'ਆਪ੍ਰੇਸ਼ਨ ਪ੍ਰਹਾਰ' ਤਹਿਤ ਨਸ਼ਾ ਤੇ ਅਸਲਾ ਤਸਕਰਾਂ ’ਤੇ ਵੱਡੀ ਕਾਰਵਾਈ, 36 ਘੰਟੇ, 172 ਮੁਲਜ਼ਮ ਕਾਬੂ
'ਆਪ੍ਰੇਸ਼ਨ ਪ੍ਰਹਾਰ' ਤਹਿਤ ਨਸ਼ਾ ਅਤੇ ਅਸਲਾ ਤਸਕਰਾਂ ’ਤੇ ਵੱਡੀ ਕਾਰਵਾਈ, 36 ਘੰਟੇ, 172 ਮੁਲਜ਼ਮ ਕਾਬੂ
Publish Date: Wed, 21 Jan 2026 08:44 PM (IST)
Updated Date: Thu, 22 Jan 2026 04:13 AM (IST)

ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : ਆਪ੍ਰੇਸ਼ਨ ਪ੍ਰਹਾਰ ਤਹਿਤ ਪੁਲਿਸ ਜ਼ਿਲ੍ਹਾ ਖੰਨਾ ਨੇ ਨਸ਼ਾ ਤੇ ਅਸਲਾ ਤਸਕਰਾਂ ’ਤੇ ਵੱਡੀ ਕਾਰਵਾਈ ਕਰਨ ਦਾ ਦਾਅਵਾ ਕੀਤਾ ਗਿਆ ਹੈ, ਜਿਸ ਤਹਿਤ ਪਿਛਲੇ 36 ਘੰਟਿਆਂ ਦੌਰਾਨ ਅਜਿਹਾ ਜ਼ਬਰਦਸਤ ਐਕਸ਼ਨ ਨੂੰ ਇੱਕ ਮਿਸਾਲ ਬਣ ਗਿਆ ਹੈ। ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ’ਚ ਖੰਨਾ ਪੁਲਿਸ ਨੇ ਗੈਂਗਸਟਰਾਂ, ਨਸ਼ਾ ਤਸਕਰਾਂ, ਭਗੌੜਿਆਂ ਅਤੇ ਸੰਗਠਿਤ ਅਪਰਾਧ ਨਾਲ ਜੁੜੇ ਤੱਤਾਂ ‘ਤੇ ਕਰਾਰਾ ਵਾਰ ਕਰਦਿਆਂ ਪਿਛਲੇ 36 ਘੰਟਿਆਂ ਦੌਰਾਨ ਕੁੱਲ 172 ਅਪਰਾਧੀਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ’ਚ ਖ਼ਤਰਨਾਕ ਗੈਂਗਸਟਰ ਅਤੇ ਉਨ੍ਹਾਂ ਦੇ ਸਾਥੀ ਵੀ ਸ਼ਾਮਲ ਹਨ। ਵੱਡੀ ਗਿਣਤੀ ਵਿੱਚ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਸਪੱਸ਼ਟ ਸੰਦੇਸ਼ ਦਿੱਤਾ ਗਿਆ ਹੈ ਕਿ ਹੁਣ ਖੰਨਾ ਦੀ ਧਰਤੀ ‘ਤੇ ਅਪਰਾਧ ਅਤੇ ਅਪਰਾਧੀਆਂ ਲਈ ਕੋਈ ਥਾਂ ਨਹੀਂ। ਕਈ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਦਕਿ ਕਈਆਂ ਨੂੰ ਕਾਨੂੰਨ ਦੇ ਤਹਿਤ ਹਿਰਾਸਤ ’ਚ ਰੱਖਿਆ ਗਿਆ। ਇਸ ਤੋਂ ਇਲਾਵਾ ਛੇ ਭਗੋੜੇ ਅਪਰਾਧੀ ਵੀ ਪੁਲਿਸ ਦੀ ਪਕੜ ’ਚ ਆਏ, ਜੋ ਲੰਮੇ ਸਮੇਂ ਤੋਂ ਕਾਨੂੰਨ ਤੋਂ ਬਚਦੇ ਫਿਰ ਰਹੇ ਸਨ। ਇਸ ਮੁਹਿੰਮ ਦੌਰਾਨ ਬੀਤੇ ਦਿਨ ਪੁਲਸ ਦੀ ਦਲੇਰੀ ਵਾਲਾ ਮਾਮਲਾ ਵੀ ਦੇਖਣ ਨੂੰ ਮਿਲਿਆ। ਗੈਂਗਸਟਰ ਵੱਲੋਂ ਕੀਤੀ ਗਈ ਫਾਇਰਿੰਗ ਦੌਰਾਨ ਇੱਕ ਗੋਲੀ ਐੱਸਐੱਚਓ ਆਕਾਸ਼ ਦੱਤ ਦੀ ਬੁਲੇਟ ਪ੍ਰੂਫ਼ ਜੈਕਟ ‘ਤੇ ਲੱਗੀ, ਜਿਸ ਨਾਲ ਵੱਡਾ ਜਾਨੀ ਨੁਕਸਾਨ ਟਲ ਗਿਆ। ਪੁਲਿਸ ਵੱਲੋਂ ਆਪਣੀ ਜਾਨ ਦੀ ਰੱਖਿਆ ਕਰਦਿਆਂ ਕੀਤੀ ਗਈ ਜਵਾਬੀ ਕਾਰਵਾਈ ’ਚ ਗੈਂਗਸਟਰ ਦੀ ਲੱਤ ‘ਚ ਗੋਲੀ ਲੱਗੀ ਅਤੇ ਉਸਨੂੰ ਕਾਬੂ ਕਰ ਲਿਆ ਗਿਆ। ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਇਸ ਦੇ ਨਾਲ ਆਪ੍ਰੇਸ਼ਨ ਪ੍ਰਹਾਰ ਤਹਿਤ ਭਾਰੀ ਮਾਤਰਾ ’ਚ ਹੈਰੋਇਨ, ਨਾਜਾਇਜ਼ ਪਿਸਤੌਲ, ਜ਼ਿੰਦਾ ਕਾਰਤੂਸ, ਨਸ਼ੇ ਦੀ ਕਮਾਈ ਦੀ ਰਕਮ ਅਤੇ ਗੈਰਕਾਨੂੰਨੀ ਸ਼ਰਾਬ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ ਹੀ ਅਪਰਾਧ ’ਚ ਵਰਤੀਆਂ ਗਈਆਂ ਕਾਰਾਂ ਵੀ ਪੁਲਿਸ ਨੇ ਕਬਜ਼ੇ ’ਚ ਲੈ ਕੇ ਅਪਰਾਧੀ ਨੈਟਵਰਕ ਨੂੰ ਕਮਜ਼ੋਰ ਕੀਤਾ ਹੈ। ਇਸ ਮੁਹਿੰਮ ਦੀ ਸਭ ਤੋਂ ਵੱਡੀ ਕਾਮਯਾਬੀ ਲੁਧਿਆਣਾ ਸੈਂਟਰਲ ਜੇਲ੍ਹ ਵਿੱਚੋਂ ਚੱਲ ਰਹੇ ਨਸ਼ਾ ਤਸਕਰੀ ਦੇ ਗੰਭੀਰ ਮੋਡੀਊਲ ਦਾ ਪਰਦਾਫਾਸ਼ ਕੀਤਾ ਹੈ। ਚਾਰ ਕਿਲੋ ਹੈਰੋਇਨ ਦੇ ਕੇਸ ਨਾਲ ਜੁੜੀਆਂ ਬੈਕਵਰਡ ਅਤੇ ਫਾਰਵਰਡ ਲਿੰਕੇਜ ਖੰਗਾਲ ਕੇ, ਤਕਨੀਕੀ ਸਬੂਤ ਇਕੱਠੇ ਕਰਕੇ, ਜੇਲ੍ਹ ਦੇ ਅੰਦਰੋਂ ਚੱਲ ਰਹੇ ਨਸ਼ਾ ਰੈਕਟ ਨੂੰ ਬੇਨਕਾਬ ਕੀਤਾ ਗਿਆ। ਜੇਲ੍ਹ ਵਿੱਚੋਂ ਬਰਾਮਦ ਹੋਇਆ ਮੋਬਾਈਲ ਫ਼ੋਨ ਇਸ ਗੱਲ ਦਾ ਸਬੂਤ ਹੈ ਕਿ ਅਪਰਾਧੀ ਸਲਾਖਾਂ ਪਿੱਛੇ ਬੈਠ ਕੇ ਵੀ ਜੁਰਮ ਚਲਾ ਰਹੇ ਸਨ, ਜਿਸ ‘ਤੇ ਖੰਨਾ ਪੁਲਿਸ ਨੇ ਪੂਰੀ ਤਰ੍ਹਾਂ ਨਕੇਲ ਕੱਸੀ ਹੈ। ਇਸ ਤੋਂ ਇਲਾਵਾ ਖੰਨਾ ਪੁਲਿਸ ਨੇ ਲੁਧਿਆਣਾ ਵਿੱਚ ਹੋਏ ਕਿਡਨੈਪਿੰਗ ਕੇਸ ਅਤੇ ਖੰਨਾ ਦੇ ਇਰਾਦਾ ਕਤਲ ਕੇਸ ’ਚ ਲੋੜੀਂਦੇ ਮੁਲਜ਼ਮ ਨੂੰ ਵੀ ਗ੍ਰਿਫਤਾਰ ਕੀਤਾ। ਨਾਲ ਹੀ ਕਈ ਆਰਮਜ਼ ਐਕਟ ਕੇਸਾਂ ’ਚ ਨਾਮਜ਼ਦ ਅਤੇ ਜਗਰਾਉਂ ਵਿੱ’ ਯਾਦਵਿੰਦਰ ਸਿੰਘ ਉਰਫ਼ ਯਾਦੀ ਦੇ ਘਰ ‘ਤੇ ਪੈਟਰੋਲ ਬੰਬ ਅਤੇ ਫਾਇਰਿੰਗ ਹਮਲੇ ’ਚ ਸ਼ਾਮਲ ਮੁਲਜ਼ਮ ਨੂੰ ਵੀ ਕਾਬੂ ਕਰਕੇ ਸਫਲਤਾ ਹਾਸਲ ਕੀਤੀ ਹੈ। ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਪੁਲਿਸ ਵੱਲੋਂ ਕੀਤੀਆਂ ਰੇਡਾਂ, ਲਗਾਤਾਰ ਚੈਕਿੰਗ ਅਤੇ ਲੋਕਾਂ ਨਾਲ ਸਿੱਧਾ ਸੰਵਾਦ ਕਰਨ ਨਾਲ ਨਸ਼ਾ ਤਸਕਰਾਂ ’ਚ ਡਰ ਦੇ ਨਾਲ ਨਾਲ ਸੁਧਾਰ ਦੀ ਸੋਚ ਵੀ ਪੈਦਾ ਹੋਈ ਹੈ। ਖੰਨਾ ਪੁਲਸ ਨੇ ਸਿਰਫ਼ ਸਜ਼ਾ ਨਹੀਂ, ਸਗੋਂ ਸਮਾਜ ਸੁਧਾਰ ਦਾ ਰਾਹ ਵੀ ਦਿਖਾਇਆ ਹੈ। ਐੱਸਐੱਸਪੀ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖ ਕੇ ਪੜ੍ਹਾਈ ਵੱਲ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਪੁਲਸ ਦੀ ਮੱਦਦ ਨਾਲ ਹੀ ਸਮਾਜ ਨਸ਼ਾ ਮੁਕਤ ਬਣ ਸਕਦਾ ਹੈ। ਲੋਕਾਂ ਨੇ ਵੀ ਪੁਲਿਸ ਦੀ ਇਸ ਮੁਹਿੰਮ ਦੀ ਭਰਪੂਰ ਤਾਰੀਫ਼ ਕੀਤੀ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਮੀਟ ਮਾਰਕੀਟ ਵਿਖੇ ਪੁਲਿਸ ਕਾਰਵਾਈ ਦੌਰਾਨ ਪਹੁੰਚੇ ਕਾਂਗਰਸੀ ਆਗੂਆਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵਿਕਾਸ ਮਹਿਤਾ, ਜ਼ਿਲ੍ਹਾ ਯੂਥ ਪ੍ਰਧਾਨ ਅਮਿਤ ਤਿਵਾੜੀ, ਰਿਕੀ ਸ਼ਰਮਾ ਨੇ ਕਿਹਾ ਕਿ ਪੁਲਿਸ ਵੱਲੋਂ ਖੰਨਾ ’ਚ ਨਸ਼ਾ ਖ਼ਤਮ ਕਰਨ ਦੀ ਕਾਰਵਾਈ ਸਲਾਘਾਯੋਗ ਹੈ ਕਿ ਪਰ ਪੁਲਿਸ ਇਸ ਮਾਮਲੇ ’ਚ ਕਿਸੇ ਵਿਅਕਤੀ ਨੂੰ ਨਾਜਾਇਜ਼ ਨਾ ਫਸਾਵੇ। ਐੱਸਐੱਸਪੀ ਨੇ ਕਿਹਾ ਕਿ ਜੋ ਵਿਅਕਤੀ ਨਸ਼ੇ ਦਾ ਸੇਵਨ ਕਰਦਾ ਹੈ, ਅਸੀਂ ਉਸ ਨੂੰ ਦੋਸ਼ੀ ਨਹੀਂ ਸਗੋਂ ਮਰੀਜ਼ ਸਮਝ ਕੇ ਇਲਾਜ ਕਰਵਾ ਰਹੇ ਹਾਂ ਤਾਂ ਜੋ ਉਹ ਵਿਅਕਤੀ ਸਮਾਜ ਦੀ ਮੁੱਖਧਾਰਾ ’ਚ ਸ਼ਾਮਿਲ ਹੋ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਖ਼ਿਆਲ ਰੱਖੇ। ਖੰਨਾ ਪੁਲਿਸ ਵੱਲੋਂ ਹੁਣ ਤੱਕ 4000 ਤੋਂ ਜਿਆਦਾ ਨਸ਼ਾ ਕਰਨ ਵਾਲਿਆਂ ਦਾ ਇਲਾਜ ਕਰਵਾ ਰਹੀ ਹੈ। ਐੱਸਐੱਸਪੀ ਨੇ ਮੀਟ ਮਾਰਕੀਟ ਇਲਾਕੇ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਕੂਲਾਂ ’ਚ ਪੜ੍ਹਾਉਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਐੱਸਪੀ ਡੀ ਪਵਨਜੀਤ, ਡੀਐੱਸਪੀ ਵਿਨੋਦ ਕੁਮਾਰ, ਐੱਸਐੱਚਓ ਥਾਣਾ ਸਿਟੀ 2 ਹਰਦੀਪ ਸਿੰਘ ਸਮੇਤ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ।