ਨਸ਼ਿਆਂ ਖ਼ਿਲਾਫ਼ ਛਾਪਾਮਾਰੀ ’ਚ ਪੁਲਿਸ ਕੰਧਾਂ ਤੇ ਛੱਤਾਂ ਟੱਪ ਪੁੱਜੀ
ਨਸ਼ਿਆਂ ਖ਼ਿਲਾਫ਼ ਛਾਪਾਮਾਰੀ ’ਚ ਪੁਲਿਸ ਕੰਧਾਂ ਅਤੇ ਛੱਤਾਂ ਟੱਪ ਪੁੱਜੀ
Publish Date: Sat, 20 Dec 2025 09:07 PM (IST)
Updated Date: Sun, 21 Dec 2025 04:13 AM (IST)

-ਜਗਰਾਓਂ ਦੇ ਐੱਸਐੱਸਪੀ ਖੁਦ ਪੁੱਜੇ ਛਾਪਾਮਾਰੀ ਮੁਹਿੰਮ ’ਚ -ਐੱਸਪੀਡੀ ਦੀ ਨਿਗਰਾਨੀ ’ਚ 3 ਘੰਟੇ ਚੱਲਿਆ ਸਰਚ ਆਪ੍ਰੇਸ਼ਨ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ’ਚ ਨਸ਼ਿਆਂ ਲਈ ਚਰਚਿਤ ਹੌਟਸਪੌਟ ਇਲਾਕਿਆਂ ’ਚ ਛਾਪਾਮਾਰੀ ਦੌਰਾਨ ਪੁਲਿਸ ਕੰਧਾਂ ਤੇ ਛੱਤਾਂ ਟੱਪ ਸ਼ੱਕੀਆਂ ਦੇ ਘਰਾਂ ’ਚ ਜਾ ਪੁੱਜੀ। ਇਸ ਦੌਰਾਨ ਪੁਲਿਸ ਨੇ ਕਈ ਸ਼ੱਕੀਆਂ ਨੂੰ ਰਾਊਂਡਅੱਪ ਕਰ ਲਿਆ ਤੇ ਕਈ ਵਾਹਨਾਂ ਨੂੰ ਕਬਜ਼ੇ ’ਚ ਲੈ ਲਿਆ। ਅੱਜ ਜਗਰਾਓਂ ਪੁਲਿਸ ਦੀ 3 ਘੰਟੇ ਚੱਲੀ ਇਸ ਕਾਰਵਾਈ ਦੀ ਅਗਵਾਈ ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਖੁਦ ਕੀਤੀ। ਉਨ੍ਹਾਂ ਦੀ ਅਗਵਾਈ ’ਚ ਐੱਸਪੀ ਡੀ ਰਾਜਨ ਸ਼ਰਮਾ, ਡੀਐੱਸਪੀ ਕੁਲਵੰਤ ਸਿੰਘ, ਜਗਰਾਓਂ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ, ਥਾਣਾ ਸਿੱਧਵਾਂ ਬੇਟ ਦੇ ਮੁਖੀ ਇੰਸਪੈਕਟਰ ਹੀਰਾ ਸਿੰਘ, ਥਾਣਾ ਸਦਰ ਜਗਰਾਓਂ ਦੇ ਮੁਖੀ ਸੁਰਜੀਤ ਸਿੰਘ ਸਮੇਤ ਵੱਡੀ ਪੁਲਿਸ ਫੋਰਸ ਨੇ ਨਸ਼ਿਆਂ ਲਈ ਹੌਟਸਪੌਟ ਮੰਨੇ ਜਾਂਦੇ ਗਾਂਧੀ ਨਗਰ, ਮਾਈ ਜੀਨਾ ਇਲਾਕਿਆਂ ਨੂੰ ਜਾ ਘੇਰਿਆ। ਇਸ ਦੌਰਾਨ ਪੁਲਿਸ ਨੇ ਘਰਾਂ ਦੇ ਅੰਦਰ ਦੀ ਤਲਾਸ਼ੀ ਦੇ ਨਾਲ-ਨਾਲ ਛੱਤਾਂ ’ਤੇ ਵੀ ਖੱਲ ਖੂੰਝੇ ਤਕ ਜਾ ਫਰੋਲੇ। ਪੁਲਿਸ ਦੀ ਘੇਰਾਬੰਦੀ ਦੌਰਾਨ ਅੱਖ ਬਚਾ ਕੇ ਨਿਕਲ ਰਹੇ ਕਈ ਵਿਅਕਤੀਆਂ ਨੂੰ ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਰਾਊਂਡਅੱਪ ਕਰ ਲਿਆ। ਇਹੀ ਨਹੀਂ ਅੱਜ ਦੀ ਮੁਹਿੰਮ ਦੌਰਾਨ ਕਈ ਦੋਪਹੀਆ ਵਾਹਨ, ਜਿਨ੍ਹਾਂ ਦੇ ਕਾਗਜ਼ ਨਹੀਂ ਸਨ, ਨੂੰ ਕਬਜ਼ੇ ’ਚ ਲੈ ਗਿਆ। ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਕਿਹਾ ਕਿ ਅੱਜ ਦੀ ਇਹ ਕਾਰਵਾਈ ਨਸ਼ਿਆਂ ਲਈ ਮੰਨੇ ਜਾਂਦੇ ਹੌਟਸਪੌਟ ਇਲਾਕਿਆਂ ਨੂੰ ਟਾਰਗੇਟ ਕਰਨ ਲਈ ਹੈ। ਅੱਜ ਦੀ ਮੁਹਿੰਮ ਸਫਲ ਵੀ ਰਹੀ। ਪੁਲਿਸ ਨੂੰ ਨਸ਼ਿਆਂ ਸਬੰਧੀ ਕਈ ਸੁਰਾਗ ਮਿਲੇ ਹਨ, ਜਿਸ ’ਤੇ ਪੁਲਿਸ ਟੀਮਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਗਰਾਓਂ ਪੁਲਿਸ ਨੂੰ ਪੁਲਿਸ ਹੈਲਪਲਾਈਨ ਤੇ ਨਸ਼ਿਆਂ ਖ਼ਿਲਾਫ਼ ਲੋਕਾਂ ਦੇ ਸਹਿਯੋਗ ਸਦਕਾ ਕਈ ਸ਼ਿਕਾਇਤਾਂ ਮਿਲੀਆਂ ਹਨ, ਜਿਸ ’ਤੇ ਤੁਰੰਤ ਕਾਰਵਾਈ ਹੋ ਰਹੀ ਹੈ। ਜਨਤਾ ਦੀ ਇਸ ਸੂਚਨਾ ਸਦਕਾ ਨਸ਼ਿਆਂ ਦੇ ਸੁਦਾਗਰਾਂ ਨੂੰ ਰੋਜ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।