾਰ ਦੀ ਪੁਲਿਸ ਨੇ 7 ਅਕਤੂਬਰ, 2024 ਨੂੰ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਸੀ। ਇਸ ਮੁਕੱਦਮੇ ਵਿਚ ਦੋ ਦਿਨ ਪਹਿਲਾਂ ਥਾਣਾ ਸੁਧਾਰ ਦੀ ਪੁਲਿਸ ਨੇ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਕਈ ਮਾਮਲਿਆਂ ’ਚ ਬੰਦ ਭਵਦੀਪ ਸਿੰਘ ਵਾਸੀ ਘੁਮਾਣ ਨੂੰ ਨਾਮਜ਼ਦ ਕੀਤਾ।
ਵੀਰਵਾਰ ਨੂੰ ਡੀਐੱਸਪੀ ਸ਼ਿਵ ਕਮਲ ਸਿੰਘ, ਥਾਣਾ ਸੁਧਾਰ ਦੇ ਮੁਖੀ ਗੁਰਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਸਖਤ ਸੁਰੱਖਿਆ ਵਿਚ ਪਟਿਆਲਾ ਤੋਂ ਜਗਰਾਓਂ ਅਦਾਲਤ ਲੈ ਕੇ ਪੁੱਜੀ ਜਿੱਥੇ ਪੁਲਿਸ ਨੇ ਭਵਦੀਪ ਨੂੰ ਅਦਾਲਤ ਪੇਸ਼ ਕਰ ਕੇ ਉਸ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ। ਕੇਸ ਦੇ ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ ਜਿਸ ਦੀ ਸੁਧਾਰ ਥਾਣੇ ਦਰਜ ਮੁਕੱਦਮੇ ਵਿਚ ਗ੍ਰਿਫ਼ਤਾਰੀ ਪਾਉਣ ਦੇ ਨਾਲ-ਨਾਲ ਮਾਮਲੇ ਵਿਚ ਪੁੱਛਗਿੱਛ ਕੀਤੀ ਜਾਵੇਗੀ। ਭਵਦੀਪ ਸਿੰਘ ਖ਼ਿਲਾਫ਼ ਸ਼ਿੰਗਾਰ ਬੰਬ ਕਾਂਡ ਤੋਂ ਇਲਾਵਾ ਅਸਲਾ ਐਕਟ ਅਧੀਨ ਦੋ, ਥਾਣਾ ਸ਼ਿਮਲਾਪੁਰੀ ’ਚ ਨਸ਼ੀਲੇ ਪਾਊਡਰ ਦਾ ਇੱਕ, ਸੁਧਾਰ ਵਿਚ ਧਮਕੀਆਂ ਦੇਣ, ਪਟਿਆਲਾ ਦੇ ਥਾਣਾ ਬਖਸ਼ੀਵਾਲਾ ਵਿਖੇ ਦਰਜ ਮੁਕੱਦਮੇ ਵਿਚ ਯਾਪਾ ਵੀ ਲੱਗਿਆ ਹੋਇਆ ਹੈ।