ਥਾਣਾ ਮੋਤੀ ਨਗਰ ਦੇ ਇਲਾਕੇ ’ਚ ਮੁੜ ਵਾਪਰੀ ਲੁੱਟ ਦੀ ਵਾਰਦਾਤ
ਥਾਣਾ ਮੋਤੀ ਨਗਰ ਦੇ ਇਲਾਕੇ ਵਿੱਚ ਫਿਰ ਤੋਂ ਵਾਪਰੀ ਲੁੱਟ ਦੀ ਵਾਰਦਾਤ
Publish Date: Tue, 20 Jan 2026 10:35 PM (IST)
Updated Date: Wed, 21 Jan 2026 04:21 AM (IST)

* ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਰਾਹਗੀਰ ਨੂੰ ਬਣਾਇਆ ਨਿਸ਼ਾਨਾ, ਅਣਪਛਾਤੇ ਨਾਮਜ਼ਦ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਥਾਣਾ ਮੋਤੀ ਨਗਰ ਦੇ ਇਲਾਕੇ ਦੀ ਹਦੂਦ ਅੰਦਰ ਆਉਂਦੇ ਦਿੱਲੀ ਰੋਡ ਤੇ ਲਗਾਤਾਰ ਲੁੱਟ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਕੁਝ ਦਿਨ ਪਹਿਲਾਂ ਕੰਮ ’ਤੇ ਜਾ ਰਹੇ ਦੋ ਦੋ ਵੱਖ-ਵੱਖ ਨੌਜਵਾਨਾਂ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਸੀ। ਬਦਮਾਸ਼ਾਂ ਨੇ ਨੌਜਵਾਨਾਂ ਦੇ ਸੱਟਾਂ ਮਾਰ ਕੇ ਉਨ੍ਹਾਂ ਕੋਲੋਂ ਨਕਦੀ ਲੁੱਟ ਲਈ ਸੀ। ਪੁਲਿਸ ਉਨ੍ਹਾਂ ਮਾਮਲਿਆਂ ਨੂੰ ਹੱਲ ਕਰਨ ਲਈ ਅਜੇ ਕਾਰਵਾਈ ਕਰ ਹੀ ਰਹੀ ਸੀ ਕਿ ਇਕ ਹੋਰ ਵਾਰਦਾਤ ਸਾਹਮਣੇ ਆ ਗਈ। ਤਾਜ਼ਾ ਮਾਮਲੇ ਵਿੱਚ ਬਦਮਾਸ਼ਾਂ ਨੇ ਐਕਟਿਵਾ ਸਕੂਟਰ ’ਤੇ ਸਵਾਰ ਹੋ ਕੇ ਕਿਸੇ ਕੰਮ ਜਾ ਰਹੇ ਨੌਜਵਾਨ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਕੋਲੋਂ ਨਕਦੀ ਤੇ ਮੋਬਾਈਲ ਫੋਨ ਲੁੱਟ ਲਿਆ। ਥਾਣਾ ਮੋਤੀ ਨਗਰ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਸ਼ੇਰਪੁਰ ਕਲਾਂ ਵਾਸੀ ਇਕਬਾਲ ਹੁਸੈਨ ਨੇ ਦੱਸਿਆ ਕਿ ਉਹ ਬੀਤੇ ਦਿਨ ਆਪਣੇ ਯੂਪੀਟਰ ਸਕੂਟਰ ਤੇ ਸਵਾਰ ਹੋ ਕੇ ਸ਼ਿਵ ਚੌਕ ਤੋਂ ਸਮਰਾਲਾ ਚੌਕ ਵੱਲ ਜਾ ਰਿਹਾ ਸੀ। ਉਹ ਜਿਵੇਂ ਹੀ ਮੋਤੀ ਨਗਰ ਪੁਲੀ ਦੇ ਲਾਗੇ ਦਿੱਲੀ ਰੋਡ ਤੇ ਪਹੁੰਚਿਆ ਤਾਂ ਪਿੱਛੋਂ ਮੋਟਰਸਾਈਕਲ ਤੇ ਸਵਾਰ ਹੋ ਕੇ 3 ਨੌਜਵਾਨ ਆਏ। ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਇਕਬਾਲ ਹੁਸੈਨ ਨੂੰ ਡਰਾਇਆ ਅਤੇ ਉਸ ਕੋਲੋਂ ਮੋਬਾਇਲ ਫੋਨ, ਆਧਾਰ ਕਾਰਡ, ਪੈਨ ਕਾਰਡ ਅਤੇ ਕੁਝ ਨਕਦੀ ਲੁੱਟ ਲਈ। ਉਧਰ ਇਸ ਮਾਮਲੇ ਵਿੱਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਬੀਐਨਐਸ ਦੀ ਧਾਰਾ 304 ਤੇ 3(5) ਤਹਿਤ ਮੁਕੱਦਮਾ ਦਰਜ ਕਰਕੇ ਕੇਸ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।