ਪਿੰਡ ਜਲਾਲਦੀਵਾਲ ਦੀ ਖਿਡਾਰਨ ਨੂੰਹ ਦਾ ਕੌਮਾਂਤਰੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ
ਪਿੰਡ ਜਲਾਲਦੀਵਾਲ ਦੀ ਖਿਡਾਰਨ ਨੂੰਹ ਦਾ ਕੌਮਾਂਤਰੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ
Publish Date: Sun, 07 Dec 2025 10:36 PM (IST)
Updated Date: Mon, 08 Dec 2025 04:13 AM (IST)
ਪਿੰਡ ਪੁੱਜਣ ’ਤੇ ਗ੍ਰਾਮ ਪੰਚਾਇਤ ਤੇ ਮੋਹਤਬਰਾਂ ਵੱਲੋਂ ਨਿੱਘਾ ਸਵਾਗਤ
ਦਲਵਿੰਦਰ ਸਿੰਘ ਰਛੀਨ. ਪੰਜਾਬੀ ਜਾਗਰਣ, ਰਾਏਕੋਟ:
ਪਿਛਲੇ ਦਿਨੀਂ ਹਾਂਗਕਾਂਗ ਵਿਖੇ ਹੋਈ ‘ਏਸ਼ੀਅਨ ਮਾਸਟਰਜ਼ ਹਾਕੀ ਕੱਪ’ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਦੀ ਮਰਦਾਂ ਤੇ ਔਰਤਾਂ ਦੀਆਂ ਦੋਵੇਂ ਟੀਮਾਂ ਨੇ ਏਸ਼ੀਆਈ ਚੈਂਪੀਅਨਸ਼ਿਪ ਦਾ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਿਆ। ਰਾਏਕੋਟ ਦੇ ਪਿੰਡ ਜਲਾਲਦੀਵਾਲ ਦੀ ਨੂੰਹ ਹਾਕੀ ਖਿਡਾਰਨ ਤੇ ਕੋਚ ਬਲਜੀਤ ਕੌਰ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਿੰਡ ਤੇ ਰਾਏਕੋਟ ਇਲਾਕੇ ਦਾ ਨਾਂ ਮਾਣ ਨਾਲ ਦੇਸ਼ ਹੀ ਨਹੀਂ, ਸਗੋਂ ਕੌਮਾਂਤਰੀ ਪੱਧਰ ’ਤੇ ਰੌਸ਼ਨ ਕੀਤਾ ਹੈ, ਜਦਕਿ ਇਸ ਏਸ਼ੀਅਨ ਕਾਂਟੀਨੈਂਟਲ ਹਾਕੀ ਚੈਂਪੀਅਨਸ਼ਿਪ ’ਚ ਹਾਂਗਕਾਂਗ, ਚਾਈਨਾ, ਜਾਪਾਨ, ਕੋਰੀਆ, ਮਲੇਸ਼ੀਆ, ਨਿਊਜ਼ੀਲੈਂਡ, ਬੰਗਲਾਦੇਸ਼ ਤੇ ਸਿੰਘਾਪੁਰ ਦੇ ਖਿਡਾਰੀ ਤੇ ਖਿਡਾਰਨਾਂ ਨੇ ਹਿੱਸਾ ਲਿਆ ਪਰ ਇਸ ਚੈਂਪੀਅਨਸ਼ਿਪ ’ਚ ਭਾਰਤ ਦੇ ਮਰਦਾਂ ਤੇ ਔਰਤਾਂ ਦੀਆਂ ਟੀਮਾਂ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ, ਉੱਥੇ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਜਲਾਲਦੀਵਾਲ ਦੀ ਹੋਣਹਾਰ ਹਾਕੀ ਕੋਚ ਤੇ ਖਿਡਾਰਨ ਬਲਜੀਤ ਕੌਰ ਦਾ ਪਿੰਡ ਪੁੱਜਣ ’ਤੇ ਗ੍ਰਾਮ ਪੰਚਾਇਤ, ਪਿੰਡ ਦੇ ਮੋਹਤਬਰਾਂ ਤੇ ਸਕੂਲ ਸਟਾਫ਼ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਇਸ ਮੌਕੇ ਸਰਪੰਚ ਪ੍ਰਿਤਪਾਲ ਸਿੰਘ ਜੇਪੀ ਜਲਾਲਦੀਵਾਲ ਤੇ ਸਕੂਲ ਪ੍ਰਿੰਸੀਪਲ ਨੇ ਸੰਬੋਧਨ ਕਰਦਿਆਂ ਕਿਹਾ ਇਹ ਪਿੰਡ ਲਈ ਬੜੀ ਫ਼ਖ਼ਰ ਵਾਲੀ ਗੱਲ ਹੈ ਕਿ ਭਾਰਤੀ ਹਾਕੀ ਟੀਮ (ਔਰਤ) ’ਚ ਪਿੰਡ ਦੇ ਬੰਤ ਸਿੰਘ ਮਰਾਹੜ੍ਹ ਦੀ ਨੂੰਹ ਤੇ ਸਰਬਜੀਤ ਸਿੰਘ ਮਰਾਹੜ੍ਹ ਦੀ ਜੀਵਨ ਸਾਥਣ ਹਾਕੀ ਕੋਚ ਬਲਜੀਤ ਕੌਰ ਨੇ ਹਿੱਸਾ ਲੈ ਕੇ ਨਾ ਸਿਰਫ ਘਰ-ਪਰਿਵਾਰ ਦਾ ਨਾਂ ਰੌਸ਼ਨ ਕੀਤਾ, ਸਗੋਂ ਪੂਰੇ ਪਿੰਡ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਉਨ੍ਹਾਂ ਆਪਣੇ ਪਿੰਡ ਦੀ ਇਸ ਹੋਣਹਾਰ ਨੂੰਹ ’ਤੇ ਮਾਣ ਮਹਿਸੂਸ ਕਰ ਕੇ ਉਮੀਦ ਕਰਦਿਆਂ ਕਿਹਾ ਕਿ ਹਾਕੀ ਕੋਚ ਬਲਜੀਤ ਕੌਰ ਭਵਿੱਖ ’ਚ ਵੀ ਸਾਡੇ ਪਿੰਡ ਦਾ ਨਾਂ ਹੋਰ ਵੱਡੇ ਮੰਚਾਂ ’ਤੇ ਚਮਕਾਵੇਗੀ ਤੇ ਨਵੀਂ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ ਪ੍ਰੇਰਿਤ ਕਰਦੀ ਰਹੇਗੀ। ਇਸ ਸਮੇਂ ਸਰਬਜੀਤ ਸਿੰਘ ਗੋਰਾ ਮਰਾਹੜ੍ਹ, ਡਾ. ਕੇਵਲ ਸਿੰਘ, ਕਾਮਰੇਡ ਸੁਰਿੰਦਰ ਸਿੰਘ ਜਲਾਲਦੀਵਾਲ, ਪੰਚ ਗੁਰਪ੍ਰੀਤ ਸਿੰਘ, ਦਲਬਾਰਾ ਸਿੰਘ, ਮੈਨੇਜਰ ਹਰਦੀਪ ਕੌਰ ਪੂਨੀਆਂ, ਸੁਖਬੀਰ ਸਿੰਘ, ਗੁਰਮੀਤ ਕੌਰ ਪੂਨੀਆਂ, ਪੰਚ ਬੂਟਾ ਸਿੰਘ, ਪੰਚ ਬਲਵੀਰ ਸਿੰਘ, ਅਮਨਦੀਪ ਕੌਰ ਆਦਿ ਹਾਜ਼ਰ ਸਨ।