ਮੁਲਜ਼ਮਾਂ ਦੇ ਚੁੰਗਲ 'ਚੋਂ ਨਿਕਲ ਕੇ ਨੌਜਵਾਨ ਨੇ ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਇਸ ਮਾਮਲੇ ਵਿੱਚ ਪੁਲਿਸ ਨੇ ਬਸੰਤ ਸਿਟੀ ਪੱਖੋਵਾਲ ਰੋਡ ਦੇ ਵਾਸੀ ਮੁਹੰਮਦ ਸਾਬਰ ਖਾਨ ਦੀ ਸ਼ਿਕਾਇਤ ਤੇ ਅੱਠ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਸਾਬਰ ਨੇ ਦੱਸਿਆ ਕਿ ਉਸਦਾ ਮਾਸੜ ਰਾਂਚੀ ਕਲੋਨੀ ਦਾ ਵਾਸੀ ਤਾਜੂਦੀਨ ਰਾਜਗੁਰੂ ਨਗਰ ਇਲਾਕੇ ਵਿੱਚ ਸਿਗਰੇਟਾਂ ਅਤੇ ਚਾਹ ਦੀ ਦੁਕਾਨ ਚਲਾਉਂਦਾ ਹੈ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ: ਸੋਨਾ ਚੋਰੀ ਕਰਨ ਦਾ ਦੋਸ਼ ਲਗਾਉਂਦਿਆਂ ਅੱਠ ਮੁਲਜ਼ਮਾਂ ਖੁਦ ਨੂੰ ਸੀਆਈਏ ਦੇ ਮੁਲਾਜ਼ਮ ਦੱਸਿਆ ਅਤੇ ਪਾਨ ਦੀ ਦੁਕਾਨ ਚਲਾਉਣ ਵਾਲੇ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸਦੇ ਹੱਥ-ਪੈਰ ਬੰਨ੍ਹ ਲਏ। ਮੁਲਜ਼ਮਾਂ ਨੇ ਉਕਤ ਵਿਅਕਤੀ ਨੂੰ ਗੱਡੀ ਦੀ ਡਿੱਕੀ ਵਿੱਚ ਸੁੱਟ ਲਿਆ। ਮੁਲਜ਼ਮ ਰਿਸ਼ਤੇਦਾਰ ਦਾ ਬਚਾਅ ਕਰਨ ਆਏ ਵਿਦਿਆਰਥੀ ਨੂੰ ਕਾਰ ਵਿੱਚ ਬਿਠਾ ਕੇ ਆਪਣੇ ਨਾਲ ਲੈ ਗਏ। ਮੁਲਜ਼ਮਾਂ ਦੇ ਚੁੰਗਲ 'ਚੋਂ ਨਿਕਲ ਕੇ ਨੌਜਵਾਨ ਨੇ ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਇਸ ਮਾਮਲੇ ਵਿੱਚ ਪੁਲਿਸ ਨੇ ਬਸੰਤ ਸਿਟੀ ਪੱਖੋਵਾਲ ਰੋਡ ਦੇ ਵਾਸੀ ਮੁਹੰਮਦ ਸਾਬਰ ਖਾਨ ਦੀ ਸ਼ਿਕਾਇਤ ਤੇ ਅੱਠ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਸਾਬਰ ਨੇ ਦੱਸਿਆ ਕਿ ਉਸਦਾ ਮਾਸੜ ਰਾਂਚੀ ਕਲੋਨੀ ਦਾ ਵਾਸੀ ਤਾਜੂਦੀਨ ਰਾਜਗੁਰੂ ਨਗਰ ਇਲਾਕੇ ਵਿੱਚ ਸਿਗਰੇਟਾਂ ਅਤੇ ਚਾਹ ਦੀ ਦੁਕਾਨ ਚਲਾਉਂਦਾ ਹੈ। ਕੁਝ ਹਫਤੇ ਪਹਿਲੋਂ ਤਾਜੂਦੀਨ ਆਪਣੀ ਦੁਕਾਨ 'ਤੇ ਮੌਜੂਦ ਸੀ ਇਸੇ ਦੌਰਾਨ ਦੋ ਕਾਰਾਂ ਵਿੱਚ ਸਵਾਰ ਹੋ ਕੇ ਅੱਠ ਵਿਅਕਤੀ ਆਏ। ਮੁਲਜ਼ਮਾਂ ਨੇ ਇਹ ਕਹਿ ਕੇ ਤਾਜੂਦੀਨ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਕਿ ਉਹ ਸੀਆਈਏ ਦੇ ਮੁਲਾਜ਼ਮ ਹਨ ਅਤੇ ਉਸਨੇ ਭਾਰੀ ਮਾਤਰਾ ਵਿੱਚ ਸੋਨਾ ਚੋਰੀ ਕੀਤਾ ਹੈ। ਇਸੇ ਦੌਰਾਨ ਤਾਜੂਦੀਨ ਨੇ ਫੋਨ ਕਰਕੇ ਸਾਬਰ ਨੂੰ ਸੂਚਨਾ ਦੇ ਦਿੱਤੀ। ਮੌਕੇ 'ਤੇ ਪਹੁੰਚੇ ਨੌਜਵਾਨ ਨੇ ਦੇਖਿਆ ਕਿ ਮੁਲਜ਼ਮ ਉਸਦੇ ਮਾਸੜ ਤਾਜੂਦੀਨ ਦੇ ਹੱਥ ਪੈਰ ਬੰਨ੍ਹ ਕੇ ਉਸਨੂੰ ਗੱਡੀ ਦੀ ਡਿੱਗੀ ਵਿੱਚ ਸੁੱਟ ਰਹੇ ਸਨ। ਮਾਸੜ ਦੇ ਬਚਾਅ ਲਈ ਸਾਬਰ ਜਿਵੇਂ ਹੀ ਅੱਗੇ ਆਇਆ ਤਾਂ ਮੁਲਜ਼ਮਾਂ ਨੇ ਉਸਨੂੰ ਵੀ ਦੂਸਰੀ ਗੱਡੀ ਵਿੱਚ ਬਿਠਾ ਲਿਆ। ਸਾਬਰ ਨੇ ਦੱਸਿਆ ਕਿ ਮੁਲਜਮ ਦੋਵਾਂ ਨੂੰ ਖੇੜੀ ਚਮੇੜੀ ਦੇ ਇੱਕ ਫਾਰਮ ਹਾਊਸ ਵਿੱਚ ਲੈ ਗਏ। ਜਿੱਥੇ ਉਨ੍ਹਾਂ ਨੇ ਦੋਵਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਨੌਜਵਾਨ ਦੀ ਚੁਸਤੀ ਨੇ ਕੀਤਾ ਬਚਾਅ
ਸਾਬਰ ਨੇ ਦੱਸਿਆ ਕਿ ਗੱਡੀ ਵਿੱਚ ਬੈਠਦੇ ਸਮੇਂ ਹੀ ਉਸਨੇ ਆਪਣੇ ਚਾਚੇ ਨੂੰ ਲੋਕੇਸ਼ਨ ਸੈਂਡ ਕਰ ਦਿੱਤੀ ਸੀ। ਸਾਬਰ ਦਾ ਚਾਚਾ ਅਤੇ ਹੋਰ ਵਿਅਕਤੀ ਉਹਨਾਂ ਦਾ ਪਿੱਛਾ ਕਰਦੇ ਹੋਏ ਫਾਰਮ ਹਾਊਸ ਤੱਕ ਪਹੁੰਚ ਗਏ ਅਤੇ ਉਹਨਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਸਾਰੇ ਮੁਲਜ਼ਮ ਉਹਨਾਂ ਨਾਲ ਉਲਝਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਸਾਬਰ ਮੁਲਜ਼ਮਾਂ ਦੇ ਚੰਗਲ 'ਚੋਂ ਨਿਕਲਿਆ ਅਤੇ ਸਾਰਾ ਮਾਮਲਾ ਥਾਣਾ ਸਰਾਭਾ ਨਗਰ ਦੀ ਪੁਲਿਸ ਦੇ ਧਿਆਨ ਵਿੱਚ ਲਿਆਂਦਾ। ਕੁਝ ਹਫਤਿਆਂ ਦੀ ਪੜਤਾਲ ਤੋਂ ਬਾਅਦ ਪੁਲਿਸ ਨੇ ਅੱਠ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।