ਜਾਨੋ ਮਾਰਨ ਦੀਆ ਧਮਕੀਆਂ ਦੇਣ ਵਾਲਾ ਨਾਮਜ਼ਦ
ਫੋਨ ਕਰਕੇ ਜਾਨੋ ਮਾਰਨ ਦੀਆ ਧਮਕੀਆਂ ਦੇਣ ਵਾਲਾ ਨਾਮਜਦ
Publish Date: Tue, 02 Dec 2025 08:08 PM (IST)
Updated Date: Wed, 03 Dec 2025 04:12 AM (IST)

ਪੀੜਤ ਦੀ ਜਾਇਦਾਦ ਹੜੱਪਣ ਲਈ ਰੱਖਦਾ ਸੀ ਰੰਜਿਸ਼ ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਸਥਾਨਕ ਹੈਬੋਵਾਲ ਕਲਾਂ ਰਹਿਣ ਵਾਲੇ ਵਿਅਕਤੀ ਨੂੰ ਕੋਈ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ, ਜਦ ਧਮਕਾਉਣ ਵਾਲੇ ਨੇ ਕਈ ਵਾਰ ਫੋਨ ਕਰ ਕੇ ਪੀੜਤ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਮਾਮਲਾ ਥਾਣਾ ਹੈਬੋਵਾਲ ਪੁਲਿਸ ਦੇ ਧਿਆਨ ’ਚ ਲਿਆਂਦਾ ਗਿਆ। ਪੁਲਿਸ ਨੇ ਪੀੜਤ ਗੁਰਜੀਤ ਸਿੰਘ ਦੇ ਬਿਆਨ ’ਤੇ ਧਮਕੀਆਂ ਦੇਣ ਵਾਲੇ ਮੁਲਜ਼ਮ ਗੁਰਦਾਸਪੁਰ ਵਾਸੀ ਜਸਪ੍ਰੀਤ ਸਿੰਘ ਖਿਲਾਫ ਪਰਚਾ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਗੁਰਜੀਤ ਸਿੰਘ ਮੁਤਾਬਕ ਉਸ ਦੇ ਮੋਬਾਈਲ ਫੋਨ ’ਤੇ ਜਸਪ੍ਰੀਤ ਸਿੰਘ ਨਾਂ ਦਾ ਵਿਅਕਤੀ ਵ੍ਹਟਸਐਪ ਕਾਲ ਕਰ ਕੇ ਉਸ ਨੂੰ ਭੱਦੀ ਸ਼ਬਦਾਵਲੀ ਇਸਤੇਮਾਲ ਕਰਦੇ ਹੋਏ ਧਮਕੀਆਂ ਦੇਣ ਲੱਗ ਗਿਆ। ਪਹਿਲਾਂ ਤਾਂ ਪਰਿਵਾਰ ਨੇ ਇਸ ਨੂੰ ਜ਼ਿਆਦਾ ਗੰਭੀਰਤਾ ਨਾਲ ਨਾ ਲਿਆ ਪਰ ਜਦ ਵਾਰ ਵਾਰ ਫੋਨ ਆਉਣ ਲੱਗੇ ਅਤੇ ਕਾਲ ਕਰਨ ਵਾਲਾ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਲੱਗਾ ਤਾਂ ਸਾਰਾ ਪਰਿਵਾਰ ਗੰਭੀਰ ਮਾਨਸਿਕ ਤਣਾਅ ਹੇਠ ਆ ਗਿਆ। ਸ਼ਿਕਾਇਤਕਰਤਾ ਮੁਤਾਬਕ ਉਸ ਨੇ ਆਪਣੇ ਪੱਧਰ ’ਤੇ ਪੜਤਾਲ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਮਿੱਥੀ ਸਾਜ਼ਿਸ਼ ਤਹਿਤ ਧਮਕਾਇਆ ਜਾ ਰਿਹਾ ਹੈ। ਸ਼ਿਕਾਇਤਕਰਤਾ ਨੇ ਪੁਲਿਸ ਕੋਲ ਬਿਆਨ ਦਰਜ ਕਰ ਕੇ ਉਕਤ ਵਿਅਕਤੀ ਕੋਲੋਂ ਆਪਣੀ ਜਾਨ ਤੇ ਮਾਲ ਨੂੰ ਖਤਰਾ ਹੋਣ ਦੀ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਮੁਲਜ਼ਮ ਜਾਇਦਾਦ ਹੜੱਪਣ ਦੀ ਨੀਅਤ ਨਾਲ ਇਹ ਕਰਤੂਤ ਅੰਜਾਮ ਦੇ ਰਿਹਾ ਹੈ। ਉਕਤ ਜਾਣਕਾਰੀ ਦੇ ਸਬੂਤਾਂ ਨੂੰ ਵੇਖਦੇ ਹੋਏ ਪੁਲਿਸ ਨੇ ਮੁਲਜ਼ਮ ਖਿਲਾਫ ਪਰਚਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।