ਹਲਕਾ ਸਾਹਨੇਵਾਲ ਅੰਦਰ ਭਖਣ ਲੱਗਿਆ ਸਿਆਸੀ ਅਖਾੜਾ
ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਹਲਕਾ ਸਾਹਨੇਵਾਲ ਅੰਦਰ ਭਖਣ ਲੱਗਿਆ ਸਿਆਸੀ ਅਖਾੜਾ
Publish Date: Tue, 02 Dec 2025 11:24 PM (IST)
Updated Date: Wed, 03 Dec 2025 04:15 AM (IST)

ਲੱਕੀ ਘੁਮੈਤ, ਪੰਜਾਬੀ ਜਾਗਰਣ ਸਾਹਨੇਵਾਲ ਪੰਜਾਬ ਅੰਦਰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਤਰੀਕਾ ਦਾ ਐਲਾਨ ਹੋ ਚੁੱਕਿਆ ਹੈ ਜਿਸ ਅਧੀਨ ਪੰਜਾਬ ਅੰਦਰ 14 ਦਸੰਬਰ ਨੂੰ ਵੋਟਾਂ ਪੈਣਗੀਆਂ ਅਤੇ 17 ਦਸੰਬਰ ਨੂੰ ਨਤੀਜੇ ਆਉਣਗੇ। ਜਦਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਚੋਣਾਂ ਲੜਨ ਦੇ ਚਾਹਵਾਨ ਆਗੂਆਂ ਵੱਲੋਂ ਆਪਣੇ-ਆਪਣੇ ਪੱਧਰ ਤੇ ਪਹਿਲਾਂ ਹੀ ਚੋਣ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹ ਚੋਣਾਂ ਹਲਕਾ ਸਾਹਨੇਵਾਲ ਵਿੱਚ ਰਹਿੰਦੇ ਵੋਟਰ ਆਉਦੀਆਂ ਵਿਧਾਨ ਸਭਾ ਚੋਣਾਂ ਲਈ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਕਾਂਗਰਸ ਦੇ ਹਲਕਾ ਇੰਚਾਰਜ ਵਿਕਰਮ ਸਿੰਘ ਬਾਜਵਾ ਅਤੇ ਅਕਾਲੀ ਦਲ ਦੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦਾ ਭਵਿੱਖ ਵੀ ਤੈਅ ਕਰਨਗੇ। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਜਿੱਥੇ ਆਪਣੇ ਵਰਕਰਾਂ ਦੇ ਨਾਲ ਮੀਟਿੰਗਾਂ ਕਰ ਕੇ ਚੋਣਾਂ ਲਈ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਉਸ ਦੇ ਨਾਲ ਹੀ ਜੋੜ-ਤੋੜ ਕਰਕੇ ਦੂਜੀਆਂ ਪਾਰਟੀਆਂ ਦੇ ਜਿੱਤ ਦੀ ਸਮਰਥਾ ਰੱਖਣ ਵਾਲੇ ਆਗੂਆਂ ਨੂੰ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਕਿਉਂ ਕਿ ਸੂਬੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਉਹ ਪਹਿਲੀ ਵਾਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਆਪਣੇ ਉਮੀਦਵਾਰ ਜਿਤਾਕੇ ਚੇਅਰਮੈਨ ਬਣਾਉਣ ਵਿੱਚ ਕਾਮਯਾਬ ਹੋਣਗੇ। ਉਸ ਦੇ ਨਾਲ ਹੀ ਕਾਂਗਰਸ ਪਾਰਟੀ ਤੋਂ ਹਲਕਾ ਇੰਚਾਰਜ ਵਿਕਰਮ ਸਿੰਘ ਬਾਜਵਾ ਵੱਲੋਂ ਵੀ ਕੜ੍ਹੀ ਮਿਹਨਤ ਕੀਤੀ ਜਾ ਰਹੀ ਹੈ ਅਤੇ ਉਹ ਕਈ ਮਹੀਨਿਆਂ ਤੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣ ਲਈ ਆਪਣੇ ਸਾਥੀਆਂ ਦੇ ਨਾਲ ਰਣਨੀਤੀ ਤਿਆਰ ਕਰੀ ਬੈਠੇ ਹਨ। ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਦੇ ਉਮੀਦਵਾਰ ਵੀ ਤਿਆਰ ਹਨ। ਜਿਸ ਤਰ੍ਹਾਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਆਪ ਨੂੰ ਹਲਕਾ ਸਾਹਨੇਵਾਲ ਅੰਦਰ 25 ਹਜਾਰ ਤੋਂ ਵੱਧ ਵੋਟਾਂ ਦੇ ਨਾਲ ਮਾਤ ਦਿੱਤੀ ਸੀ। ਉਸ ਨੂੰ ਦੇਖਦੇ ਹੋਏ ਕਾਂਗਰਸੀ ਵਰਕਰਾਂ ਦੇ ਹੌਸਲੇ ਬੁਲੰਦ ਹਨ ਕਿ ਉਨ੍ਹਾਂ ਦੇ ਆਗੂ ਵਿਕਰਮ ਬਾਜਵਾ ਦੀ ਕੀਤੀ ਮਿਹਨਤ ਰੰਗ ਲਿਆਏਗੀ। ਸ੍ਰੋਮਣੀ ਅਕਾਲੀ ਦਲ ਵੀ ਤਰਨਤਾਰਨ ਦੀਆਂ ਚੋਣਾਂ ਵਿੱਚ ਲੋਕਾਂ ਦੇ ਮਿਲੇ ਹੁੰਗਾਰੇ ਤੋਂ ਕਾਫੀ ਆਸਵੰਦ ਹੈ ਕਿ ਉਨ੍ਹਾਂ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਗ੍ਰਾਫ ਵਧਿਆ ਹੈ ਅਤੇ ਹਲਕਾ ਇੰਚਾਰਜ ਸ਼ਰਨਜੀਤ ਸਿੰਘ ਢਿੱਲੋ ਅਤੇ ਉਨ੍ਹਾਂ ਦੇ ਸਪੁੱਤਰ ਸਿਮਰਨਜੀਤ ਸਿੰਘ ਢਿੱਲੋਂ ਦੀ ਵੀ ਪਿੰਡਾਂ ਦੇ ਅੰਦਰ ਮਜਬੂਤ ਪਕੜ ਹੈ ਜਿਸ ਕਰਕੇ ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਨੂੰ ਵੋਟਰਾਂ ਤੇ ਭਾਰੀ ਉਮੀਦਾਂ ਹਨ। ਪਹਿਲੀ ਵਾਰ ਪੰਜਾਬ ਅੰਦਰ ਆਪਣੇ ਚੋਣ ਨਿਸ਼ਾਨ ਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲੜ੍ਹਨ ਵਾਲੀ ਭਾਜਪਾ ਵੀ ਇਸ ਕਰਕੇ ਹੋਂਸਲੇ ਵਿੱਚ ਹੈ ਕਿਉਂਕਿ ਭਾਜਪਾ ਹਲਕਾ ਸਾਹਨੇਵਾਲ ਅੰਦਰ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਤੋਂ ਬਆਦ ਦੂਜੇ ਨੰਬਰ ਤੇ ਆਈ ਸੀ। ਭਾਜਪਾ ਨੇ ਆਪ ਨੂੰ 10 ਹਜਾਰ ਤੋਂ ਵੱਧ ਵੋਟਾਂ ਨਾਲ ਪਛਾੜਿਆ ਸੀ। ਇਸ ਕਰ ਕੇ ਭਾਜਪਾ ਨੂੰ ਵੀ ਚਮਤਕਾਰ ਦੀ ਆਸ ਹੈ। ਪੰਜਾਬ ਦੇ ਅੰਦਰ ਭਾਈ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਨਵੇ ਬਣੇ ਅਕਾਲੀ ਦਲ ਮੁੜ ਸੁਰਜੀਤ ਨੇ ਵੀ ਚੋਣਾਂ ਲੜ੍ਹਨ ਦਾ ਐਲਾਨ ਕੀਤਾ ਹੈ। ਉਹ ਕਿੰਨੇ ਉਮੀਦਵਾਰ ਖੜ੍ਹੇ ਕਰਦੇ ਹਨ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਜਿਸ ਤਰ੍ਹਾਂ ਹਲਕਾ ਸਾਹਨੇਵਾਲ ਅੰਦਰ ਸਾਰੀਆਂ ਹੀ ਸਿਆਸੀ ਧਿਰਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲੜਨ ਲਈ ਪੱਬਾਂ ਭਾਰ ਹਨ। ਉਸ ਤੋਂ ਸਾਫ਼ ਹੈ ਕਿ ਪੰਜਾਬ ਵਾਂਗ ਹਲਕਾ ਸਾਹਨੇਵਾਲ ਅੰਦਰ ਵੀ ਹੁਣ ਕੁਝ ਦਿਨ ਚੁਣਾਂਵੀ ਆਖੜਾ ਲੱਗੇਗਾ, ਪਰ ਪਤਾ ਨਤੀਜੇ ਆਉਣ ਤੇ ਹੀ ਲੱਗੇਗਾ ਕਿ ਕਿਸ ਧਿਰ ਦੇ ਸਿਆਸੀ ਪਹਿਲਵਾਨ ਬਾਜੀ ਮਾਰਦੇ ਹਨ ਅਤੇ ਕਿਸੇ ਦੇ ਸਿਆਸੀ ਆਖੜੇ ਵਿੱਚ ਚਿੱਤ ਹੁੰਦੇ ਹਨ।