ਵਾਰਦਾਤ ਕਰਨ ਆਏ ਸਨੈਚਰਾਂ ਨੂੰ ਰਾਹਗੀਰਾਂ ਨੇ ਦਬੋਚਿਆ
ਲੁੱਟ ਦੀ ਵਾਰਦਾਤ ਕਰਨ ਆਏ ਬਦਮਾਸ਼ਾਂ ਨੂੰ ਰਾਹਗੀਰਾਂ ਨੇ ਦਬੋਚਿਆ
Publish Date: Tue, 20 Jan 2026 10:07 PM (IST)
Updated Date: Wed, 21 Jan 2026 04:21 AM (IST)

* ਮੋਬਾਇਲ ਖੋਹਣ ਦੌਰਾਨ ਹੋਈ ਖਿੱਚ-ਧੂਹ, ਕਾਬੂ ਕਰ ਕੇ ਦੋਵਾਂ ਨੂੰ ਕੀਤਾ ਪੁਲਿਸ ਹਵਾਲੇ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਨ, ਲੁਧਿਆਣਾ : ਮਹਾਨਗਰ ਦੇ ਫੋਕਲ ਪੁਆਇੰਟ ਤੋਂ ਤਾਜਪੁਰ ਰੋਡ ਜਾਂਦੀ ਸੜਕ ’ਤੇ ਜਾ ਰਹੇ ਰਾਹਗੀਰ ਨਾਲ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਲੁੱਟ ਦੀ ਵਾਰਦਾਤ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਰਾਹਗੀਰ ਨੇ ਬਹਾਦਰੀ ਨਾਲ ਬਦਮਾਸ਼ਾਂ ਦਾ ਮੁਕਾਬਲਾ ਕੀਤਾ ਤੇ ਮੁਲਜ਼ਮਾਂ ਦੀ ਇਹ ਕੋਸ਼ਿਸ਼ ਅਸਫਲ ਕਰਦੇ ਹੋਏ ਦੋਵੇਂ ਸਨੈਚਰਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਮੌਕੇ ਤੋਂ ਹੀ ਦਬੋਚ ਲਿਆ। ਲੋਕਾਂ ਵੱਲੋਂ ਕਾਬੂ ਕੀਤੇ ਗਏ ਦੋਵਾਂ ਸਨੈਚਰਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਪੀੜਤ ਪੱਪੂ ਯਾਦਵ ਨੇ ਦੱਸਿਆ ਕਿ ਵਾਰਦਾਤ ਵਾਲੇ ਦਿਨ ਉਹ ਆਪਣੇ ਦੋਸਤ ਦੇ ਕਮਰੇ ਤੋਂ ਵਾਪਸ ਆਪਣੇ ਘਰ ਵੱਲ ਆ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਦੋ ਅਣਪਛਾਤੇ ਨੌਜਵਾਨਾਂ ਨੇ ਉਸ ਦੇ ਨਜ਼ਦੀਕ ਆ ਕੇ ਮੋਟਰਸਾਈਕਲ ਦੀ ਰਫਤਾਰ ਘਟਾਈ ਤੇ ਉਸ ਦੇ ਹੱਥ ’ਚ ਫੜਿਆ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ। ਪੱਪੂ ਯਾਦਵ ਨੇ ਬਹਾਦਰੀ ਤੇ ਫੁਰਤੀ ਵਿਖਾਉਂਦੇ ਹੋਏ ਸਨੈਚਰਾਂ ਦਾ ਮੁਕਾਬਲਾ ਕੀਤਾ ਤੇ ਉਨ੍ਹਾਂ ਪੀੜਤ ਕੋਲੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕਾਮਯਾਬ ਨਾ ਹੋਣ ਦਿੱਤੀ। ਸੜਕ ’ਤੇ ਹੋ ਰਹੀ ਹੱਥੋਪਾਈ ਵੇਖ ਆਲੇ ਦੁਆਲੇ ਦੇ ਰਾਹਗੀਰ ਵੀ ਮੌਕੇ ’ਤੇ ਰੁਕ ਗਏ ਅਤੇ ਬਦਮਾਸ਼ਾਂ ਦਾ ਘਬਰਾਟ ’ਚ ਮੋਟਰਸਾਈਕਲ ਤੋਂ ਕੰਟਰੋਲ ਵਿਗੜ ਗਿਆ। ਫਰਾਰ ਹੋਣ ਦੀ ਕੋਸ਼ਿਸ਼ ’ਚ ਦੋਵੇਂ ਸਨੈਚਰ ਸੜਕ ’ਤੇ ਡਿੱਗ ਗਏ ਅਤੇ ਲੋਕਾਂ ਨੇ ਉਨ੍ਹਾਂ ਨੂੰ ਕਾਬੂ ਕਰ ਕੇ ਪੀਸੀਆਰ ਦਸਤੇ ਹਵਾਲੇ ਕਰ ਦਿੱਤਾ। ਇਸ ਮਾਮਲੇ ਦੇ ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਗੁਰਦਿਆਲ ਸਿੰਘ ਮੁਤਾਬਕ ਰਾਹਗੀਰਾਂ ਵੱਲੋਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕੀਤਾ ਗਿਆ ਹੈ। ਵਾਰਦਾਤ ਦਾ ਸ਼ਿਕਾਰ ਹੋਏ ਪੱਪੂ ਯਾਦਵ ਦੀ ਸ਼ਿਕਾਇਤ ਦਰਜ ਕਰ ਕੇ ਮੁਲਜ਼ਮਾਂ ਕੋਲੋਂ ਪੁੱਛ ਗਿੱਛ ਸ਼ੁਰੂ ਕਰ ਦਿੱਤੀ ਗਈ ਹੈ।