ਅਜੇ ਨਹੀਂ ਮਿਲੇਗੀ ਠੰਢ ਤੋਂ ਰਾਹਤ, ਪੰਜਾਬ 'ਚ ਸੰਘਣੀ ਧੁੰਦ ਦਾ ਆਰੇਂਜ ਅਲਰਟ ਜਾਰੀ, ਹਵਾਈ ਤੇ ਰੇਲ ਸੇਵਾਵਾਂ ਪ੍ਰਭਾਵਿਤ
ਉੱਥੇ, ਐੱਸਬੀਐੱਸ ਨਗਰ ’ਚ ਘੱਟੋ-ਘੱਟ ਤਾਪਮਾਨ ਸਭ ਤੋਂ ਘੱਟ 6.9 ਡਿਗਰੀ ਸੈਲਸੀਅਸ ਰਿਹਾ। 24 ਘੰਟਿਆਂ ’ਚ ਸੂਬੇ ਦਾ ਔਸਤਨ ਤਾਪਮਾਨ 2.1 ਡਿਗਰੀ ਸੈਲਸੀਅਸ ਡਿੱਗਾ ਹੈ ਜਿਹੜਾ ਸਾਧਾਰਨ ਦੇ ਨਜ਼ਦੀਕ ਰਿਹਾ ਹੈ।
Publish Date: Fri, 19 Dec 2025 08:37 AM (IST)
Updated Date: Fri, 19 Dec 2025 08:41 AM (IST)

ਜਾਸ, ਲੁਧਿਆਣਾ : ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਸੰਘਣੀ ਧੁੰਦ ਛਾਈ ਰਹੀ। ਕਈ ਜ਼ਿਲ੍ਹਿਆਂ ’ਚ ਤਾਂ ਦ੍ਰਿਸ਼ਤਾ 50 ਮੀਟਰ ਤਾਂ ਕਿਤੇ ਬਹੁਤ ਹੀ ਘੱਟ ਰਹੀ। ਧੁੰਦ ਕਾਰਨ ਹਵਾਈ ਤੇ ਰੇਲ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ। ਉੱਥੇ, ਮੌਸਮ ਵਿਭਾਗ ਨੇ ਪੰਜਾਬ ’ਚ ਸ਼ੁੱਕਰਵਾਰ ਨੂੰ ਅਤਿ ਸੰਘਣੀ ਧੁੰਦ ਦਾ ਆਰੇਂਜ ਅਲਰਟ ਜਾਰੀ ਕੀਤਾ ਹੈ। ਵੀਰਵਾਰ ਨੂੰ ਜ਼ਿਲ੍ਹਾ ਬਠਿੰਡਾ ’ਚ ਵੱਧ ਤੋਂ ਵੱਧ ਤਾਪਮਾਨ ਸਭ ਤੋਂ ਜ਼ਿਆਦਾ 26.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਉੱਥੇ, ਐੱਸਬੀਐੱਸ ਨਗਰ ’ਚ ਘੱਟੋ-ਘੱਟ ਤਾਪਮਾਨ ਸਭ ਤੋਂ ਘੱਟ 6.9 ਡਿਗਰੀ ਸੈਲਸੀਅਸ ਰਿਹਾ। 24 ਘੰਟਿਆਂ ’ਚ ਸੂਬੇ ਦਾ ਔਸਤਨ ਤਾਪਮਾਨ 2.1 ਡਿਗਰੀ ਸੈਲਸੀਅਸ ਡਿੱਗਾ ਹੈ ਜਿਹੜਾ ਸਾਧਾਰਨ ਦੇ ਨਜ਼ਦੀਕ ਰਿਹਾ ਹੈ। ਮੌਸਮ ਵਿਭਾਗ ਨੇ ਸ਼ਨਿਚਰਵਾਰ ਨੂੰ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਵਿਚ ਪੰਜਾਬ ਦੇ ਕੁਝ ਹਿੱਸਿਆਂ ’ਚ ਧੁੰਦ ਛਾਈ ਰਹੇਗੀ। ਇਸ ਤੋਂ ਬਾਅਦ 23 ਤੇ 24 ਦਸੰਬਰ ਨੂੰ ਮੁੜ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਉੱਥੇ ਧੁੰਦ ਕਾਰਨ ਸ੍ਰੀ ਗੁਰੂ ਰਾਮਦਾਸ ਏਅਰਪੋਰਟ ਅੰਮਿ੍ਰਤਸਰ ’ਤੇ ਏਅਰ ਇੰਡੀਆ ਐਕਸਪ੍ਰੈੱਸ ਦੀ ਦੁਬਈ ਦੀ ਉਡਾਣ ਪੰਜ ਘੰਟੇ ਦੇਰੀ ਨਾਲ ਉਤਰੀ। ਇਹ ਉਡਾਣ ਸਵੇਰੇ 1.00 ਵਜੇ ਦੀ ਬਜਾਏ 5.55 ਵਜੇ ਆਈ। ਇਸੇ ਤਰ੍ਹਾਂ ਸਪਾਈਸਜੈੱਟ ਦੀ ਸਵੇਰੇ 7.50 ਵਜੇ ਵਾਲੀ ਦੁਬਈ ਉਡਾਣ 11.34 ਵਜੇ ਆਈ। ਉੱਥੇ 9.45 ਵਜੇ ਆਉਣ ਵਾਲੀ ਸ਼ਿਮਲਾ ਉਡਾਣ, ਇੰਡੀਗੋ ਦੀ ਦੁਪਹਿਰ 12.25 ਵਜੇ ਵਾਲੀ ਕੋਲਕਾਤਾ ਉਡਾਣ ਰੱਦ ਰਹੀ। ਧੁੰਦ ਕਾਰਨ ਅੰਮਿ੍ਰਤਸਰ ਤੋਂ ਆਉਣ ਵਾਲੀਆਂ ਉਡਾਣਾਂ ਵੀ ਪ੍ਰਭਾਵਿਤ ਹੋਈਆਂ। ਇਸੇ ਤਰ੍ਹਾਂ ਸਟਾਰ ਏਅਰਲਾਈਨਸ ਦੀ ਹਿੰਡਨ ਤੋਂ ਆਦਮਪੁਰ ਆਉਣ ਵਾਲੀ ਫਲਾਈਟ ਆਪਣੇ ਨਿਰਧਾਰਤ ਸਮੇਂ ਦੁਪਹਿਰ 2.05 ਵਜੇ ਦੀ ਥਾਂ 2.52 ਵਜੇ ਆਈ। ਆਦਮਪੁਰ ਏਅਰਪੋਰਟ ਤੋਂ ਹਿੰਡਨ ਜਾਣ ਵਾਲੀ ਫਲਾਈਟ ਆਪਣੇ ਨਿਰਧਾਰਤ ਸਮੇਂ 2.35 ਵਜੇ ਦੀ ਥਾਂ 3.10 ਵਜੇ ਰਵਾਨਾ ਹੋਈ। ਇੰਡੀਗੋ ਏਅਰਲਾਈਨਸ ਦੀ ਮੁੰਬਈ ਤੋਂ ਆਦਮਪੁਰ ਆਉਣ ਵਾਲੀ ਫਲਾਈਟ ਨਿਰਦਾਰਤ ਸਮੇਂ 3.10 ਵਜੇ ਦੀ ਥਾਂ 3.28 ਵਜੇ ਆਈ। ਆਦਮਪੁਰ ਤੋਂ ਮੁੰਬਈ ਜਾਣ ਵਾਲੀ ਫਲਾਈਟ 3.40 ਵਜੇ ਦੀ ਥਾਂ 4.05 ਵਜੇ ਰਵਾਨਾ ਹੋਈ। ਧੁੰਦ ਦੇ ਕਾਰਨ ਟ੍ਰੇਨਾਂ ਵੀ ਆਪਣੇ ਨਿਰਦਾਰਤ ਸਮੇਂ ਤੋਂ ਦੇਰੀ ਨਾਲ ਪਹੁੰਚੀਆਂ।