ਗੁਰੂਘਰ ਤੇ ਕਲੀਨਿਕ ਦੇ ਨੇੜੇ ਗੰਦਗੀ ਦੇ ਢੇਰ ਬਣੇ ਲੋਕਾਂ ਲਈ ਸਮੱਸਿਆ
ਗੁਰੂਘਰ ਤੇ ਕਲੀਨਿਕ ਦੇ ਨੇੜੇ ਗੰਦਗੀ ਦੇ ਢੇਰ ਬਣੇ ਲੋਕਾਂ ਲਈ ਸਮੱਸਿਆ
Publish Date: Mon, 01 Dec 2025 07:22 PM (IST)
Updated Date: Mon, 01 Dec 2025 07:23 PM (IST)

ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ ਖੰਨਾ : ਵਾਰਡ ਨੰਬਰ 11 ਖੰਨਾ ’ਚ ਸਥਿਤ ਮੀਟ ਮਾਰਕੀਟ ਦੇ ਨੇੜੇ ਸਥਿਤ ਗੁਰਦੁਆਰਾ ਬਾਬਾ ਬਚਿੱਤਰ ਸਿੰਘ ਤੇ ਆਮ ਆਦਮੀ ਮੁਹੱਲਾ ਕਲੀਨਿਕ ਦੇ ਨੇੜੇ ਲੱਗੇ ਗੰਦਗੀ ਦੇ ਢੇਰਾਂ ਖ਼ਿਲਾਫ਼ ਇਲਾਕੇ ਦੇ ਲੋਕਾਂ ਵੱਲੋਂ ਰੋਸ ਪ੍ਰਗਟ ਕੀਤਾ ਗਿਆ। ਮੁਹੱਲੇ ਦੇ ਵਸਨੀਕ ਰਾਜ ਕੁਮਾਰ ਲਖੀਆ ਨੇ ਦੱਸਿਆ ਕਿ ਵਾਰਡ ’ਚ ਸਫ਼ਾਈ ਦਾ ਬਹੁਤ ਹੀ ਬੁਰਾ ਹਾਲ ਹੈ। ਕਮੇਟੀ ਵੱਲੋਂ ਵਾਰਡ ਨੰਬਰ 11 ’ਚ ਇੱਕ ਕੂੜੇ ਦਾ ਡੰਪ ਬਣਾਇਆ ਗਿਆ ਪਰ ਅਫਸੋਸ ਦੀ ਗੱਲ ਹੈ ਕਿ ਸਾਰੇ ਸ਼ਹਿਰ ਦਾ ਕੂੜਾ ਇਕੱਠਾ ਕਰ ਕੇ ਬਾਹਰ ਸੜਕ ’ਤੇ ਸੁੱਟ ਦਿੱਤਾ ਜਾਂਦਾ ਹੈ। ਉਸ ਕੂੜੇ ਦੇ ਡੰਪ ਨੂੰ ਕੂੜੇ ਵਾਸਤੇ ਬਿਲਕੁੱਲ ਵੀ ਨਹੀਂ ਵਰਤਿਆ ਜਾ ਰਿਹਾ। ਸਾਰਾ ਕੂੜਾ ਸੜਕ ’ਤੇ ਹੀ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਸੜਕ ’ਤੇ ਪਏ ਕੂੜੇ ਵਿੱਚੋਂ ਬਹੁਤ ਹੀ ਖਤਰਨਾਕ ਬਦਬੂ ਆਉਂਦੀ ਹੈ। ਆਮ ਜਨਤਾ ਅਤੇ ਇਲਾਕਾ ਨਿਵਾਸੀਆਂ ਦਾ ਉਸ ਰਸਤੇ ’ਚੋਂ ਨਿਕਲਣਾ ਤੇ ਉੱਥੇ ਰਹਿਣਾ ਬਹੁਤ ਹੀ ਮੁਸ਼ਕਿਲ ਹੋਇਆ ਪਿਆ ਹੈ। ਜ਼ਿਕਰਯੋਗ ਹੈ ਕਿ ਇਸ ਕੂੜੇ ਦੇ ਡੰਪ ਦੇ ਕੋਲ ਆਮ ਆਦਮੀ ਮੁਹੱਲਾ ਕਲੀਨਿਕ ਹੈ, ਜੋ ਲੋਕਾਂ ਦੀ ਸਿਹਤ ਸੁਵਿਧਾ ਲਈ ਖੋਲ੍ਹਿਆ ਗਿਆ ਹੈ, ਨਾਲ ਹੀ ਬਾਬਾ ਬਚਿੱਤਰ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਅਤੇ ਕੂੜੇ ਦੇ ਡੰਪ ਦੇ ਬਿਲਕੁੱਲ ਨਾਲ ਡਾ.ਅੰਬੇਡਕਰ ਭਵਨ ਹੈ, ਜੋ ਬਹੁਤ ਪਹਿਲਾਂ ਤੋਂ ਇੱਥੇ ਆਮ ਲੋਕਾਂ ਦੀ ਸਹੂਲਤਾਂ ਲਈ ਕੰਮ ਕਰ ਰਿਹਾ ਹੈ। ਗੁਰੂਘਰ ਆਉਣ ਵਾਲੀ ਸੰਗਤ ਤੇ ਮੁਹੱਲਾ ਕਲੀਨਿਕ ’ਚ ਆਉਣ ਵਾਲੇ ਮਰੀਜ਼ਾਂ ਨੂੰ ਗੰਦਗੀ ਦੀ ਬਦਬੂ ਕਾਰਨ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਇਸ ਮੌਕੇ ਲਖੀਆ ਨੇ ਦੱਸਿਆ ਕਿ ਸੜਕ ’ਤੇ ਪਏ ਕੂੜੇ ਕਾਰਨ ਅਵਾਰਾ ਕੁੱਤਿਆਂ ਦਾ ਆਤੰਕ ਬਣਿਆ ਰਹਿੰਦਾ ਹੈ, ਜਿਸ ਕਾਰਨ ਸਕੂਲ ਜਾਂਦੇ ਬੱਚਿਆਂ ਤੇ ਰਾਹਗੀਰਾਂ ਨੂੰ ਲੰਘਣਾ ਬਹੁਤ ਹੀ ਮੁਸ਼ਕਿਲ ਹੈ, ਜਦੋਂ ਤੇਜ ਹਵਾ ਅਤੇ ਧੁੱਪ ਹੁੰਦੀ ਹੈ, ਉਸ ਸਮੇਂ ਬਦਬੂ ਬਹੁਤ ਤੇਜੀ ਨਾਲ ਪੂਰੇ ਇਲਾਕੇ ’ਚ ਫੈਲ ਜਾਂਦੀ ਹੈ। ਹਰ ਸਮੇਂ ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਨੂੰ ਸਿਹਤ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਇੱਕ ਮੁੱਖ ਸੜਕ ਹੈ ਜੋ ਸਬਜੀ ਮੰਡੀ, ਕਮੇਟੀ ਦਫਤਰ, ਪੁਲਿਸ ਸਟੇਸ਼ਨ, ਐੱਸਐੱਸਪੀ ਸਾਹਿਬ ਦੇ ਦਫਤਰ, ਕੋਰਟ ਕੰਪਲੈਕਸ ਤੇ ਬੱਸ ਸਟੈਂਡ ਸਮੇਤ ਅਮਲੋਹ ਰੋਡ ਨੂੰ ਜਾਂਦੀ ਹੈ ਪਰ ਅਫਸੋਸ ਦੀ ਗੱਲ ਹੈ ਕਿ ਸੜਕ ਉੱਤੇ ਗੰਦਗੀ ਹੋਣ ਕਾਰਨ ਸ਼ਹਿਰ ਦੇ ਲੋਕ ਇਸ ਰਾਹ ਤੋਂ ਨਹੀਂ ਲੰਘਦੇ। ਮੁਹੱਲਾ ਨਿਵਾਸੀਆਂ ਐੱਸਡੀਐੱਮ ਖੰਨਾ, ਈਓ ਨਗਰ ਕੌਂਸਲ ਖੰਨਾ ਤੇ ਨਗਰ ਕੌਂਸਲ ਪ੍ਰਧਾਨ ਨੂੰ ਬੇਨਤੀ ਕੀਤੀ ਕਿ ਇਸ ਸਮੱਸਿਆ ਵੱਲ ਜਲਦੀ ਤੋਂ ਜਲਦੀ ਧਿਆਨ ਦਿੱਤਾ ਜਾਵੇ। ਗੰਦਗੀ ਤੋਂ ਨਿਜਾਤ ਦਿਵਾਈ ਜਾਵ। ਲੋਕਾਂ ਨੂੰ ਸਾਫ ਸੁਥਰਾ ਮਾਹੌਲ ਦਿੱਤਾ ਜਾਵੇ। ਇਸ ਮੌਕੇ ਕ੍ਰਿਸ਼ਨ ਲਖੀਆ, ਭਾਗ ਚੰਦ, ਰਾਜ ਕੁਮਾਰ, ਸਤਨਾਮ ਸਿੰਘ, ਗੁਰਨਾਮ ਸਿੰਘ, ਗੁਰਨਾਮ ਸਿੰਘ, ਰਾਜ ਕੁਮਾਰ, ਹੈਪੀ ਲਖੀਆ, ਮੇਵਾ ਰਾਮ ਲਖੀਆ, ਹਰਬੰਸ ਲਾਲ, ਚੁੰਨੀ ਲਾਲ ਆਦਿ ਹਾਜ਼ਰ ਸਨ। ਈਓ ਚਰਨਜੀਤ ਸਿੰਘ ਨੇ ਕਿਹਾ ਕਿ ਅਸੀਂ ਰੋਜ਼ਾਨਾ ਕੂੜਾ ਚੁੱਕਵਾ ਰਹੇ ਹਾਂ ਪਰ ਕੁਝ ਲੋਕਾਂ ਵੱਲੋਂ ਏਥੇ ਕੂੜਾ ਸੁੱਟਿਆ ਜਾ ਰਿਹਾ ਹੈ। ਅਸੀਂ ਇਸ ਜਗ੍ਹਾ ’ਤੇ ਇਕ ਪੱਕਾ ਕਰਮਚਾਰੀ ਖੜਾ ਕਰਾਂਗੇ। ਜਿਹੜਾ ਲੋਕਾਂ ਨੂੰ ਗੰਦਗੀ ਫੈਲਾਉਣ ਤੋਂ ਰੋਕੇ।