ਔਰਤ ਦੇ ਕੰਨ ’ਚੋਂ ਵਾਲ਼ੀ ਝਪਟ ਕੇ ਫ਼ਰਾਰ ਹੋਏ ਝਪਟਮਾਰ
ਮੋਟਰਸਾਈਕਲ ਸਵਾਰ ਝਪਟਮਾਰ ਔਰਤ ਦੇ ਕੰਨ ’ਚੋਂ ਸੋਨੇ ਦੀ ਵਾਲੀ ਖੋਹ ਕੇ ਫ਼ਰਾਰ
Publish Date: Mon, 01 Dec 2025 08:56 PM (IST)
Updated Date: Mon, 01 Dec 2025 08:59 PM (IST)

- ਝਪਟਮਾਰ ਸੀਸੀਟੀਵੀ ਕੈਮਰੇ ’ਚ ਹੋਏ ਕੈਦ ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ ਸ੍ਰੀ ਮਾਛੀਵਾੜਾ ਸਾਹਿਬ : ਸਥਾਨਕ ਆਦਰਸ਼ ਨਗਰ ਵਿਖੇ ਬਾਅਦ ਦੁਪਹਿਰ ਮੋਟਰਸਾਈਕਲ ਸਵਾਰ ਝਪਟਮਾਰ ਇੱਕ ਔਰਤ ਕੇ ਕੰਨ ’ਚੋਂ ਸੋਨੇ ਦੀ ਵਾਲ਼ੀ ਝਪਟ ਕੇ ਰਫ਼ੂ ਚੱਕਰ ਹੋ ਗਏ। ਔਰਤ ਨੇ ਦੱਸਿਆ ਕਿ ਉਹ ਪ੍ਰਾਈਵੇਟ ਤੌਰ ’ਤੇ ਨੌਕਰੀ ਕਰਦੀ ਹੈ ਅਤੇ ਆਪਣੀ ਐੈਕਟਿਵਾ ’ਤੇ ਸਵਾਰ ਹੋ ਕੇ ਜਦੋਂ ਆਪਣੇ ਘਰ ਨੇੜੇ ਪੁੱਜੀ ਤਾਂ 2 ਮੋਟਰਸਾਈਕਲ ਸਵਾਰ ਉਸ ਕੋਲ ਆ ਕੇ ਰੁਕੇ। ਇਨ੍ਹਾਂ ਮੋਟਰਸਾਈਕਲ ਸਵਾਰਾਂ ’ਚੋਂ ਇੱਕ ਨੇ ਮੂੰਹ ਢੱਕਿਆ ਸੀ ਅਤੇ ਦੂਸਰੇ ਨੇ ਕਿਹਾ ਕਿ ਉਹ ਫਾਈਨਾਂਸ ਕੰਪਨੀ ਦੇ ਕਰਿੰਦੇ ਹਨ ਅਤੇ ਇਸ ਮੁਹੱਲੇ ਵਿਚ ਕਿਸੇ ਦੀ ਤਲਾਸ਼ ਕਰ ਰਹੇ ਹਨ। ਇਸ ਦੌਰਾਨ ਇਨ੍ਹਾਂ ’ਚੋਂ ਇੱਕ ਝਪਟਮਾਰ ਨੇ ਉਸ ਦੇ ਕੰਨ ’ਚੋਂ ਦੋਵੇਂ ਵਾਲ਼ੀਆਂ ਖਿੱਚਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਹ ਜ਼ਮੀਨ ’ਤੇ ਗਿਰ ਗਈ ਪਰ ਝਪਟਮਾਰ ਉਸ ਦੇ ਇੱਕ ਕੰਨ ’ਚੋਂ ਸੋਨੇ ਦੀ ਵਾਲ਼ੀ ਖਿੱਚ ਕੇ ਲੈ ਗਏ, ਜਦਕਿ ਦੂਜੇ ਕੰਨ ਦਾ ਬਚਾਅ ਹੋ ਗਿਆ। ਝਪਟਮਾਰਾਂ ਵੱਲੋਂ ਇੰਨੀ ਦਰਿੰਦਗੀ ਨਾਲ ਵਾਲ਼ੀਆਂ ਖੋਹਣ ਦੀ ਕੋਸ਼ਿਸ਼ ਕੀਤੀ ਕਿ ਉਸ ਦੇ ਕੰਨ ’ਚੋਂ ਖੂਨ ਵਗਣ ਲੱਗ ਪਿਆ। ਆਦਰਸ਼ ਨਗਰ, ਜੋ ਕਿ ਬਹੁਤ ਹੀ ਛੋਟਾ ਤੇ ਘਣੀ ਆਬਾਦੀ ਵਾਲਾ ਮੁਹੱਲਾ ਹੈ ਅਤੇ ਉਸ ’ਚੋਂ ਦਿਨ-ਦਿਹਾੜੇ ਅਜਿਹੀ ਵਾਰਦਾਤ ਹੋਣ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਝਪਟਮਾਰਾਂ ਕੋਲ ਜੋ ਮੋਟਰਸਾਈਕਲ ਹੈ, ਉਹ ਬਿਨਾਂ ਨੰਬਰ ਪਲੇਟ ਤੋਂ ਹੈ, ਜਿਸ ’ਚੋਂ ਇੱਕ ਦਾ ਮੂੰਹ ਢੱਕਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ, ਜਿਸ ਵਿਚ ਝਪਟਮਾਰ ਕੈਦ ਹੋ ਗਏ। - ਝਪਟਮਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ : ਜਥੇਦਾਰ ਕੱਦੋਂ ਆਦਰਸ਼ ਨਗਰ ਦੇ ਰਹਿਣ ਵਾਲੇ ਜਥੇਦਾਰ ਕੇਵਲ ਸਿੰਘ ਕੱਦੋਂ ਨੇ ਕਿਹਾ ਕਿ ਸਾਡਾ ਮੁਹੱਲਾ ਬਹੁਤ ਸੁਰੱਖਿਅਤ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿਚ ਦਾਖਲ ਹੋਣ ਲਈ ਇੱਕ ਗਲੀ ਹੈ, ਜਦਕਿ ਬਾਕੀ ਗਲੀਆਂ ਮੁਕੰਮਲ ਬੰਦ ਹਨ। ਉਨ੍ਹਾਂ ਕਿਹਾ ਕਿ ਮੁਹੱਲੇ ਵਿਚ ਝਪਟਮਾਰਾਂ ਦੀ ਅਜਿਹੀ ਪਹਿਲੀ ਵਾਰਦਾਤ ਹੈ, ਇਸ ਲਈ ਇਨ੍ਹਾਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ। ਜਥੇਦਾਰ ਕੱਦੋਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਛੀਵਾੜਾ ਸ਼ਹਿਰ ਵਿਚ ਬਿਨਾਂ ਨੰਬਰ ਪਲੇਟ ਤੋਂ ਕਾਫ਼ੀ ਵਾਹਨ ਘੁੰਮਦੇ ਹਨ ਜਿਨ੍ਹਾਂ ਨੂੰ ਵੀ ਨੱਥ ਪਾਈ ਜਾਵੇ।