ਨਸ਼ਾ ਤੇ ਨਾਜਾਇਜ਼ ਸ਼ਰਾਬ ਸਮੇਤ ਅੱਠ ਕਾਬੂ
ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਪੁਲਿਸ ਦੀ ਵੱਡੀ ਕਾਰਵਾਈ, ਨਸ਼ਾ ਤੇ ਨਾਜਾਇਜ਼ ਸ਼ਰਾਬ ਸਮੇਤ 8 ਕਾਬੂ
Publish Date: Wed, 28 Jan 2026 09:23 PM (IST)
Updated Date: Thu, 29 Jan 2026 04:16 AM (IST)

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਸ਼ਹਿਰ ਵਿੱਚ ਨਸ਼ੇ ਤੇ ਨਾਜਾਇਜ਼ ਸ਼ਰਾਬ ਖਿਲਾਫ ਚੱਲ ਰਹੀ ਮੁਹਿੰਮ ਤਹਿਤ ਪੁਲਿਸ ਨੇ ਵੱਖ-ਵੱਖ ਥਾਣਾ ਖੇਤਰਾਂ ਤੋਂ ਕੁੱਲ 8 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਵੱਲੋਂ ਸਾਰੇ ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ-2 ਦੀ ਪੁਲਿਸ ਨੇ ਜਾਂਚ ਅਫਸਰ ਜਸਪਾਲ ਸਿੰਘ ਦੀ ਅਗਵਾਈ ਹੇਠ ਲੇਬਰ ਕਾਲੋਨੀ ਇਲਾਕੇ ਤੋਂ ਵਿੱਕੀ ਰਾਜ ਨੂੰ ਨਸ਼ਾ ਕਰਦੇ ਹੋਏ ਕਾਬੂ ਕੀਤਾ। ਇਸੇ ਤਰ੍ਹਾਂ ਥਾਣਾ-3 ਦੀ ਪੁਲਿਸ ਨੇ ਜਾਂਚ ਅਫਸਰ ਸੁਲੱਖਨ ਸਿੰਘ ਦੀ ਅਗਵਾਈ ’ਚ ਕਸ਼ਮੀਰ ਨਗਰ ਨੇੜੇ ਸ਼ਮਸ਼ਾਨ ਘਾਟ ਇਲਾਕੇ ਤੋਂ ਸ਼ਿਵਮ ਨੂੰ ਨਸ਼ੇ ਦੀ ਹਾਲਤ ’ਚ ਫੜਿਆ। ਥਾਣਾ ਡੇਹਲੋਂ ਦੀ ਪੁਲਿਸ ਨੇ ਜਾਂਚ ਅਫਸਰ ਗੰਮਦੂਰ ਸਿੰਘ ਦੀ ਅਗਵਾਈ ਹੇਠ ਡੇਹਲੋਂ ਪਿੰਡ ਤੋਂ ਅਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ 6 ਬੋਤਲ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਥਾਣਾ ਸਾਹਨੇਵਾਲ ਦੀ ਪੁਲਿਸ ਨੇ ਜਾਂਚ ਅਫਸਰ ਰਣਧੀਰ ਸਿੰਘ ਦੀ ਅਗਵਾਈ ’ਚ ਮਜਾਰਾ ਰੋਡ ਇਲਾਕੇ ਤੋਂ ਮਨਜੀਤ ਸਿੰਘ ਨੂੰ ਕਾਬੂ ਕਰ ਕੇ ਉਸ ਦੇ ਪਾਸੋਂ ਲਗਭਗ 5 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ ਥਾਣਾ-6 ਦੀ ਪੁਲਿਸ ਨੇ ਜਾਂਚ ਅਫਸਰ ਜਸਵੰਤ ਸਿੰਘ ਦੀ ਅਗਵਾਈ ਹੇਠ ਮਿਲਰ ਗੰਜ ਨੇੜੇ ਦਸਹਿਰਾ ਗ੍ਰਾਊਂਡ ਇਲਾਕੇ ਤੋਂ ਮੋਹਨੀ ਅਤੇ ਜਸਵੰਤ ਨਾਮਕ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 52 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਥਾਣਾ ਪੀਏਯੂ ਦੀ ਪੁਲਿਸ ਨੇ ਜਾਂਚ ਅਫਸਰ ਲਖਵਿੰਦਰ ਸਿੰਘ ਦੀ ਅਗਵਾਈ ’ਚ ਪਾਲੀਟੈਕਨੀਕਲ ਕਾਲਜ ਗੇਟ ਨੇੜੇ ਤੋਂ ਸ਼ੁਭਮ ਕੁਮਾਰ ਨੂੰ ਨਸ਼ਾ ਕਰਦੇ ਹੋਏ ਕਾਬੂ ਕੀਤਾ। ਇਸੇ ਤਰ੍ਹਾਂ ਥਾਣਾ-5 ਦੀ ਪੁਲਿਸ ਨੇ ਜਾਂਚ ਅਫਸਰ ਯਸ਼ਪਾਲ ਦੀ ਅਗਵਾਈ ਵਿੱਚ ਮਨਜੀਤ ਸਿੰਘ ਨੂੰ ਨਸ਼ਾ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ।