ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਖੁਦਕੁਸ਼ੀ ਮਾਮਲੇ 'ਚ ਆਇਆ ਨਵਾਂ ਮੋੜ, ਛੇ ਮਹੀਨੇ ਬਾਅਦ ਸੁਸਾਈਡ ਨੋਟ ਆਇਆ ਸਾਹਮਣੇ; ਪ੍ਰੇਮਿਕਾ ਖਿਲਾਫ ਕੇਸ ਦਰਜ
ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਪਿੰਡ ਮਹਿਮੂਦਪੁਰਾ ਦੀ ਰਹਿਣ ਵਾਲੀ ਗੀਤਾ ਦੀ ਸ਼ਿਕਾਇਤ ਤੇ ਧਾਂਦਰਾ ਰੋਡ ਇਲਾਕੇ ਦੀ ਵਾਸੀ ਇੱਕ ਲੜਕੀ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
Publish Date: Tue, 05 May 2026 12:26 PM (IST)
Updated Date: Tue, 05 May 2026 12:29 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ: ਪਿਤਾ ਦੇ ਚਲੇ ਜਾਣ ਤੋਂ ਬਾਅਦ ਆਪਣੀ ਮਾਂ ਦਾ ਸਹਾਰਾ ਬਣੇ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਉਸ ਵੇਲੇ ਨਵਾਂ ਮੋੜ ਆਇਆ ਜਦੋਂ ਘਰ 'ਚੋਂ ਸੁਸਾਈਡ ਨੋਟ ਬਰਾਮਦ ਹੋਇਆ। ਦੋ ਕਾਪੀਆਂ ਵਿੱਚ ਲਿਖੇ ਸੁਸਾਈਡ ਨੋਟ ਵਿੱਚ ਲੜਕੇ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਆਪਣੀ ਪ੍ਰੇਮਿਕਾ ਨੂੰ ਦੱਸਿਆ। ਉਸਦੇ ਮੋਬਾਈਲ ਫੋਨ 'ਚੋਂ ਕੁਝ ਤਸਵੀਰਾਂ ਵੀ ਮਿਲੀਆਂ ਹਨ। ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਪਿੰਡ ਮਹਿਮੂਦਪੁਰਾ ਦੀ ਰਹਿਣ ਵਾਲੀ ਗੀਤਾ ਦੀ ਸ਼ਿਕਾਇਤ ਤੇ ਧਾਂਦਰਾ ਰੋਡ ਇਲਾਕੇ ਦੀ ਵਾਸੀ ਇੱਕ ਲੜਕੀ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆ ਗੀਤਾ ਨੇ ਦੱਸਿਆ ਕਿ ਦਸਵੀਂ ਜਮਾਤ ਦੀ ਪੜ੍ਹਾਈ ਕਰਨ ਤੋਂ ਬਾਅਦ ਉਸਦੇ 19 ਸਾਲ ਦੇ ਬੇਟੇ ਨਿਖਿਲ ਨੇ 27 ਅਕਤੂਬਰ 2025 ਨੂੰ ਆਪਣੇ ਘਰ ਦੀ ਪਹਿਲੀ ਮੰਜ਼ਿਲ ਤੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਔਰਤ ਨੇ ਦੱਸਿਆ ਕਿ ਉਸ ਦਾ ਪਤੀ ਕੇਵਲ ਕ੍ਰਿਸ਼ਨ ਕੁਝ ਸਾਲ ਪਹਿਲੋਂ ਘਰ ਤੋਂ ਅਚਾਨਕ ਗਾਇਬ ਹੋ ਗਿਆ ਸੀ ਜਿਸ ਤੋਂ ਬਾਅਦ ਉਹ ਘਰ ਨਹੀਂ ਪਰਤਿਆ। ਨਿਖਿਲ ਆਪਣੀ ਮਾਂ ਅਤੇ ਭੈਣਾਂ ਦਾ ਇੱਕਲੌਤਾ ਸਹਾਰਾ ਸੀ। ਔਰਤ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਨਿਖਿਲ ਦੀ ਮੌਤ ਸਮੇਂ ਘਰ ਦਾ ਮਾਹੌਲ ਬੇਹਦ ਪਰੇਸ਼ਾਨੀ ਵਾਲਾ ਸੀ ਅਤੇ ਉਨ੍ਹਾਂ ਨੇ ਬਿਨਾਂ ਕਿਸੇ ਜਾਂਚ ਪੜਤਾਲ ਕੀਤਿਆਂ ਲੜਕੇ ਦਾ ਸਸਕਾਰ ਕਰ ਦਿੱਤਾ ਸੀ। ਔਰਤ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਹੁਣ ਘਰ 'ਚੋਂ ਨਿਖਿਲ ਦੀਆਂ ਦੋ ਕਾਪੀਆਂ ਬਰਾਮਦ ਹੋਈਆਂ ਹਨ , ਜਿਸ ਵਿੱਚ ਉਸਨੇ ਆਪਣੀ ਮੌਤ ਦਾ ਜ਼ਿੰਮੇਵਾਰ ਲੜਕੀ ਨੂੰ ਦੱਸਦਿਆਂ ਉਸਦੇ ਨਾਮ 'ਤੇ ਸੁਸਾਈਡ ਨੋਟ ਲਿਖਿਆ ਹੋਇਆ ਸੀ । ਲੜਕੇ ਦੇ ਮੋਬਾਈਲ ਫੋਨ 'ਚੋਂ ਲੜਕਾ ਲੜਕੀ ਦੇ ਇਕੱਠਿਆਂ ਦੀਆਂ ਕੁਝ ਤਸਵੀਰਾਂ ਵੀ ਮਿਲੀਆਂ ਹਨ। ਉਧਰੋਂ ਇਸ ਮਾਮਲੇ ਵਿੱਚ ਥਾਣਾ ਸਦਰ ਦੇ ਏਐਸਆਈ ਧਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਨਿਖਿਲ ਦੀ ਮਾਤਾ ਗੀਤਾ ਦੇ ਬਿਆਨਾਂ ਤੇ ਧਾਂਦਰਾ ਰੋਡ ਦੀ ਰਹਿਣ ਵਾਲੀ ਲੜਕੀ ਦੇ ਖਿਲਾਫ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਲੜਕੀ ਦੇ ਬਾਲਗ ਜਾਂ ਨਾਬਾਲਗ ਹੋਣ ਦਾ ਪਤਾ ਲਗਾ ਰਹੀ ਹੈ, ਜਿਸ ਤੋਂ ਬਾਅਦ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।