ਡੋਪ ਟੈਸਟ ਕਰਵਾਉਣ ਵਾਲੇ ਦੇ ਬਾਥਰੂਮ ’ਚ ਡਾਕਟਰ ਦੇ ਨਾਲ ਜਾਣ ’ਤੇ ਵਿਧਾਇਕਾ ਹੋਏ ਨਾਰਾਜ਼
ਡੋਪ ਟੈਸਟ ਕਰਵਾਉਣ ਵਾਲੇ ਦੇ ਬਾਥਰੂਮ ’ਚ ਡਾਕਟਰ ਦੇ ਨਾਲ ਜਾਣ ’ਤੇ ਵਿਧਾਇਕਾ ਹੋਏ ‘ਤੱਤੇ’
Publish Date: Mon, 01 Dec 2025 07:02 PM (IST)
Updated Date: Mon, 01 Dec 2025 07:05 PM (IST)

- ਸ਼ਰਮ ਵਾਲੀ ਗੱਲ ਹੈ ਬਾਥਰੂਮ ’ਚ ਨਾਲ ਜਾਣਾ ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਜਗਰਾਓਂ ਸਿਵਲ ਹਸਪਤਾਲ ’ਚ ਡੋਪ ਟੈਸਟ ਕਰਵਾਉਣ ਵਾਲੇ ਦੇ ਨਾਲ ਡਾਕਟਰ ਵੱਲੋਂ ਇੱਕ ਹੋਰ ਮੁਲਾਜ਼ਮ ਨੂੰ ਬਾਥਰੂਮ ਵਿਚ ਨਾਲ ਜਾਣ ’ਤੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਅੱਜ ਸਖਤ ਨਰਾਜ਼ ਹੋਏ। ਉਨ੍ਹਾਂ ਅਚਾਨਕ ਜਗਰਾਓਂ ਸਿਵਲ ਹਸਪਤਾਲ ਪਹੁੰਚ ਕੇ ਇਸ ਮੁੱਦੇ ’ਤੇ ਐੱਸਐੱਮਓ ਨਾਲ ਮੀਟਿੰਗ ਕੀਤੀ। ਉਨ੍ਹਾਂ ਇਸ ਮੀਟਿੰਗ ਵਿਚ ਟੈਸਟ ਕਰਵਾਉਣ ਵਾਲੇ ਦੇ ਨਾਲ ਬਾਥਰੂਮ ਵਿਚ ਡਾਕਟਰ ਅਤੇ ਡਾਕਟਰ ਦੇ ਨਾਲ ਜਾਣ ਨੂੰ ਸ਼ਰਮਨਾਕ ਦੱਸਿਆ। ਉਨ੍ਹਾਂ ਦੱਸਿਆ ਕਿ ਇਕੱਲੇ ਜਗਰਾਓਂ ਸਿਵਲ ਹਸਪਤਾਲ ਦਾ ਇਹ ਆਪਣਾ ਹੀ ਨਿਯਮ ਨਿਰਾਲਾ ਹੈ। ਜਿਸ ਨੂੰ ਲੈ ਕੇ ਆਮ ਜਨਤਾ ਵਿਚ ਭਾਰੀ ਵਿਰੋਧ ਪਾਇਆ ਜਾ ਰਿਹਾ ਹੈ। ਅਜਿਹੀਆਂ ਅਨੇਕਾਂ ਸ਼ਿਕਾਇਤਾਂ ਮਿਲਣ ’ਤੇ ਅੱਜ ਉਹ ਖੁਦ ਪੁੱਜੇ ਹਨ। ਇਸ ਮੀਟਿੰਗ ਵਿਚ ਡੋਪ ਟੈਸਟ ਕਰਦੇ ਪੈਥੋਲੋਜਿਸਟ ਡਾ. ਗੁਰਿੰਦਰਦੀਪ ਸਿੰਘ ਨੂੰ ਵੀ ਬੁਲਾਇਆ ਗਿਆ। ਜਿਨ੍ਹਾਂ ਦੱਸਿਆ ਕਿ ਬਾਥਰੂਮ ਵਿਚ ਟੈਸਟ ਕਰਵਾਉਣ ਵਾਲੇ ਦੇ ਨਾਲ ਜਾਣਾ ਡੋਪ ਟੈਸਟ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਬਹੁਤ ਵਾਰ ਡੋਪ ਟੈਸਟ ਕਰਵਾਉਣ ਆਉਣ ਵਾਲੇ ਪਹਿਲਾਂ ਹੀ ਯੁਰਿਨ ਸੈਂਪਲ ਲੁਕਾ ਕੇ ਲੈ ਆਏ ਸਨ। ਜਿਸ ਤੋਂ ਬਾਅਦ ਅਜਿਹਾ ਕਰਨਾ ਜ਼ਰੂਰੀ ਸੀ। ਇਸ ’ਤੇ ਵਿਧਾਇਕਾ ਨੇ ਡਾਕਟਰ ਦੀ ਦਲੀਲ ਨੂੰ ਵੀ ਸਹੀ ਮਨਦਿਆਂ ਕਿਹਾ ਕਿ ਪਰ ਅਜਿਹਾ ਹਰ ਇੱਕ ਨਾਲ ਨਹੀਂ ਹੋਣਾ ਚਾਹੀਦਾ। ਜਦੋਂ ਡੋਪ ਟੈਸਟ ਦੀ ਸਾਰੀ ਪ੍ਰਕਿਰਿਆ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਵਿਚ ਹੁੰਦੀ ਹੈ ਅਤੇ ਡੋਪ ਟੈਸਟ ਦਾ ਸੈਂਪਲ ਦੇਣ ਵਾਲੇ ਦੀ ਤਲਾਸ਼ੀ ਤਕ ਹੁੰਦੀ ਹੈ, ਤਾਂ ਬਾਥਰੂਮ ਵਿਚ ਨਾਲ ਜਾਣਾ ਸਹੀ ਨਹੀਂ। ਉਨ੍ਹਾਂ ਕਿਹਾ ਕਿ ਅਜਿਹੇ ਵਿਚ ਕਈ ਧਾਰਮਿਕ ਸ਼ਖਸੀਅਤਾਂ ਜਿਨ੍ਹਾਂ ਵਿਚ ਸੰਤ-ਮਹਾਪੁਰਸ਼ ਵੀ ਸਨ, ਦੇ ਨਾਲ ਬਾਥਰੂਮ ਵਿਚ ਡਾਕਟਰ ਅਤੇ ਇੱਕ ਹੋਰ ਮੁਲਾਜ਼ਮ ਦੇ ਨਾਲ ਜਾਣ ਦਾ ਮੁੱਦਾ ਕਾਫੀ ਗਰਮਾਇਆ ਹੋਇਆ ਹੈ। ਇਸ ਤੋਂ ਪਹਿਲਾਂ ਕਿ ਜਗਰਾਓਂ ਸਿਵਲ ਹਸਪਤਾਲ ਦਾ ਇਹ ਨਿਯਮ ਕਿਸੇ ਵਿਵਾਦ ਦਾ ਰੂਪ ਧਾਰਨ ਕਰੇ, ਇਸ ਦੇ ਲਈ ਐੱਸਐੱਮਓ ਆਪਣੀ ਅਗਵਾਈ ਹੇਠ ਸਾਰਥਿਕ ਹੱਲ ਲੱਭਣ। ਉਨ੍ਹਾਂ ਐੱਸਐੱਮਓ ਡਾ. ਗੁਰਵਿੰਦਰ ਕੌਰ ਨੂੰ ਇਸ ’ਤੇ ਤੁਰੰਤ ਕੰਮ ਕਰਨ ਲਈ ਕਿਹਾ।