ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਨਾਰਕੋਟਿਕ ਬਿਊਰੋ ਦੇਵੇ ਦਖ਼ਲ : ਬਾਜਵਾ
ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਨਾਰਕੋਟਿਕ ਬਿਊਰੋ ਦੇਵੇ ਦਖਲ-ਬਾਜਵਾ
Publish Date: Wed, 21 Jan 2026 08:33 PM (IST)
Updated Date: Thu, 22 Jan 2026 04:13 AM (IST)

- ਪੰਜਾਬ ਤਾਂ ਦੂਰ ਦੀ ਗੱਲ, ਇਕ ਪਿੰਡ ਤਕ ਨਾ ਹੋਇਆ ਨਸ਼ਾ ਮੁਕਤ, ਸ਼ੇਰੇਵਾਲ ’ਚ ਨਸ਼ੇ ਨਾਲ ਮਰੇ 6 ਪੁੱਤਾਂ ਦੀ ਮਾਂ ਨੂੰ ਬਾਜਵਾ ਨੇ ਸੌਂਪੇ 50 ਹਜ਼ਾਰ, ਸੀਐੱਮ ਤੇ ਕੇਜਰੀਵਾਲ ਪਿੰਡ ਸ਼ੇਰੇਵਾਲ ਆਉਣ ਤੇ ਦੇਖਣ ਕਿ ਨਸ਼ੇ ਮੁੱਕ ਗਏ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਢਿੰਡੋਰਾ ਪਿੱਟਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਜਗਰਾਓਂ ’ਚ ਬੇਟ ਇਲਾਕੇ ਦੇ ਇੱਕ ਪਿੰਡ ਵਿਚੋਂ ਨਸ਼ਾ ਖ਼ਤਮ ਨਾ ਕਰ ਸਕੀ। ਇਥੋਂ ਦਾ ਪਿੰਡ ਮਲਸੀਹਾਂ ਬਾਜਣ ਜੋ ਕਿ ਨਸ਼ਿਆਂ ਦੀ ਹੱਬ ਬਣਿਆ ਹੋਇਆ ਹੈ ਤੋਂ ਸ਼ਰੇਆਮ ਮਿਲਦੇ ਨਸ਼ੇ ਕਾਰਨ ਨੌਜਵਾਨ ਮਰ ਰਹੇ ਹਨ। ਪਿੰਡ ਸ਼ੇਰੇਵਾਲ ’ਚ ਇੱਕੋ ਪਰਿਵਾਰ ਦੇ ਸਾਰੇ 7 ਬੰਦਿਆਂ ਦੀ ਨਸ਼ਿਆਂ ਨਾਲ ਮੌਤ ਇਸ ਸਰਕਾਰ ਦੇ ਨਸ਼ਾ ਖ਼ਾਤਮਾ ਦੇ ਝੂਠੇ ਦਾਅਵਿਆਂ ਦੀ ਮੂੰਹ ਬੋਲਦੀ ਤਸਵੀਰ ਹੈ। ਇਹ ਦੁਹਾਈ ਅੱਜ ਪਿੰਡ ਸ਼ੇਰੇਵਾਲ ਪੁੱਜੇ ਕਾਂਗਰਸ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦਿੱਤੀ। ਉਨ੍ਹਾਂ ਪਿੰਡ ਦੇ ਇੱਕੋ ਪਰਿਵਾਰ ਦੇ ਨਸ਼ਿਆਂ ਨਾਲ ਸਾਰੇ ਸੱਤਾਂ ਬੰਦਿਆਂ ਦੀ ਮੌਤ ’ਤੇ ਦੁੱਖ ਸਾਂਝਾ ਕਰਦਿਆਂ ਪਰਿਵਾਰ ਨੂੰ ਆਪਣੇ ਕੋਲੋਂ 50 ਹਜਾਰ ਰੁਪਏ ਦੀ ਨਕਦ ਰਕਮ ਸੌਂਪੀ। ਉਨ੍ਹਾਂ ਇਸ ਦੇ ਨਾਲ ਹੀ ਪਰਿਵਾਰ ਦੀ ਬਜੁਰਗ ਮਾਤਾ ਦਾ ਖਾਤਾ ਨੰਬਰ ਲੈਂਦਿਆਂ ਇਸ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਕੇ ਲੋਕਾਂ ਨੂੰ ਮਦਦ ਕਰਨ ਦੀ ਅਪੀਲ ਕਰਨ ਦਾ ਵੀ ਭਰੋਸਾ ਦਿੱਤਾ। ਬਾਜਵਾ ਨੇ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਾ ਖਾ ਰਿਹਾ ਹੈ। ਪੁਲਿਸ ਅਤੇ ਸਰਕਾਰ ਕਾਰਵਾਈ ਦੀ ਥਾਂ ਨਸ਼ਾ ਖ਼ਾਤਮੇ ਦੀ ਝੂਠੀ ਕਹਾਣੀ ਘੜ ਕੇ ਗੁੰਮਰਾਹ ਕਰ ਰਹੀ ਹੈ। ਅਜਿਹੇ ਨਾਰਕੋਟਿਕ ਬਿਊਰੋ ਆਫ਼ ਇੰਡੀਆ ਪੰਜਾਬ ਵਿਚ ਦਸਤਕ ਦੇਵੇ ਅਤੇ ਨਸ਼ਿਆਂ ਦੇ ਸੁਦਾਗਰਾਂ ਤੋਂ ਇਲਾਵਾ ਉਨ੍ਹਾਂ ਦੀ ਸਰਪ੍ਰਸਤੀ ਕਰਨ ਵਾਲਿਆਂ ’ਤੇ ਕਾਰਵਾਈ ਕਰੇ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਪਿੰਡ ਸ਼ੇਰੇਵਾਲ ’ਚ ਇਸ ਨਸ਼ਿਆਂ ਦੇ ਦਰਿਆ ਕਾਰਨ ਰੁੜੇ ਸਾਰੇ ਪਰਿਵਾਰ ਦੇ ਮਰਦਾਂ ਦੀ ਦਰਦਨਾਕ ਕਹਾਣੀ ਨੂੰ ਇਸ ਸਾਲ ਦੇ ਬਜਟ ਸ਼ੈਸਨ ਵਿਚ ਚੁੱਕਣਗੇ। ਨਸ਼ਿਆਂ ਦੇ ਖ਼ਾਤਮੇ ਦਾ ਢਿੰਡੋਰਾ ਪਿੱਟਣ ਵਾਲੇ ਮੁੱਖ ਮੰਤਰੀ ਤੋਂ ਸਵਾਲ ਪੁੱਛਣਗੇ। ਉਨ੍ਹਾਂ ਕਿਹਾ ਕਿ ਰੋਜ ਨਸ਼ਿਆਂ ਦੀ ਇਸ਼ਤਿਹਾਰਬਾਜ਼ੀ ’ਤੇ ਕਰੋੜਾਂ ਰੁਪਏ ਖਰਚ ਕਰ ਕੇ ਝੂਠੇ ਦਮਗਜ਼ੇ ਮਾਰ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਤੇ ਉਨ੍ਹਾਂ ਦੇ ਆਕਾ ਅਰਵਿੰਦ ਕੇਜਰੀਵਾਲ ਪਿੰਡ ਸ਼ੇਰੇਵਾਲ ਆਉਣ। ਇਥੇ ਆ ਕੇ ਦੇਖਣ ਹਕੀਕਤ ਕੀ ਹੈ? ਅਤੇ ਉਨ੍ਹਾਂ ਦਾ ਯੁੱਧ ਨਸ਼ਿਆਂ ਵਿਰੁੱਧ ਕੀ ਕਰ ਰਿਹਾ ਹੈ। ਦੁੱਖ ਦੀ ਗੱਲ ਹੈ ਕਿ ਪਰਿਵਾਰ ਦੇ ਸੱਤ ਮਰਦ ਮੈਂਬਰ ਮੁੱਕ ਗਏ, ਇਥੋਂ ਦੀ ਵਿਧਾਇਕਾ ਬੋਹੜੀ ਤਕ ਨਾ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੂੰ ਪੰਜਾਬੀ ਦਾ ਕੋਈ ਦਰਦ ਨਹੀਂ। ਦਿੱਲੀ ਦੀ ਲੀਡਰਸ਼ਿਪ ਦੇ ਇਸ਼ਾਰੇ ’ਤੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਇਸ ਮੁੱਦੇ ’ਤੇ ਖੁੱਲ੍ਹ ਕੇ ਵਿਰੋਧ ਕਰੇਗੀ। ਵਿਧਾਨ ਸਭਾ ’ਚ ਇਸ ਬਜਟ ਸ਼ੈਸਨ ਵਿਚ ਹੀ ਸਰਕਾਰ ਨੂੰ ਨਸ਼ਿਆਂ ’ਤੇ ਘੇਰਿਆ ਜਾਵੇਗਾ। ਇਹ ਸਾਰਾ ਕੁਝ ਪੁਲਿਸ ਦੀ ਨੱਕ ਹੇਠ ਹੋ ਰਿਹਾ ਹੈ, ਜੋ ਪੰਜਾਬ ਤਾਂ ਦੂਰ ਦੀ ਗੱਲ ਇੱਕ ਪਿੰਡ ਵਿਚੋਂ ਨਸ਼ਾ ਖ਼ਤਮ ਨਾ ਕਰ ਸਕੀ।