ਨਗਰ ਨਿਗਮ ਨੇ ਨਾਜਾਇਜ਼ ਉਸਾਰੀਆਂ ਖ਼ਿਲਾਫ਼] ਕੀਤੀ ਕਾਰਵਾਈ
ਨਗਰ ਨਿਗਮ ਨੇ ਨਾਜਾਇਜ਼ ਉਸਾਰੀਆਂ ਖਿਲਾਫ ਕੀਤੀ ਕਾਰਵਾਈ
Publish Date: Fri, 19 Dec 2025 09:40 PM (IST)
Updated Date: Fri, 19 Dec 2025 09:43 PM (IST)
![ਨਗਰ ਨਿਗਮ ਨੇ ਨਾਜਾਇਜ਼ ਉਸਾਰੀਆਂ ਖ਼ਿਲਾਫ਼] ਕੀਤੀ ਕਾਰਵਾਈ](https://img.punjabijagran.com/punjabi/19122025/19_12_2025-19ldh_36_19122025_646.jpg)
ਦੋ ਗੈਰ-ਕਾਨੂੰਨੀ ਇਮਾਰਤਾਂ ਤੇ ਚਲਾਇਆ ਪੀਲਾ ਪੰਜਾਂ ਤੇ 5 ਨੂੰ ਕੀਤਾ ਸੀਲ ਫੋਟੋ- 36 ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਨਿਯਮਾਂ ਦੀ ਉਲੰਘਣਾ ਕਰ ਕੇ ਕੀਤੀਆਂ ਜਾ ਰਹੀਆਂ ਉਸਾਰੀਆਂ ਖਿਲਾਫ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹੋਏ ਹਨ। ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਸ਼ੁੱਕਰਵਾਰ ਨੂੰ ਨਗਰ ਨਿਗਮ ਜ਼ੋਨ ਡੀ ਦੀ ਬਿਲਡਿੰਗ ਸ਼ਾਖਾ ਨੇ ਏਟੀਪੀ ਹਰਵਿੰਦਰ ਸਿੰਘ ਥਾਂਦੀ ਹਨੀ ਦੀ ਅਗਵਾਈ ਵਿੱਚ ਨਾਜਾਇਜ਼ ਉਸਾਰੀਆਂ ਖਿਲਾਫ ਕਾਰਵਾਈ ਕਰਦੇ ਹੋਏ ਦੇ ਵੱਖ ਵੱਖ ਇਲਾਕਿਆਂ ਵਿੱਚ ਬਣ ਚੁੱਕੀਆਂ ਤੇ ਉਸਾਰੀ ਅਧੀਨ 7 ਇਮਾਰਤਾਂ ਤੇ ਕਾਰਵਾਈ ਕੀਤੀ। ਕਾਰਵਾਈ ਸਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਨਿਗਮ ਜ਼ੋਨ ਡੀ ਦੇ ਏਟੀਪੀ ਹਰਵਿੰਦਰ ਸਿੰਘ ਥਾਂਦੀ ਹਨੀ ਨੇ ਦੱਸਿਆ ਕਿ ਨਾਜਾਇਜ਼ ਉਸਾਰੀਆਂ ਖਿਲਾਫ ਕਾਰਵਾਈ ਦੌਰਾਨ ਨਿਯਮਾਂ ਦੀ ਉਲੰਘਣਾ ਕਰਕੇ ਬਣਾਈਆਂ ਜਾ ਰਹੀਆਂ 2 ਇਮਾਰਤਾਂ ਨੂੰ ਢਾਹ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਕੋਚਰ ਮਾਰਕੀਟ ਰੋਡ ਤੇ ਅਤੇ ਦੂਜੀ ਗੁਰਦੇਵ ਨਗਰ ਵਿੱਚ ਉਸਾਰੀ ਜਾ ਰਹੀ ਸੀ। ਇਸ ਤੋਂ ਇਲਾਵਾ ਟੀਮ ਵੱਲੋਂ ਬੀਆਰਐਸ ਨਗਰ ਰੋਡ ਅਤੇ ਦੁੱਗਰੀ-ਜਵੱਦੀ ਰੋਡ ਤੇ ਦੋ-ਦੋ, ਘੁਮਾਰ ਮੰਡੀ-ਕਾਲਜ ਰੋਡ ਤੇ ਇੱਕ ਸਮੇਤ 5 ਹੋਰ ਨਾਜਾਇਜ਼ ਉਸਾਰੀਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਏਟੀਪੀ ਥਾਂਦੀ ਨੇ ਦੱਸਿਆ ਕਿ ਕਾਰਵਾਈ ਤੋਂ ਪਹਿਲਾ ਬਿਨ੍ਹਾਂ ਪ੍ਰਵਾਨਗੀ ਬਣ ਰਹੀਆਂ ਉਸਾਰੀਆਂ ਦੇ ਮਾਲਕਾਂ ਨੂੰ ਨੋਟਿਸ ਦਿੱਤੇ ਗਏ ਸਨ, ਪਰ ਜਵਾਬ ਨਾ ਦੇਣ ਤੇ ਅੱਜ ਇਨ੍ਹਾਂ ਨਾਜਾਇਜ਼ ਉਸਾਰੀਆਂ ਖਿਲਾਫ ਕਾਰਵਾਈ ਕੀਤੀ ਗਈ ਹੈ। ਏਟੀਪੀ ਨੇ ਦੱਸਿਆ ਕਿ ਇਨ੍ਹਾਂ ਗੈਰ-ਕਾਨੂੰਨੀ ਇਮਾਰਤਾਂ ਦੇ ਮਾਲਕਾਂ ਨੂੰ ਕਈ ਵਾਰ ਨਗਰ ਨਿਗਮ ਤੋਂ ਬਿਲਡਿੰਗ ਪਲਾਨ ਮਨਜ਼ੂਰ ਕਰਵਾਉਣ ਤੱਕ ਉਸਾਰੀਆਂ ਬੰਦ ਕਰਨ ਲਈ ਕਿਹਾ ਗਿਆ ਸੀ, ਪਰ ਇਸ ਦੇ ਬਾਅਦ ਵੀ ਇਮਾਰਤੀ ਨਿਯਮਾਂ ਦੀ ਉਲੰਘਣਾ ਕਰਕੇ ਮਾਲਕਾਂ ਵੱਲੋਂ ਆਪਣੀਆਂ ਇਮਾਰਤਾਂ ਬਣਾਈਆ ਜਾ ਰਹੀਆਂ ਸਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਕਾਰਵਾਈ ਦੀ ਮੁਹਿੰਮ ਜਾਰੀ ਰਹੇਗੀ। ਇਸ ਦੌਰਾਨ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਗਰ ਨਿਗਮ ਤੋਂ ਬਿਲਡਿੰਗ ਪਲਾਨ ਮਨਜ਼ੂਰ ਕਰਵਾਉਣ ਤੋਂ ਬਾਅਦ ਹੀ ਉਸਾਰੀ ਦਾ ਕੰਮ ਸ਼ੁਰੂ ਕਰਨ, ਨਹੀਂ ਤਾਂ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।