ਪੀਡੀਏ ਨੇ ਬੁੱਢਾ ਦਰਿਆ ਤੇ ਪ੍ਰੈਸ ਕਾਨਫ਼ਰੰਸ ਰੱਖ ਮੋਰਚੇ ਦੇ ਆਗੂਆਂ ਤੇ ਕੀਤਾ ਜਵਾਬੀ ਹਮਲਾ

ਪੀਡੀਏ ਦੇ ਆਗੂਆਂ ਨੇ ਮੀਡੀਆ ਰਾਹੀਂ ਪੀਪੀਸੀਬੀ ਪਟਿਆਲਾ ਅੱਗੇ ਆਪਣਾ ਪੱਖ ਰੱਖਿਆ
ਫੋਟੋ- 22, 23
ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ-
ਬੁੱਢਾ ਦਰਿਆ ਦੇ ਮਸਲੇ ਨੂੰ ਲੈ ਕੇ ਜਿੱਥੇ ਕਾਲਾ ਪਾਣੀ ਮੋਰਚਾ ਦੇ ਆਗੂਆਂ ਵੱਲੋਂ ਬੁੱਧਵਾਰ ਨੂੰ ਲੁਧਿਆਣਾ ਦੀ ਡਾਇੰਗ ਇੰਡਸਟਰੀ ਖਿਲਾਫ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਵਿਖੇ ਰੋਸ ਪ੍ਰਦਰਸ਼ਨ ਉਲੀਕਿਆ ਗਿਆ, ਉੱਥੇ ਹੀ ਸਮੂਹ ਡਾਇੰਗ ਇੰਡਸਟਰੀ ਦੇ ਆਗੂਆਂ ਵੱਲੋਂ ਕਾਲਾ ਪਾਣੀ ਮੋਰਚੇ ਨੂੰ ਜਵਾਬ ਦੇਣ ਸਬੰਧੀ ਬਾਲਾ ਜੀ ਪੁਲੀ ਬੁੱਢਾ ਦਰਿਆ ਦੇ ਕੰਢੇ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਇੰਡਸਟਰੀ ਏਰੀਆ ਏ ਡਾਇੰਗ ਐਸੋਸੀਏਸ਼ਨ ਤੇ ਪੰਜਾਬ ਡਾਇਰ ਐਸੋਸੀਏਸ਼ਨ ਦੇ 40, 50 ਅਤੇ 15 ਐੱਮਐੱਲਡੀ ਸੀਈਟੀਪੀ ਦੇ ਆਗੂਆਂ ਸਮੇਤ ਡਾਇੰਗ ਕਾਰੋਬਾਰੀਆਂ ਦਾ ਵੱਡਾ ਇਕੱਠ ਮੌਜੂਦ ਸੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਪੀਡੀਏ ਦੇ ਡਾਇਰੈਕਟਰ ਕਮਲਦੇਵ ਚੌਹਾਨ ਤੇ ਬੌਬੀ ਜਿੰਦਲ ਨੇ ਕਿਹਾ ਕਿ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੰਤਵ ਪਟਿਆਲਾ ਵਿਖੇ ਪੀਪੀਸੀਬੀ ਅਫਸਰਾਂ ਤੇ ਨਾਜਾਇਜ਼ ਦਬਾਅ ਬਣਾਉਣ ਲਈ ਗਏ ਕਾਲੇ ਪਾਣੀ ਮੋਰਚੇ ਦੇ ਆਗੂਆਂ ਨੂੰ ਸੱਚਾਈ ਦਿਖਾਉਣਾ ਅਤੇ ਉਨ੍ਹਾਂ ਖਿਲਾਫ ਜਵਾਬੀ ਕਾਰਵਾਈ ਨੂੰ ਸਪੱਸ਼ਟ ਕਰਨਾ ਹੈ। ਉਨ੍ਹਾਂ ਕਿਹਾ ਕਿ ਮੋਰਚੇ ਦੇ ਆਗੂ ਪਿਛਲੇ ਲੰਬੇ ਸਮੇਂ ਤੋਂ ਡਾਇੰਗ ਇੰਡਸਟਰੀ ਨੂੰ ਬਲੈਕਮੇਲ ਕਰਨ ਦੀ ਨੀਅਤ ਨਾਲ ਸਰਕਾਰ ਵਿਭਾਗ ਅਤੇ ਅਦਾਲਤ ‘ਚ ਝੂਠੇ ਤੱਥ ਰੱਖ ਰਹੇ ਹਨ। ਜਿਸ ‘ਚ ਅਜੇ ਤੱਕ ਕਾਲਾ ਪਾਣੀ ਮੋਰਚੇ ਦੇ ਆਗੂ ਕਾਮਯਾਬ ਨਹੀਂ ਹੋਏ ਹਨ ਤੇ ਅੱਗੇ ਵੀ ਨਹੀਂ ਹੋਣਗੇ। ਇਸ ਮੌਕੇ ਪੀਡੀਏ ਡਾਇਰੈਕਟਰ ਸੁਨੀਲ ਵਰਮਾ, ਅਤੁਲ ਵਰਮਾ, ਕਮਲ ਚੌਹਾਨ, ਬੋਬੀ ਜਿੰਦਲ, ਗੁਰਪ੍ਰੀਤ ਸਿੰਘ, ਅਸ਼ੋਕ ਮੱਕੜ, ਵਿਕਰਮ ਜਿੰਦਲ, ਵਿਸ਼ਾਲ ਜੈਨ, ਸੁਭਾਸ਼ ਸੈਣੀ, ਬਹਾਦਰ ਕੇ ਰੋਡ ਐਸੋਸੀਏਸ਼ਨ ਤੋਂ ਚੇਅਰਮੈਨ ਰਜਨੀਸ਼ ਗੁਪਤਾ, ਇੰਡਸਟਰੀ ਏਰੀਆ ਏ ਡਾਇੰਗ ਐਸੋਸੀਏਸ਼ਨ ਤੋਂ ਅਤੁਲ ਵਰਮਾ, ਰਜਨੀਸ਼ ਸੂਦ ਸਮੇਤ ਹੋਰ ਡਾਇੰਗ ਕਾਰੋਬਾਰੀ ਹਾਜ਼ਰ ਸਨ।
ਮੀਡੀਆ ਰਾਹੀਂ ਪੀਡੀਏ ਆਗੂਆਂ ਨੇ ਪੀਪੀਸੀਬੀ ਪਟਿਆਲਾ ਅੱਗੇ ਰੱਖਿਆ ਪੱਖ
ਇਸ ਮੌਕੇ ਪੀਡੀਏ ਦੇ ਆਗੂਆਂ ਵੱਲੋਂ ਮੀਡੀਆ ਰਾਹੀਂ ਪੀਪੀਸੀਬੀ ਵਿਭਾਗ ਪਟਿਆਲਾ ਅੱਗੇ ਆਪਣਾ ਪੱਖ ਰੱਖਦਿਆਂ ਡਾਇੰਗ ਸੀਈਟੀਪੀਜ਼ ਦੇ ਆਊਟਲਿੱਟ ਤੋਂ ਬਾਅਦ ਬਾਲਾ ਜੀ ਪੁਲੀ ਤੋਂ ਬੁੱਢਾ ਦਰਿਆ ਦੇ ਪਾਣੀ ਦੇ ਲਾਈਵ ਪਾਰਦਰਸ਼ੀ ਪਾਣੀ ਦੇ ਸੈਂਪਲ ਦਿਖਾਏ ਗਏ। ਇਸ ਮੌਕੇ ਪੱਤਰਕਾਰਾਂ ਵੱਲੋਂ ਸਵਾਲ ਕੀਤੇ ਗਏ ਕਿ ਅਗਰ ਪਾਣੀ ‘ਚ ਐਂਨਾ ਸੁਧਾਰ ਹੋ ਚੁੱਕਾ ਹੈ ਤਾਂ ਬੁੱਢਾ ਦਰਿਆ 'ਚ ਵੱਗ ਰਿਹਾ ਪਾਣੀ ਕਾਲਾ ਕਿਉਂ ਦਿਖਾਈ ਦੇ ਰਿਹਾ ਹੈ। ਜਿਸ ਨੂੰ ਤਰਕ ਨਾਲ ਸਪਸ਼ਟ ਕਰਦੇ ਹੋਏ ਆਗੂਆਂ ਇੱਕੋ ਤਰ੍ਹਾਂ ਦੇ ਦੋ ਕੱਚ ਦੇ ਬੀਕਰ ਲਏ ਗਏ ਜਿਨ੍ਹਾਂ ਵਿੱਚੋਂ ਇੱਕ ਨੂੰ ਪਲੇਨ ਰੱਖਿਆ ਗਿਆ ਅਤੇ ਦੂਸਰੇ ਦੇ ਤਲ ਤੇ ਕਾਲੀ ਟੇਪ ਲਗਾ ਦਿੱਤੀ ਗਈ ਅਤੇ ਹੈਰਾਨ ਕਰਨ ਵਾਲੇ ਤੱਥ ਉਸ ਵੇਲੇ ਸਾਹਮਣੇ ਆਏ ਜਦ ਲਾਈਵ ਪਾਣੀ ਦੇ ਸੈਂਪਲ ਉਨ੍ਹਾਂ ਬੀਕਰਾਂ ਵਿੱਚ ਭਰੇ ਗਏ ਤਾਂ ਜਿਸ ਬੀਕਰ ਦੇ ਹੇਠਾਂ ਕਾਲੀ ਟੇਪ ਲਗਾਈ ਹੋਈ ਸੀ ਉਸ ਦਾ ਪਾਣੀ ਗੰਦਲਾ ਦਿਖਾਈ ਦੇ ਰਿਹਾ ਸੀ ਜਦਕਿ ਉਹੀ ਪਾਣੀ ਦੂਸਰੇ ਬਿੱਕਰ ਦੇ ਵਿੱਚ ਜਿਸ ਵਿੱਚ ਟੇਪ ਨਹੀਂ ਲਗਾਈ ਸੀ ਬਿਲਕੁਲ ਸਾਫ ਦਿਖਾਈ ਦੇ ਰਿਹਾ ਸੀ। ਆਗੂਆਂ ਵੱਲੋਂ ਤਰਕ ਦਿੱਤਾ ਗਿਆ ਕਿ ਇਸੇ ਤਰ੍ਹਾਂ ਬੁੱਢਾ ਦਰਿਆ ਦੇ ਤੱਲ ਦੇ ਰੰਗ ਕਾਰਨ ਬੁੱਢਾ ਦਰਿਆ ਦਾ ਪਾਣੀ ਗੰਦਲਾ ਦਿਖਾਈ ਦਿੰਦਾ ਹੈ। ਇਸ ਦੇ ਆਗੂਆਂ ਵੱਲੋਂ ਪਾਣੀ ਦੀ ਗੁਣਵੱਤਤਾ ਚੈਕ ਕਰਨ ਲਈ ਬੁੱਢਾ ਦਰਿਆ ਦੇ ਪਾਣੀ ਦਾ ਲਾਈਵ ਟੀਡੀਐਸ ਚੈਕ ਕੀਤਾ ਗਿਆ ਤਾਂ ਨਤੀਜੇ ਵਜੋਂ ਪਾਣੀ ਦਾ ਟੀਡੀਐਸ 800 ਦੇ ਕਰੀਬ ਪਾਇਆ ਗਿਆ, ਜੋ ਪੀਪੀਸੀਬੀ ਵੱਲੋਂ ਲਾਗੂ ਪੈਰਾਮੀਟਰਾਂ 2100 ਦੀ ਹੱਦ ਅਨੁਸਾਰ ਕਾਫੀ ਸਟੀਕ ਨਤੀਜੇ ਸਨ।