ਨਹਿਰੂ ਰੋਜ਼ ਗਾਰਡਨ ਦਾ ਬਦਲੇਗਾ ਰੂਪ

ਨਗਰ ਨਿਗਮ ਨੇ ਨਵੀਨੀਕਰਨ ਲਈ 8.46 ਕਰੋੜ ਰੁਪਏ ਦਾ ਟੈਂਡਰ ਕੀਤਾ ਜਾਰੀ
ਪ੍ਰੋਜੈਕਟ ਵਿੱਚ ਬਾਗਬਾਨੀ ਦੇ ਕੰਮ, ਰੋਸ਼ਨੀ, ਬੱਚਿਆਂ ਦੇ ਖੇਡਣ ਦਾ ਏਰੀਆ, ਓਪਨ ਜਿੰਮ ਆਦਿ ਸ਼ਾਮਲ
ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ
ਮਹਾਨਗਰ ਦੇ ਨਿਵਾਸੀਆਂ ਦੇ ਸੈਰ ਕਰਨ ਲਈ ਸਭ ਤੋਂ ਸੁਰੱਖਿਅਤ ਅਤੇ ਵਧੀਆਂ ਜਗ੍ਹਾ ਨਹਿਰੂ ਰੋਜ਼ ਗਾਰਡਨ ਹੈ ਜਿਸ ਵਿੱਚ ਜਾਕੇ ਲੋਕ ਸੈਰ ਦੇ ਨਾਲ ਹੋਰ ਵੀ ਗਤੀਵਿਧੀਆਂ ਵਿੱਚ ਹਿੱਸਾ ਲੈ ਸਕਦੇ ਹਨ। ਹੁਣ ਨਗਰ ਨਿਗਮ ਵੱਲੋਂ ਸ਼ਹਿਰ ਦੇ ਕੇਂਦਰ ਵਿੱਚ ਸਥਿਤ ਨਹਿਰੂ ਰੋਜ਼ ਗਾਰਡਨ ਦਾ ਰੂਪ ਬਦਲਣ ਅਤੇ ਇਸ ਨੂੰ ਨਵੀਂ ਦਿੱਖ ਦੇ ਲਈ ਨਵੀਨੀਕਰਨ ਦੇ ਟੈਂਡਰ ਜਾਰੀ ਕੀਤੇ ਹਨ। ਨਗਰ ਨਿਗਮ ਨੇ ਸ਼ਹਿਰ ਦੇ ਸਾਰੇ ਇਲਾਕਿਆਂ ਦੇ ਲੋਕਾਂ ਦੀ ਭਾਰੀ ਆਮਦ ਨੂੰ ਦੇਖਦੇ ਹੋਏ ਰੋਜ਼ ਗਾਰਡਨ ਨੂੰ 8.46 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਦੇ ਨਾਲ ਅੱਪਗ੍ਰੇਡ ਕੀਤਾ ਜਾਵੇਗਾ। ਜਿਸ ਵਿੱਚ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਸਾਰੇ ਪਹਿਲੂ ਸ਼ਾਮਲ ਹੋਣਗੇ।
ਇਸ ਪ੍ਰੋਜੈਕਟ ਵਿੱਚ ਸਿਵਲ ਲਾਗਤ ਵੀ ਸ਼ਾਮਲ ਹੈ ਜਿਸ ਵਿੱਚ ਫੁੱਟਪਾਥ ਆਦਿ ਦੀ ਉਸਾਰੀ (ਲਗਭਗ 1.32 ਕਰੋੜ ਰੁਪਏ), ਰੋਸ਼ਨੀ ਅਤੇ ਬਿਜਲੀ (ਲਗਭਗ 2.15 ਕਰੋੜ ਰੁਪਏ), ਬਾਗਬਾਨੀ ਲਾਗਤ ਜਿਸ ਵਿੱਚ ਸਜਾਵਟੀ ਪੌਦੇ/ਗੁਲਾਬ ਦੀਆਂ ਕਿਆਰੀਆਂ, ਘਾਹ ਆਦਿ ਸ਼ਾਮਲ ਹਨ (ਲਗਭਗ 3.29 ਕਰੋੜ ਰੁਪਏ), ਪਾਣੀ ਦੀ ਟੈਂਕੀ (ਲਗਭਗ 21.40 ਲੱਖ ਰੁਪਏ ਤੋਂ ਵੱਧ), ਸਿੰਚਾਈ ਲਾਗਤ (ਲਗਭਗ 85.62 ਲੱਖ ਰੁਪਏ), ਬੱਚਿਆਂ ਦੇ ਖੇਡਣ ਦਾ ਏਰੀਆ (ਲਗਭਗ 19.82 ਲੱਖ ਰੁਪਏ), ਓਪਨ ਜਿੰਮ (ਲਗਭਗ 5.67 ਲੱਖ ਰੁਪਏ), ਟਾਇਲਟ ਬਲਾਕ (ਲਗਭਗ 32.06 ਲੱਖ ਰੁਪਏ) ਅਤੇ ਟੈਸਟਿੰਗ ਖਰਚੇ (4.21 ਲੱਖ ਰੁਪਏ - ਕੁੱਲ ਅਨੁਮਾਨ ਦਾ 0.5 ਪ੍ਰਤੀਸ਼ਤ) ਸ਼ਾਮਲ ਹਨ। ਪ੍ਰੋਜੈਕਟ ਦੀ ਕੁੱਲ ਲਾਗਤ 8.46 ਕਰੋੜ ਰੁਪਏ ਤੋਂ ਵੱਧ ਹੈ।
ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਕਿਹਾ ਕਿ ਨਹਿਰੂ ਰੋਜ਼ ਗਾਰਡਨ ਸ਼ਹਿਰ ਦੀਆਂ ਪ੍ਰਮੁੱਖ ਹਰੀਆਂ ਥਾਵਾਂ ਵਿੱਚੋਂ ਇੱਕ ਹੈ। ਨਾ ਸਿਰਫ਼ ਸਵੇਰ ਸ਼ਾਮ ਸੈਰ ਕਰਨ ਵਾਲੇ, ਸਗੋਂ ਵੱਡੀ ਗਿਣਤੀ ਵਿੱਚ ਵਸਨੀਕ ਵੀ ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾਉਣ ਲਈ ਬਾਗ ਵਿੱਚ ਆਉਂਦੇ ਹਨ।
ਸਜਾਵਟੀ ਪੌਦੇ ਲਗਾਉਣ ਤੋਂ ਇਲਾਵਾ, ਰੋਜ਼ ਗਾਰਡਨ ਵਿੱਚ ਨਵੀਆਂ ਗੁਲਾਬ ਦੀਆਂ ਕਿਆਰੀਆਂ ਵੀ ਸਥਾਪਿਤ ਕੀਤੀਆਂ ਜਾਣਗੀਆਂ। ਸਿੰਚਾਈ ਪ੍ਰਣਾਲੀ ਜਿਸ ਵਿੱਚ ਸਪ੍ਰਿੰਕਲਰ ਸ਼ਾਮਲ ਹਨ, ਲਗਾਏ ਜਾਣਗੇ ਅਤੇ ਬਾਗ਼ ਵਿੱਚ ਫੁੱਟਪਾਥ ਵੀ ਦੁਬਾਰਾ ਵਿਕਸਤ ਕੀਤੇ ਜਾਣਗੇ। ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ ਟੈਂਡਰ ਜਾਰੀ ਕਰ ਦਿੱਤੇ ਗਏ ਹਨ।
ਕਮਿਸ਼ਨਰ ਨੇ ਦੱਸਿਆ ਕਿ ਸਬੰਧਤ ਅਧਿਕਾਰੀਆਂ ਨੂੰ ਟੈਂਡਰ ਪ੍ਰਕਿਰਿਆ ਨੂੰ ਪੂਰਾ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਹਨ ਕਿ ਪ੍ਰੋਜੈਕਟ ਜਲਦੀ ਤੋਂ ਜਲਦੀ ਪੂਰਾ ਹੋ ਜਾਵੇ। ਇਹ ਯਕੀਨੀ ਬਣਾਇਆ ਜਾਵੇਗਾ ਕਿ ਕੰਮਾਂ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਹੋਵੇ। ਇਸ ਦੌਰਾਨ ਕਮਿਸ਼ਨਰ ਡੇਚਲਵਾਲ ਨੇ ਸ਼ਹਿਰ ਵਾਸੀਆਂ ਨੂੰ ਸ਼ਹਿਰ ਨੂੰ ਸਾਫ਼ ਅਤੇ ਹਰਿਆ-ਭਰਿਆ ਰੱਖਣ ਵਿੱਚ ਅਧਿਕਾਰੀਆਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ।