ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਹੋਇਆ ਸਮਾਪਤ
ਸ੍ਰੀ ਗੁਰੁ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਧੂਮ ਧਾਮ ਨਾਲ ਹੋਇਆ ਸਮਾਪਤ
Publish Date: Sun, 16 Nov 2025 10:36 PM (IST)
Updated Date: Mon, 17 Nov 2025 04:16 AM (IST)

-ਬੁੱਢੇ ਦਰਿਆ ਕਿਨਾਰੇ ਪਹਿਲੇ ਨਗਰ ਕੀਰਤਨ ਵਿੱਚ ਸੰਗਤਾਂ ’ਚ ਨਜ਼ਰ ਆਇਆ ਭਾਰੀ ਉਤਸ਼ਾਹ ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ ਐਤਵਾਰ ਨੂੰ ਮੈਂਬਰ ਰਾਜ ਸਭਾ ਸੰਤ ਬਲਵੀਰ ਸਿੰਘ ਸੀਚੇਵਾਲ ਵੱਲੋਂ ਉਲੀਕੇ ਸ੍ਰੀ ਗੁਰੁ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 6ਵੇਂ ਹਰੇ ਨਗਰ ਕੀਰਤਨ ਦੀ ਸ਼ੁਰੂਆਤ ਪੰਜਾਂ ਪਿਆਰਿਆਂ ਵੱਲੋਂ ਬੁੱਢੇ ਦਰਿਆ ਕਿਨਾਰੇ ਬੂਟੇ ਲਾ ਕੇ ਕੀਤੀ ਗਈ। ਇਹ ਪਹਿਲਾਂ ਮੌਕਾ ਹੈ ਜਦੋਂ ਬੁੱਢੇ ਦਰਿਆ ਦੇ ਕਿਨਾਰੇ ਤੋਂ ਹਰਾ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੌਰਾਨ ਗੁਰਬਾਣੀ ਦੇ ਹਵਾਲਿਆਂ ਨਾਲ ਹਵਾ, ਪਾਣੀ ਤੇ ਧਰਤੀ ਮਾਂ ‘ਤੇ ਚਰਚਾ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠਾਂ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਚੱਲਿਆ ਇਹ ਨਗਰ ਕੀਰਤਨ ਦੇਰ ਸ਼ਾਮ ਗੁਰਦੁਆਰਾ ਗਾਊਘਾਟ ਵਿਖੇ ਪਹੁੰਚ ਕੇ ਸੰਪਨ ਹੋਇਆ। ਸੰਗਤ ਘਾਟ ਪਹੁੰਚਣ ‘ਤੇ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਵਿੱਚ ਭਾਰੀ ਉਤਸ਼ਾਹ ਤੇ ਚਾਅ ਦੇਖਣ ਨੂੰ ਮਿਲਿਆ। ਇਸ ਮੌਕੇ ਨਗਰ ਕੀਰਤਨ ਸ਼੍ਰੀ ਗੁਰੁ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿਂਘ ਸੀਚੇਵਾਲ ਨੇ ਸਾਲ ਭਰ ਵਿੱਚ ਤਿੰਨ ਲੱਖ 50 ਹਾਜ਼ਾਰ ਬੂਟੇ ਲਗਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪਹਿਲੇ ਪੰਜਾਂ ਨਗਰ ਕੀਰਤਨਾਂ ਵਿੱਚ ਬੂਟਿਆਂ ਦਾ ਪ੍ਰਸ਼ਾਦ ਵੱਡੀ ਪੱਧਰ ‘ਤੇ ਵੰਡਿਆ ਗਿਆ ਸੀ। ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਨਾਲ ਹੀ ਇਹ ਤੰਦਰੁਸਤ ਉਪਰਾਲਾ ਸਿੱਧ ਹੋਵੇਗਾ। ਹੁਣ ਤੱਕ 6 ਵਾਰ ਹਰੇ ਨਗਰ ਕੀਰਤਨਾਂ ਨੇ ਪੰਜਾਬ ਨੂੰ ਹਰਿਆ-ਭਰਿਆ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਨਗਰ ਕੀਰਤਨ ਚ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣ ਪਹੁੰਚੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਅਤੇ ਵਿਧਾਇਕ ਦਿਲਜੀਤ ਸਿੰਘ ਭੋਲਾ ਨੇ ਕਿਹਾ ਕਿ ਇਸ ਨਗਰ ਕੀਰਤਨ ਰਾਹੀ ਸੰਤ ਸੀਚੇਵਾਲ ਵੱਲੋਂ ਗੁਰੁ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਇੱਕ ਨਿੱਗਰ ਰਾਹ ਦਿਖਾਇਆ ਹੈ। ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਡਟੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉਮੀਦ ਪ੍ਰਗਟਾਈਂ ਬੁੱਢਾ ਦਰਿਆ ਇਕ ਦਿਨ ਪਹਿਲਾਂ ਵਾਂਗ ਹੀ ਕਲ੍ਹ-ਕਲ੍ਹ ਕਰਦਾ ਹੋਇਆ ਵਗੇਗਾ। ਉਨ੍ਹਾਂ ਕਿਹਾ ਕਿ ਭੂਖੜੀ ਖੁਰਦ ਤੋਂ ਲੈਕੇ ਸੰਗਤਘਾਟ ਤੱਕ ਬੁੱਢੇ ਦਰਿਆ ਦੇ ਪਾਣੀ ਵਿੱਚ ਵੱਡੇ ਪੱੱਧਰ ‘ਤੇ ਸੁਧਾਰ ਹੋਇਆ ਹੈ। ਉਕਤ ਹਰੇ ਨਗਰ ਕੀਰਤਨ ਦੌਰਾਨ 8 ਹਜ਼ਾਰ ਦੇ ਕਰੀਬ ਬੂਟੇ ਨੂੰ ਪ੍ਰਸ਼ਾਦ ਦੇ ਰੂਪ ’ਚ ਸੰਗਤਾਂ ਨੂੰ ਦਿੱਤੇ ਗਏ। ਨਗਰ ਕੀਰਤਨ ਦਾ ਗੁਰਦੁਆਰਾ ਗਾਊਘਾਟ ਤੱਕ ਦੇ ਸਾਰੇ ਰਸਤੇ ਵਿੱਚ ਸੰਗਤਾਂ ਨੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਅਦਬ-ਸਤਿਕਾਰ ਕੀਤਾ। ਸਮਾਜ ਸੇਵੀ ਜੱਥੇਬੰਦੀਆਂ ਤੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਨਗਰ ਕੀਰਤਨ ਵਿੱਚ ਚੱਲ ਰਹੀਆਂ ਸੰਗਤਾਂ ਲਈ ਚਾਹ ਪਕੌੜਿਆਂ ਅਤੇ ਫਲਾਂ ਦਾ ਲੰਗਰ ਦੇ ਸਟਾਲ ਲਾਉਣ ਦੀ ਸੇਵਾ ਨਿਭਾਈ ਗਈ। ਇਸ ਨਗਰ ਕੀਰਤਨ ’ਚ ਪਿੰਡ ਭੂਖੜੀ ਖੁਰਦ ਤੋਂ ਸਰਪੰਚ ਸਤਪਾਲ ਸਿੰਘ, ਭੂਖੜੀ ਕਲਾਂ ਦੇ ਸਰਪੰਚ, ਗੁਰੁ ਰਾਮਦਾਸ ਨਗਰ ਦੇ ਸਰਪੰਚ ਬਲਵਿੰਦਰ ਸਿੰਘ, ਖਾਸੀ ਕਲਾਂ ਦੇ ਸਰਪੰਚ ਕਮਰਜੀਤ ਗਰੇਵਾਲ, ਪਿੰਡ ਚੱਕ ਚੇਲਾ ਦੇ ਸਰਪੰਚ ਤੇਗਾ ਸਿੰਘ, ਅਮਰ ਕਾਲੋਨੀ ਦੇ ਸਰਪੰਚ ਹਰਜਿੰਦਰ ਹੁੰਦਲ, ਪਿੰਡ ਸੀਚੇਵਾਲ ਦੇ ਸਰਪੰਚ ਬੂਟਾ ਸਿੰਘ, ਜਸਬੀਰ ਸਿੰਘ ਗਰੇਵਾਲ, ਨੇਕ ਸਿੰਘ, ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਰਹੀਆਂ। ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਦੇ ਬੱਚਿਆਂ ਵੱਲੋਂ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਇਲਾਹੀ ਕੀਰਤਨ ਨਾਲ ਜੋੜਿਆ ਗਿਆ। ਸਕੂਲ਼ ਦੇ ਬੱਚਿਆਂ ਵੱਲੋਂ ਤਖਤੀ ਰਾਹੀ ਵਾਤਾਵਰਣ ਬਚਾਉਣ ਦਾ ਸੁਨੇਹਾ ਦਿੱਤਾ ਗਿਆ ਤੇ ਗਤਕੇ ਦੇ ਖਿਡਾਰੀਆਂ ਵੱਲੋਂ ਨਗਰ ਕੀਰਤਨ ਦੇ ਅੱਗੇ ਅੱਗੇ ਗੱਤਕੇ ਦੇ ਜ਼ੌਹਰ ਦਿਖਾਏ ਗਏ।