ਤਿੰਨ ਵੱਖ-ਵੱਖ ਮਾਮਲਿਆਂ ਵਿੱਚ ਨਾਬਾਲਿਗ ਲੜਕੀਆਂ ਹੋਈਆਂ ਲਾਪਤਾ
ਤਿੰਨ ਵੱਖ-ਵੱਖ ਮਾਮਲਿਆਂ ਵਿੱਚ ਨਾਬਾਲਿਗ ਲੜਕੀਆਂ ਹੋਈਆਂ ਲਾਪਤਾ
Publish Date: Sat, 06 Dec 2025 08:26 PM (IST)
Updated Date: Sat, 06 Dec 2025 08:27 PM (IST)

ਮੁਲਜ਼ਮਾਂ ਖਿਲਾਫ ਪਰਚਾ ਦਰਜ ਕਰਕੇ ਪੁਲਿਸ ਨੇ ਸ਼ੁਰੂ ਕੀਤੀ ਪੜਤਾਲ ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਮਹਾਨਗਰ ਦੇ ਤਿੰਨ ਵੱਖ ਵੱਖ ਮਾਮਲਿਆਂ ਵਿੱਚ ਤਿੰਨ ਨਾਬਾਲਿਗ ਲੜਕੀਆਂ ਸ਼ੱਕੀ ਹਾਲਾਤ ਵਿੱਚ ਲਾਪਤਾ ਹੋ ਗਈਆਂ। ਲਾਪਤਾ ਹੋਈਆਂ ਨਾਬਾਲਿਗ ਲੜਕੀਆਂ ਵਿੱਚੋਂ ਦੋ ਸਹੇਲੀਆਂ ਇੱਕੋ ਸਮੇਂ ਤੇ ਗਾਇਬ ਹੋਈਆਂ। ਪਹਿਲਾ ਮਾਮਲਾ ਥਾਣਾ ਬਸਤੀ ਜੋਧੇਵਾਲ ਅਧੀਨ ਦਰਜ ਹੋਇਆ ਜਿੱਥੇ ਨਿਊ ਕੁਲਦੀਪ ਨਗਰ ਰਾਹੋਂ ਰੋਡ ਦੇ ਰਹਿਣ ਵਾਲੇ ਪਰਿਵਾਰ ਦੀ ਨਾਬਾਲਿਗ ਲੜਕੀ ਅਤੇ ਉਸ ਦੀ ਸਹੇਲੀ ਸ਼ੱਕੀ ਹਾਲਾਤ ਵਿੱਚ ਲਾਪਤਾ ਹੋ ਗਈਆਂ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਥਾਣਾ ਬਸਤੀ ਜੋਧੇਵਾਲ ਪੁਲਿਸ ਨੇ ਲਾਪਤਾ ਹੋਈ ਨਾਬਾਲਿਗ ਲੜਕੀ ਦੇ ਪਿਤਾ ਦੇ ਬਿਆਨ ਉੱਪਰ ਮੁਲਜ਼ਮ ਖਿਲਾਫ ਪਰਚਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਦੀ ਕਰੀਬ 17 ਸਾਲ ਦੀ ਨਾਬਾਲਿਗ ਲੜਕੀ ਸ਼ੱਕੀ ਹਾਲਾਤ ਵਿੱਚ ਲਾਪਤਾ ਹੋ ਗਈ। ਜਦੋਂ ਉਨ੍ਹਾਂ ਆਪਣੇ ਪੱਧਰ ਤੇ ਲੜਕੀ ਦੀ ਭਾਲ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਉਸ ਦੀ ਬੇਟੀ ਦੀ ਇੱਕ ਹੋਰ ਸਹੇਲੀ ਵੀ ਘਰੋਂ ਲਾਪਤਾ ਸੀ। ਸ਼ਿਕਾਇਤ ਕਰਤਾ ਮੁਤਾਬਕ ਉਸ ਦੀ ਧੀ ਅਤੇ ਧੀ ਦੀ ਸਹੇਲੀ ਰੋਜ ਦੀ ਤਰ੍ਹਾਂ ਸਕੂਲ ਗਈਆਂ ਸਨ, ਪਰ ਛੁੱਟੀ ਹੋਣ ਤੇ ਘਰ ਵਾਪਸ ਨਹੀਂ ਆਈਆਂ। ਜਦੋਂ ਦੋਨਾਂ ਪਰਿਵਾਰਾਂ ਨੇ ਆਪਣੇ ਪੱਧਰ ਤੇ ਭਾਲ ਕਰਨੀ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਮੁਦਈ ਦੀ ਲੜਕੀ ਨੂੰ ਮੁਲਜ਼ਮ ਵਰਿੰਦਰ ਕੁਮਾਰ ਅਤੇ ਉਸ ਦੀ ਸਹੇਲੀ ਨੂੰ ਰਾਘਵ ਕੁਮਾਰ ਨਾਮ ਦਾ ਲੜਕਾ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਏ ਹਨ। ਸ਼ਿਕਾਇਤ ਕਰਤਾ ਮੁਤਾਬਕ ਨਾਬਾਲਿਗ ਲੜਕੀਆਂ ਨੂੰ ਅਗਵਾਹ ਕਰਨ ਵਾਲੇ ਦੋਨੋਂ ਮੁਲਜ਼ਮ ਵੀ ਉਨ੍ਹਾਂ ਦੇ ਮੁਹੱਲੇ ਦੇ ਹੀ ਰਹਿਣ ਵਾਲੇ ਹਨ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਮੁਤਾਬਕ ਲਾਪਤਾ ਹੋਈਆਂ ਨਾਬਾਲਿਗ ਲੜਕੀਆਂ ਸਬੰਧੀ ਸੁਰਾਗ ਇਕੱਠੇ ਕਰਕੇ ਦੋਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਅਜਿਹੇ ਹੀ ਇੱਕ ਹੋਰ ਮਾਮਲੇ ਵਿੱਚ ਥਾਣਾ ਹੈਬੋਵਾਲ ਅਧੀਨ ਗੋਪਾਲ ਨਗਰ ਦੇ ਰਹਿਣ ਵਾਲੇ ਪਰਿਵਾਰ ਦੀ ਕਰੀਬ 15 ਸਾਲ ਦੀ ਨਾਬਾਲਿਗ ਲੜਕੀ ਸ਼ੱਕੀ ਹਾਲਾਤ ਵਿੱਚ ਲਾਪਤਾ ਹੋ ਗਈ। ਲਾਪਤਾ ਹੋਈ ਨਾਬਾਲਿਗਾ ਦੇ ਪਿਤਾ ਮੁਤਾਬਕ 1 ਦਸੰਬਰ ਨੂੰ ਦੁਪਹਿਰ ਕਰੀਬ ਢਾਈ ਵਜੇ ਉਸ ਦੀ ਨਾਬਾਲਿਗ ਲੜਕੀ ਬਿਨ੍ਹਾਂ ਕਿਸੇ ਨੂੰ ਦੱਸੇ ਘਰੋਂ ਚਲੀ ਗਈ, ਉਨ੍ਹਾਂ ਆਪਣੇ ਪੱਧਰ ਤੇ ਕਾਫੀ ਭਾਲ ਕੀਤੀ, ਪਰ ਲੜਕੀ ਬਾਰੇ ਕੋਈ ਸੁਰਾਗ ਹੱਥ ਨਾ ਲੱਗਾ। ਉਨ੍ਹਾਂ ਪੁਲਿਸ ਕੋਲ ਖਦਸ਼ਾ ਜਾਹਰ ਕੀਤਾ ਕਿ ਕਿਸੇ ਨੇ ਉਸ ਦੀ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦਿੱਤਾ ਅਤੇ ਵਰਗਲਾ ਕੇ ਆਪਣੇ ਨਾਲ ਲੈ ਗਿਆ ਹੈ।