ਵੋਟਰ ਸੂਚੀ ’ਚ ਵੱਡੀ ਖ਼ਾਮੀ, ਇੱਕੋ ਘਰ ’ਚ 232 ਵਿਅਕਤੀਆਂ ਦੀਆਂ ਵੋਟਾਂ; ਚਰਚਾਵਾਂ ਤੇਜ਼
ਨਗਰ ਕੌਂਸਲ ਖੰਨਾ ਦੇ ਸਾਬਕਾ ਪ੍ਰਧਾਨ ਵਿਕਾਸ ਮਹਿਤਾ, ਜੋ ਵਾਰਡ ਨੰਬਰ 30 ਤੋਂ ਕਾਂਗਰਸ ਦੇ ਉਮੀਦਵਾਰ ਵੀ ਹਨ, ਨੇ ਇਸ ਸਬੰਧੀ ਐੱਸਡੀਐੱਮ ਕਮ ਚੋਣ ਅਧਿਕਾਰੀ ਸਵਾਤੀ ਟਿਵਾਣਾ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ’ਚ ਚੋਣ ਕਮਿਸ਼ਨ ਵੱਲੋਂ ਵਾਰਡ ਨੰਬਰ 30 ਲਈ ਜਾਰੀ ਕੀਤੀ ਗਈ ਵੋਟਰ ਸੂਚੀ ਵਿੱਚ ਬੇਨਿਯਮੀਆਂ ਦਾ ਦੋਸ਼ ਲਗਾਇਆ ਗਿਆ ਹੈ।
Publish Date: Sat, 09 May 2026 11:41 AM (IST)
Updated Date: Sat, 09 May 2026 11:44 AM (IST)
ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ : ਖੰਨਾ : ਚੋਣ ਕਮਿਸ਼ਨ ਵੱਲੋਂ ਖੰਨਾ ਦੇ ਵਾਰਡ ਨੰਬਰ 30 ਲਈ ਜਾਰੀ ਕੀਤੀ ਗਈ ਵੋਟਰ ਸੂਚੀ ’ਚ ਵੱਡੀ ਖ਼ਾਮੀ ਸਾਹਮਣੇ ਆਈ ਹੈ। ਵੋਟਰ ਸੂਚੀ ’ਚ ਚੋਣ ਕਮਿਸ਼ਨ ਨੇ ਕਮਾਲ ਦਿਖਾਉਂਦੇ ਹੋਏ ਇੱਕੋ ਘਰ ’ਚ 232 ਵਿਅਕਤੀਆਂ ਦੀਆਂ ਵੋਟਾਂ ਬਣਾ ਦਿੱਤੀਆਂ ਹਨ। ਜਿਸ ਨੂੰ ਲੈ ਕੇ ਸ਼ਹਿਰ ’ਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ।
ਨਗਰ ਕੌਂਸਲ ਖੰਨਾ ਦੇ ਸਾਬਕਾ ਪ੍ਰਧਾਨ ਵਿਕਾਸ ਮਹਿਤਾ, ਜੋ ਵਾਰਡ ਨੰਬਰ 30 ਤੋਂ ਕਾਂਗਰਸ ਦੇ ਉਮੀਦਵਾਰ ਵੀ ਹਨ, ਨੇ ਇਸ ਸਬੰਧੀ ਐੱਸਡੀਐੱਮ ਕਮ ਚੋਣ ਅਧਿਕਾਰੀ ਸਵਾਤੀ ਟਿਵਾਣਾ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ’ਚ ਚੋਣ ਕਮਿਸ਼ਨ ਵੱਲੋਂ ਵਾਰਡ ਨੰਬਰ 30 ਲਈ ਜਾਰੀ ਕੀਤੀ ਗਈ ਵੋਟਰ ਸੂਚੀ ਵਿੱਚ ਬੇਨਿਯਮੀਆਂ ਦਾ ਦੋਸ਼ ਲਗਾਇਆ ਗਿਆ ਹੈ। ਮਹਿਤਾ ਦੇ ਅਨੁਸਾਰ ਜਾਰੀ ਕੀਤੀ ਗਈ ਸੂਚੀ ’ਚ ਵਾਰਡ ਨੰਬਰ 30 ਦੇ ਘਰ ਨੰਬਰ 559 ’ਚ 232 ਲੋਕਾਂ ਨੂੰ ਆਪਣੀਆਂ ਵੋਟਾਂ ਦਰਜ ਕਰਵਾਈਆਂ ਗਈਆਂ ਹਨ। ਨਵੀਂ ਸੂਚੀ ’ਚ ਬੂਥ ਨੰਬਰ 114 ’ਚ 232 ਲੋਕਾਂ ਨੂੰ 673 ਤੋਂ 906 ਤੱਕ ਦੇ ਨੰਬਰਾਂ ’ਚ ਰਜਿਸਟਰ ਕੀਤਾ ਗਿਆ ਹੈ। ਮਹਿਤਾ ਨੇ ਕਿਹਾ 232 ਲੋਕਾਂ ਲਈ ਇੱਕੋ ਘਰ ’ਚ ਰਹਿਣਾ ਅਸੰਭਵ ਹੈ, ਜਿਸ ਨਾਲ ਵੋਟਰ ਸੂਚੀ 'ਤੇ ਸਵਾਲ ਖੜ੍ਹੇ ਹੁੰਦੇ ਹਨ। ਇਹ ਵੋਟਾਂ ’ਚ ਜਿੱਤਣ ਦੇ ਗ਼ਲਤ ਹੱਥਕੰਢੇ ਆਪਣਾਏ ਜਾ ਰਹੇ ਹਨ।
ਐੱਸਡੀਐੱਮ ਨੂੰ ਆਪਣੀ ਸ਼ਿਕਾਇਤ ’ਚ ਸਾਬਕਾ ਨਗਰ ਕੌਂਸਲ ਪ੍ਰਧਾਨ ਵਿਕਾਸ ਮਹਿਤਾ ਨੇ ਕਿਹਾ ਕਿ ਵਾਰਡ ਨੰਬਰ 30 ਦੇ ਬੂਥ ਨੰਬਰ 114 'ਤੇ ਇੱਕੋ ਘਰ ’ਚ ਜਿਨ੍ਹਾਂ 232 ਲੋਕਾਂ ਦੀਆਂ ਵੋਟਾਂ ਦਿਖਾਈਆਂ ਗਈਆਂ ਹਨ, ਉਹ ਬੂਥ ਨੰਬਰ 114 ਦੇ ਇਲਾਕੇ ’ਚ ਨਹੀਂ ਰਹਿੰਦੇ। 232 ਲੋਕਾਂ ਦੀ ਉਮਰ ਵੀ ਇੱਕੋ ਜਿਹੀ ਹੈ। ਮਹਿਤਾ ਨੇ ਕਿਹਾ ਕਿ ਨਵੀਂ ਵੋਟਰ ਸੂਚੀ ’ਚ ਗੈਰ-ਕਾਨੂੰਨੀ ਨਾਮਾਂਕਣ ਸਨ, ਜੋ ਕਿ ਕਾਨੂੰਨ ਅਤੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੇ ਵਿਰੁੱਧ ਹੈ। ਮਹਿਤਾ ਨੇ ਸ਼ਿਕਾਇਤ ਦਰਜ ਕਰਵਾ ਕੇ ਮੰਗ ਕੀਤੀ ਕਿ ਵੋਟਰ ਸੂਚੀ ਨੂੰ ਤੁਰੰਤ ਰੱਦ ਕੀਤਾ ਦਿੱਤਾ ਜਾਵੇ। ਵੋਟਝਰ ਸੂਚੀ ’ਚ ਸੋਧ ਕਰਕੇ ਇੱਕ ਨਵੀਂ ਸੂਚੀ ਜਾਰੀ ਕੀਤੀ ਜਾਵੇ। ਸਬ ਡਵੀਜ਼ਨਲ ਮੈਜਿਸਟ੍ਰੇਟ ਸਵਾਤੀ ਟਿਵਾਣਾ ਨੇ ਕਿਹਾ ਕਿ ਸੂਚੀ ਇੱਕ ਤਕਨੀਕੀ ਗ਼ਲਤੀ ਜਾਪਦੀ ਹੈ ਅਤੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।