15 ਦਿਨ ਪਹਿਲਾਂ ਰੱਖੀ ਨੇਪਾਲੀ ਨੌਕਰਾਣੀ ਨੇ ਡਰਾਈਵਰ ਨੂੰ ਕੀਤਾ ਬੇਹੋਸ਼, ਲੁੱਟੇ 50 ਤੋਲੇ ਦੇ ਗਹਿਣੇ
15 ਦਿਨ ਪਹਿਲਾਂ ਰੱਖੀ ਨੇਪਾਲੀ ਨੌਕਰਾਣੀ ਨੇ ਡਰਾਈਵਰ ਨੂੰ ਕੀਤਾ ਬੇਹੋਸ਼, ਲੁੱਟੇ 50 ਤੋਲੇ ਦੇ ਗਹਿਣੇ
Publish Date: Mon, 19 Jan 2026 07:07 PM (IST)
Updated Date: Mon, 19 Jan 2026 07:09 PM (IST)

ਪੁਲਿਸ ਨੇ ਕੀਤੀ ਤਫਤੀਸ਼ ਸ਼ੁਰੂ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਕਾਰੋਬਾਰੀ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ 15 ਦਿਨ ਪਹਿਲਾਂ ਰੱਖੀ ਨੇਪਾਲੀ ਨੌਕਰਾਣੀ ਨੇ ਖਾਣੇ ਵਿੱਚ ਨਸ਼ੀਲੀ ਵਸਤੂ ਦੇ ਕੇ ਡਰਾਈਵਰ ਨੂੰ ਬੇਹੋਸ਼ ਕਰ ਦਿੱਤਾ ਅਤੇ ਘਰ ਚੋਂ 50 ਤੋਲੇ ਸੋਨੇ ਅਤੇ ਹੀਰਿਆਂ ਦੇ ਗਹਿਣੇ ਲੁੱਟ ਕੇ ਰਫੂ ਚੱਕਰ ਹੋ ਗਈ। ਪਰਿਵਾਰਿਕ ਮੈਂਬਰ ਜਦੋਂ ਜਨਮਦਿਨ ਦੀ ਪਾਰਟੀ ਤੋਂ ਘਰ ਪਰਤੇ ਤਾਂ ਡਰਾਈਵਰ ਨੂੰ ਸੋਫੇ ਤੇ ਬੇਹੋਸ਼ ਦੇਖ ਉਨ੍ਹਾਂ ਦੇ ਹੋਸ਼ ਉੱਡ ਗਏ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਸਰਾਭਾ ਨਗਰ ਦੇ ਐਚ 43 ਦੇ ਰਹਿਣ ਵਾਲੇ ਰਵਨੀਤ ਸਿੰਘ ਦੀ ਸ਼ਿਕਾਇਤ ਤੇ ਨੇਪਾਲੀ ਨੌਕਰਾਨੀ ਪਾਰਵਤੀ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ । ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਰਵਨੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਉਹ ਪਰਿਵਾਰ ਸਮੇਤ ਅਮਨਦੀਪ ਸਿੰਘ ਦੀ ਜਨਮਦਿਨ ਦੀ ਪਾਰਟੀ ਤੇ ਗਏ ਹੋਏ ਸਨ। ਰਾਤ 2 ਵਜੇ ਦੇ ਕਰੀਬ ਜਦ ਪਰਿਵਾਰ ਘਰ ਪਰਤਿਆ ਤਾਂ ਦਰਵਾਜ਼ਾ ਖੋਲਦੇ ਹੀ ਉਨ੍ਹਾਂ ਦੇ ਹੋਸ਼ ਉੱਡ ਗਏ। ਡਰਾਇੰਗ ਰੂਮ ਦੇ ਸੋਫੇ ਤੇ ਡਰਾਈਵਰ ਬੇਹੋਸ਼ ਪਿਆ ਸੀ। ਉਨ੍ਹਾਂ ਨੇ ਡਰਾਈਵਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਉੱਠਿਆ। ਪਰਿਵਾਰਿਕ ਮੈਂਬਰਾਂ ਨੇ ਜਦ ਪਾਰਵਤੀ ਨੂੰ ਆਵਾਜ਼ਾਂ ਮਾਰੀਆਂ ਤਾਂ ਉਸ ਦਾ ਵੀ ਕੋਈ ਅਤਾ ਪਤਾ ਨਹੀਂ ਸੀ । ਘਰ ਦੀ ਜਾਂਚ ਕਰਨ ਤੇ ਸਾਹਮਣੇ ਆਇਆ ਕਿ ਘਰ ਚੋਂ 50 ਤੋਲੇ ਦੇ ਕਰੀਬ ਸੋਨੇ ਅਤੇ ਹੀਰਿਆਂ ਦੇ ਗਹਿਣੇ ਚੋਰੀ ਹੋ ਚੁੱਕੇ ਸਨ। ਘਰ ਦੇ ਮਾਲਕ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਪਾਰਵਤੀ ਨੇ ਹੀ ਦਿੱਤਾ। ਉਧਰੋਂ ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਪਾਰਵਤੀ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। --