ਤੇਜ਼ ਰਫ਼ਤਾਰ ਟੈਂਪੂ ਨਾਲ ਟੱਕਰ ’ਚ ਮੋਟਰਸਾਈਕਲ ਸਵਾਰ ਦੀ ਮੌਤ
ਤੇਜ਼ ਰਫ਼ਤਾਰ ਟੈਂਪੂ ਨਾਲ ਟੱਕਰ ’ਚ ਮੋਟਰਸਾਈਕਲ ਸਵਾਰ ਦੀ ਮੌਤ
Publish Date: Mon, 01 Dec 2025 08:47 PM (IST)
Updated Date: Mon, 01 Dec 2025 08:50 PM (IST)

ਗੋਬਿੰਦ ਸ਼ਰਮਾ, ਪੰਜਾਬੀ ਜਾਗਰਣ ਸ੍ਰੀ ਮਾਛੀਵਾੜਾ ਸਾਹਿਬ : ਮਾਛੀਵਾੜਾ ਸਾਹਿਬ ਦੇ ਰੋਪੜ ਮਾਰਗ ’ਤੇ ਬੀਤੀ ਸ਼ਾਮ ਟੈਂਪੂ ਛੋਟੇ ਹਾਥੀ ਅਤੇ ਮੋਟਰਸਾਈਕਲ ਦੀ ਟੱਕਰ ਵਿੱਚ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਰਿਸ਼ਤੇਦਾਰ ਦਵਿੰਦਰ ਸਿੰਘ ਨੇ ਦੱਸਿਆ ਕਿ ਉਹ 30 ਨਵੰਬਰ ਨੂੰ ਸ਼ਾਮ 5:30 ਵਜੇ ਦੇ ਕਰੀਬ ਆਪਣੇ ਸਾਲੇ ਲਖਵਿੰਦਰ ਸਿੰਘ (63) ਨਾਲ ਖੇਤਾਂ ਵਿੱਚ ਕਣਕ ਦੀ ਫ਼ਸਲ ਨੂੰ ਪਾਣੀ ਦੇ ਕੇ ਵਾਪਸ ਆ ਰਿਹਾ ਸੀ ਤਾਂ ਮਾਛੀਵਾੜਾ ਵੱਲੋਂ ਆ ਰਹੇ ਇੱਕ ਤੇਜ਼ ਰਫ਼ਤਾਰ ਛੋਟੇ ਹਾਥੀ (ਟੈਂਪੋ) ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦਾ ਜੀਜਾ ਸੜਕ ਕਿਨਾਰੇ ਝਾੜੀਆਂ ਵਿੱਚ ਡਿੱਗ ਪਿਆ। ਜਦੋਂ ਉਸ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਤਾਂ ਪਤਾ ਲੱਗਾ ਕਿ ਉਸ ਦੀ ਸੱਜੀ ਲੱਤ ਟੁੱਟ ਗਈ ਸੀ ਅਤੇ ਉਸ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਸੀ। ਜਦੋਂ ਉਸ ਨੂੰ ਮਾਛੀਵਾੜਾ ਦੇ ਹਸਪਤਾਲ ਲਿਆਂਦਾ ਗਿਆ ਤਾਂ ਉੱਥੇ ਕੋਈ ਡਾਕਟਰ ਨਾ ਹੋਣ ਕਾਰਨ ਉਸ ਨੂੰ ਪ੍ਰਾਈਵੇਟ ਗੱਡੀ ਰਾਹੀਂ ਲੁਧਿਆਣਾ ਦੇ ਫੋਰਟਿਸ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਟੈਂਪੂ ਚਾਲਕ ਇੰਨੀ ਤੇਜ਼ ਰਫ਼ਤਾਰ ਨਾਲ ਜਾ ਰਿਹਾ ਸੀ ਕਿ ਉਸ ਨੇ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਮੋਟਰਸਾਈਕਲ ਨੂੰ ਟੱਕਰ ਮਾਰਨ ਤੋਂ ਬਾਅਦ, ਉਸ ਨੇ ਇੱਕ ਸਾਹਮਣੇ ਆ ਰਹੀ ਸਵਿਫਟ ਕਾਰ ਨੂੰ ਵੀ ਟੱਕਰ ਮਾਰ ਦਿੱਤੀ। ਇਸ ਬਾਰੇ ਪੁੱਛੇ ਜਾਣ ’ਤੇ ਸਹਾਇਕ ਥਾਣੇਦਾਰ ਕਰਨੈਲ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਮਿਲੀ ਜਾਣਕਾਰੀ ਦੇ ਆਧਾਰ ’ਤੇ, ਟੈਂਪੂ ਚਾਲਕ ਜਸਵਿੰਦਰ ਸਿੰਘ ਉਰਫ਼ ਨੀਟੂ ਵਿਰੁੱਧ ਧਾਰਾ 281, 106 ਅਤੇ 324(4) ਬੀਐੱਨਐੱਸ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।