ਸਬਜ਼ੀ ਮੰਡੀ ’ਚ ਟਰੈਫਿਕ ਜਾਮ ਤੋਂ ਮਿਲੇਗੀ ਨਿਜਾਤ
ਸਬਜ਼ੀ ਮੰਡੀ ਵਿੱਚ ਟਰੈਫਿਕ ਜਾਮ ਤੋਂ ਮਿਲੇਗੀ ਨਿਜਾਤ,ਫੜੀਧਾਰਕਾਂ ਲਈ ਨਵਾਂ ਸ਼ੈਡ ਹੋਵੇਗਾ ਤਿਆਰ
Publish Date: Tue, 13 Jan 2026 09:53 PM (IST)
Updated Date: Wed, 14 Jan 2026 04:15 AM (IST)

ਫੜ੍ਹੀ ਧਾਰਕਾਂ ਲਈ ਨਵਾਂ ਸ਼ੈੱਡ ਹੋਵੇਗਾ ਤਿਆਰ ਗੌਰਵ ਕੁਮਾਰ ਸਲੂਜਾ, ਪੰਜਾਬੀ ਜਾਗਰਣ, ਲੁਧਿਆਣਾ ਲੁਧਿਆਣਾ ਦੀ ਸਬਜ਼ੀ ਮੰਡੀ ’ਚ ਸੜਕਾਂ ਉੱਪਰ ਫੜ੍ਹੀਆਂ ਲਾ ਕੇ ਸਬਜ਼ੀ ਵੇਚਣ ਕਾਰਨ ਬਣ ਰਹੀ ਟਰੈਫਿਕ ਸਮੱਸਿਆ ਜਲਦ ਹੀ ਹੱਲ ਹੋਣ ਦੀ ਉਮੀਦ ਬਣ ਗਈ ਹੈ। ਮੰਡੀ ਦੀਆਂ ਮੁੱਖ ਸੜਕਾਂ ‘ਤੇ ਫੜ੍ਹੀ ਧਾਰਕਾਂ ਵੱਲੋਂ ਫੜ੍ਹੀਆਂ ਲਾ ਲੈਣ ਕਾਰਨ ਹਰ ਰੋਜ਼ ਕਈ-ਕਈ ਘੰਟੇ ਟਰੈਫਿਕ ਜਾਮ ਦੀ ਸਥਿਤੀ ਬਣੀ ਰਹਿੰਦੀ ਸੀ, ਜਿਸ ਨਾਲ ਆੜ੍ਹਤੀ ਭਾਈਚਾਰਾ ਹੀ ਨਹੀਂ ਸਗੋਂ ਆਮ ਲੋਕ ਵੀ ਭਾਰੀ ਪਰੇਸ਼ਾਨੀ ਦਾ ਸ਼ਿਕਾਰ ਰਹੇ ਹਨ। ਇਸ ਸਮੱਸਿਆ ਸਬੰਧੀ ਆੜ੍ਹਤੀ ਭਾਈਚਾਰੇ ਵੱਲੋਂ ਕਈ ਵਾਰ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਲਿਖਤੀ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ। ਉਨ੍ਹਾਂ ਸ਼ਿਕਾਇਤਾਂ ਦੇ ਮੱਦੇਨਜ਼ਰ ਮੰਡੀ ਬੋਰਡ ਵੱਲੋਂ ਗੇਟ ਨੰਬਰ 3 ਦੇ ਨੇੜੇ ਮੰਡੀ ਬੋਰਡ ਦੇ ਮੂਲ ਨਕਸ਼ੇ ’ਚ ਫੜ੍ਹੀ ਧਾਰਕਾਂ ਲਈ ਨਿਰਧਾਰਿਤ ਕੀਤੀ ਥਾਂ ’ਤੇ ਨਵਾਂ ਸ਼ੈੱਡ ਤਿਆਰ ਕੀਤਾ ਜਾ ਰਿਹਾ ਹੈ। ਇਸ ਸ਼ੈੱਡ ਅੰਦਰ ਫੜੀਧਾਰਕਾਂ ਨੂੰ ਪੱਕੇ ਅੱਡੇ ਦਿੱਤੇ ਜਾਣਗੇ ਤਾਂ ਜੋ ਉਹ ਸੜਕਾਂ ’ਤੇ ਫੜ੍ਹੀਆਂ ਲਾਉਣ ਤੋਂ ਬਚ ਸਕਣ ਤੇ ਟਰੈਫਿਕ ਸੁਚਾਰੂ ਢੰਗ ਨਾਲ ਚੱਲ ਸਕੇ। ਰੇਹੜੀ-ਫੜ੍ਹੀ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਬਠਲਾ ਨੇ ਕਿਹਾ ਕਿ ਫੜ੍ਹੀ ਧਾਰਕਾਂ ਦੀਆਂ ਮੰਗਾਂ ਨੂੰ ਲੈ ਕੇ ਮਾਰਕੀਟ ਕਮੇਟੀ ਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਕਈ ਵਾਰ ਲਿਖਤੀ ਅਰਜ਼ੀਆਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਦੇ ਨਤੀਜੇ ਵਜੋਂ ਹੁਣ ਗੇਟ ਨੰਬਰ 3 ’ਤੇ ਸ਼ੈੱਡ ਬਣ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੰਡੀ ’ਚ ਰਜਿਸਟਰਡ ਫੜ੍ਹੀ ਧਾਰਕਾਂ ਨੂੰ ਪਹਿਲ ਦੇ ਆਧਾਰ ’ਤੇ ਅੱਡੇ ਅਲਾਟ ਕੀਤੇ ਜਾਣਗੇ ਤੇ ਬਾਅਦ ’ਚ ਬਾਕੀ ਫੜ੍ਹੀ ਧਾਰਕਾਂ ਨੂੰ ਵੀ ਸੁਚਾਰੂ ਢੰਗ ਨਾਲ ਥਾਂ ਦਿੱਤੀ ਜਾਵੇਗੀ। ਉੱਥੇ ਹੀ ਮਾਰਕੀਟ ਕਮੇਟੀ ਦੇ ਸਕੱਤਰ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸ਼ੈੱਡ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਤੇ ਜਲਦ ਹੀ ਇਹ ਤਿਆਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦੇ ਮੈਂਬਰਾਂ ਤੇ ਫੜ੍ਹੀ ਧਾਰਕਾਂ ਦੇ ਨੁਮਾਇੰਦਿਆਂ ਦੀ ਅਗਵਾਈ ਹੇਠ ਅੱਡਿਆਂ ਦੀ ਵੰਡ ਕੀਤੀ ਜਾਵੇਗੀ ਤਾਂ ਜੋ ਮੰਡੀ ’ਚ ਲੰਬੇ ਸਮੇਂ ਤੋਂ ਚੱਲ ਰਹੀ ਟਰੈਫਿਕ ਸਮੱਸਿਆ ਤੋਂ ਸਥਾਈ ਨਿਜਾਤ ਮਿਲ ਸਕੇ।