ਮਹਿਲਾ ਦੋਸਤ ਨਾਲ ਮਿਲ ਕੇ ਆਪਣੇ ਹੀ ਘਰ ਚੋਂ ਕੀਤੀ ਲੱਖਾਂ ਰੁਪਏ ਦੀ ਨਕਦੀ ਚੋਰੀ
ਮਹਿਲਾ ਦੋਸਤ ਨਾਲ ਮਿਲ ਕੇ ਆਪਣੇ ਹੀ ਘਰ ਚੋਂ ਕੀਤੀ ਲੱਖਾਂ ਰੁਪਏ ਦੀ ਨਕਦੀ ਚੋਰੀ
Publish Date: Wed, 24 Dec 2025 09:31 PM (IST)
Updated Date: Wed, 24 Dec 2025 09:34 PM (IST)

ਭਾਰੀ ਮਾਤਰਾ ਵਿੱਚ ਸੋਨੇ ਦੇ ਗਹਿਣਿਆਂ ਤੇ ਵੀ ਕੀਤਾ ਹੱਥ ਸਾਫ ਐਨਆਰਆਈ ਬਜ਼ੁਰਗ ਔਰਤ ਦੀ ਸ਼ਿਕਾਇਤ ਤੇ ਉਸ ਦੇ ਬੇਟੇ ਅਤੇ ਮੁਟਿਆਰ ਦੋਸਤ ਦੇ ਖਿਲਾਫ ਕੇਸ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਮਹਿਲਾ ਦੋਸਤ ਨਾਲ ਆਪਣੇ ਹੀ ਘਰ ਅੰਦਰ ਦਾਖਲ ਹੋਏ ਨੌਜਵਾਨ ਨੇ 5 ਲੱਖ ਰੁਪਏ ਦੀ ਨਗਦੀ ਅਤੇ ਭਾਰੀ ਮਾਤਰਾ ਵਿੱਚ ਸੋਨੇ ਦੇ ਗਹਿਣੇ ਚੋਰੀ ਕਰ ਲਏ। ਇਸ ਕੇਸ ਵਿੱਚ ਥਾਣਾ ਪੀਏਯੂ ਦੀ ਪੁਲਿਸ ਨੇ ਬਜ਼ੁਰਗ ਐਨਆਰਆਈ ਮਹਿਲਾ ਦੀ ਸ਼ਿਕਾਇਤ ਤੇ ਉਸ ਦੇ ਪੁੱਤਰ ਕਾਰਪੋਰੇਸ਼ਨ ਕਲੋਨੀ ਦੇ ਵਾਸੀ ਦੁਪਿੰਦਰ ਸਿੰਘ ਅਤੇ ਦਪਿੰਦਰ ਸਿੰਘ ਦੀ ਮਹਿਲਾ ਦੋਸਤ ਫੁੱਲਾਂਵਾਲ ਦੀ ਰਹਿਣ ਵਾਲੀ ਪ੍ਰਭਜੋਤ ਕੌਰ ਦੇ ਖਿਲਾਫ ਚੋਰੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਏਐਸਆਈ ਲਖਬੀਰ ਸਿੰਘ ਨੇ ਦੱਸਿਆ ਕਿ ਕਾਰਪੋਰੇਸ਼ਨ ਕਲੋਨੀ ਦੀ ਵਾਸੀ ਚਰਨਜੀਤ ਕੌਰ ਅਮਰੀਕਾ ਦੀ ਵਸਨੀਕ ਹੈ। ਕੁਝ ਦਿਨ ਪਹਿਲਾਂ ਉਹ ਅਮਰੀਕਾ ਤੋਂ ਭਾਰਤ ਪਰਤੀ ਅਤੇ ਜਿਵੇਂ ਹੀ ਘਰ ਆਈ ਤਾਂ ਉਸ ਨੂੰ ਇੱਕ ਪ੍ਰਵਾਸੀ ਨੌਜਵਾਨ ਨੇ ਘਰ ਦੀਆਂ ਚਾਬੀਆਂ ਦਿੱਤੀਆਂ। ਉਸ ਨੇ ਆਖਿਆ ਕਿ ਉਨ੍ਹਾਂ ਦੇ ਬੇਟੇ ਦੁਪਿੰਦਰ ਸਿੰਘ ਅਤੇ ਪ੍ਰਭਜੋਤ ਕੌਰ ਨੇ ਉਨ੍ਹਾਂ ਨੂੰ ਚਾਬੀਆਂ ਦੇਣ ਲਈ ਆਖਿਆ ਹੈ। ਘਰ ਅੰਦਰ ਦਾਖਲ ਹੋਈ ਔਰਤ ਨੇ ਜਦ ਜਾਂਚ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਘਰ ਵਿੱਚ ਪਈ 5 ਲੱਖ ਰੁਪਏ ਦੀ ਨਕਦੀ, ਸੋਨੇ ਦੀਆਂ ਦੋ ਵਾਲੀਆਂ, ਦੋ ਚੂੜੀਆਂ, ਇੱਕ ਮੁੰਦਰੀ, ਇੱਕ ਚੇਨ, ਕੜਾ ਅਤੇ ਕੱਪੜਿਆਂ ਨਾਲ ਭਰਿਆ ਅਟੈਚੀ ਗਾਇਬ ਸੀ। ਔਰਤ ਨੇ ਦੱਸਿਆ ਕਿ ਘਰ ਦਾ ਰਸੋਈ ਦਾ ਜਰੂਰੀ ਸਮਾਨ ਵੀ ਚੋਰੀ ਹੋ ਚੁੱਕਾ ਸੀ। ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਸ ਦਾ ਬੇਟਾ ਦੁਪਿੰਦਰ ਸਿੰਘ ਫੁੱਲਾਂਵਾਲ ਦੀ ਰਹਿਣ ਵਾਲੀ ਪ੍ਰਭਜੋਤ ਕੌਰ ਨਾਲ ਫੁੱਲਾਂਵਾਲ ਵਿੱਚ ਰਹਿ ਰਿਹਾ ਹੈ। ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਦੁਪਿੰਦਰ ਸਿੰਘ ਅਤੇ ਪ੍ਰਭਜੋਤ ਕੌਰ ਨੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਧਰ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਲਖਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਚਰਨਜੀਤ ਕੌਰ ਦੀ ਸ਼ਿਕਾਇਤ ਤੇ ਉਸ ਦੇ ਬੇਟੇ ਦੁਪਿੰਦਰ ਸਿੰਘ ਅਤੇ ਪ੍ਰਭਜੋਤ ਕੌਰ ਦੇ ਖਿਲਾਫ ਚੋਰੀ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।